For the best experience, open
https://m.punjabitribuneonline.com
on your mobile browser.
Advertisement

ਪੱਲੇਦਾਰਾਂ ਨੇ ਕੀਤੀ ਖੁਰਾਕ ਖਰੀਦ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ

06:31 AM Jul 03, 2024 IST
ਪੱਲੇਦਾਰਾਂ ਨੇ ਕੀਤੀ ਖੁਰਾਕ ਖਰੀਦ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ
ਪਟਿਆਲਾ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਪੱਲੇਦਾਰ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੁਲਾਈ
ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਕੋਲ ਪੱਲੇਦਾਰ ਮਜ਼ਦੂਰਾਂ ਦੀ ਚੱਲ ਰਹੀ ਹੜਤਾਲ ਦੇ ਸਮਰਥਨ ਵਿੱਚ ਅੱਜ ਪੱਲੇਦਾਰਾਂ ਨੇ ਹੜਤਾਲ ਕੀਤੀ ਅਤੇ ਖ਼ੁਰਾਕ ਖ਼ਰੀਦ ਏਜੰਸੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤਹਿਤ ਪਟਿਆਲਾ ਵਿੱਚ ਵੀ ਹੜਤਾਲ ਕੀਤੀ ਗਈ ਅਤੇ ਮੰਨੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਜਲੰਧਰ ਵਿੱਚ ਪ੍ਰਦਰਸ਼ਨ ਕਰਨ ਬਾਰੇ ਵੀ ਕਿਹਾ ਗਿਆ।
ਜ਼ਿਲ੍ਹਾ ਕਮੇਟੀ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਡਿੱਪੂ ਪਟਿਆਲਾ ਵਿੱਚ ਸੁਨੀਲ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਹੜਤਾਲ ਕੀਤੀ, ਜਿਸ ਵਿੱਚ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਮੋਹਨ ਸਿੰਘ ਮੰਜੋਲੀ ਨੇ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਵੱਲੋਂ ਇਸੇ ਸਾਲ 7 ਜਨਵਰੀ ਤੋਂ ਠੇਕੇਦਾਰੀ ਸਿਸਟਮ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨਜ਼ਦੀਕ ਪੱਕਾ ਧਰਨਾ ਲਗਾਇਆ ਹੋਇਆ ਹੈ ਕਿਉਂਕਿ ਫੂਡ ਸਪਲਾਈ ਵਿਭਾਗ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਨੇ 21 ਅਪਰੈਲ ਨੂੰ ਵਿਸ਼ਵਾਸ ਦਿਵਾਇਆ ਸੀ ਕਿ 30 ਜੁਲਾਈ ਤੱਕ ਫੂਡ ਏਜੰਸੀਆਂ ਦਾ ਕੰਮ ਪਹਿਲਾਂ ਵਾਂਗ ਹੀ ਕੀਤਾ ਜਾਵੇਗਾ ਤਾਂ ਕਿ ਪੰਜਾਬ ਦੀਆਂ ਪੱਲੇਦਾਰ ਮਜ਼ਦੂਰ ਯੂਨੀਅਨਾਂ ਨੂੰ ਸਿੱਧੇ ਤੌਰ ’ਤੇ ਕੰਮ ਦੇਣ ਦੀ ਪ੍ਰਵਾਨਗੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਲੈ ਕੇ ਸਿੱਧੀ ਪੇਮੈਂਟ ਕੀਤੀ ਜਾ ਸਕੇ ਪਰੰਤੂ ਬਾਅਦ ਵਿੱਚ 1 ਜੁਲਾਈ ਨੂੰ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਟਾਲ ਮਟੋਲ ਕੀਤਾ ਗਿਆ। ਇਸ ਦੇ ਰੋਸ ਵਜੋਂ ਪੰਜਾਬ ਦੀਆਂ 7 ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਕਿ ਫੂਡ ਏਜੰਸੀਆਂ ਦਾ ਅਣਮਿਥੇ ਸਮੇਂ ਲਈ ਕੰਮ ਬੰਦ ਕਰਨਗੀਆਂ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਵੀ ਫੂਡ ਏਜੰਸੀ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਜਲੰਧਰ ਵਿਖੇ ਜ਼ਿਮਨੀ ਚੋਣ ਵਿੱਚ ਪੱਲੇਦਾਰ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਲਵਕੁਸ਼, ਰਵੀ ਮਸੀਹ, ਰਾਜ ਕੁਮਾਰ, ਪ੍ਰੇਮ ਸਿੰਘ, ਰਾਜਵੀਰ ਸਿੰਘ, ਸੋਧ ਸਿੰਘ, ਦੇਵ ਸਿੰਘ ਦੇਵੀਗੜ੍ਹ, ਗੁਰਮੀਤ ਸਿੰਘ ਪਾਤੜਾਂ, ਸੰਦੀਪ ਸਿੰਘ ਸਮਾਣਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement