ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਾਰੇ ਦੁਲਚੀਪੁਰੀਏ ਦੀ ਦਰਦਨਾਕ ਦਾਸਤਾਨ

07:28 AM Mar 03, 2024 IST

ਪ੍ਰਿੰ. ਸਰਵਣ ਸਿੰਘ

Advertisement

ਦਾਰਾ ਸਿੰਘ ਨਾਂ ਦੇ ਦੋ ਭਲਵਾਨ ਹੋਏ ਹਨ। ਦੋਵਾਂ ’ਚੋਂ ਨਕਲੀ ਕੋਈ ਨਹੀਂ, ਦੋਵੇਂ ਅਸਲੀ ਸਨ। ਵੱਡਾ ਦਾਰਾ 1918 ’ਚ ਜੰਮਿਆ ਸੀ, ਛੋਟਾ 1928 ਵਿੱਚ। ਵੱਡਾ ਦੁਲਚੀਪੁਰ ਦਾ ਸੀ, ਛੋਟਾ ਧਰਮੂਚੱਕ ਦਾ। ਅੱਜ ਦਾਰੇ ਦੁਲਚੀਪੁਰੀਏ ਦੀ ਗੱਲ ਕਰਦੇ ਹਾਂ ਜਿਸ ਨੂੰ ਦਾਰਾ ਕਿੱਲਰ ਵੀ ਕਿਹਾ ਜਾਂਦਾ ਸੀ। ਦਾਰੇ ਧਰਮੂਚੱਕੀਏ ਦੀ ਗੱਲ ਕਦੇ ਫਿਰ ਕਰਾਂਗੇ ਜਿਸ ਨੇ ਟੀਵੀ ਲੜੀਵਾਰ ‘ਰਾਮਾਇਣ’ ਵਿੱਚ ਹਨੂੰਮਾਨ ਦਾ ਰੋਲ ਕੀਤਾ ਸੀ। ਦੋਵੇਂ ਦਾਰੇ ਵਿਸ਼ਵ ਚੈਂਪੀਅ ਕਿੰਗਕਾਂਗ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣੇ ਸਨ। ਉਦੋਂ ਦਾਰੇ ਦਾ ਭਾਰ 135 ਕਿਲੋ ਸੀ, ਕਿੰਗਕਾਂਗ ਦਾ 200 ਕਿਲੋ।
ਵੱਡਾ ਦਾਰਾ 1918 ’ਚ ਖਡੂਰ ਸਾਹਿਬ ਦੇ ਨੇੜਲੇ ਪਿੰਡ ਦੁਲਚੀਪੁਰ ’ਚ ਕਿਸਾਨ ਪਿਆਰਾ ਸਿੰਘ ਅਤੇ ਨਿਹਾਲ ਕੌਰ ਦੇ ਘਰ ਪੈਦਾ ਹੋਇਆ ਸੀ। ਉਹ ਛੇ ਭੈਣ ਭਰਾ ਸਨ। ਦਾਰਾ ਦਸ ਸਾਲ ਦਾ ਸੀ ਕਿ ਪਿਆਰਾ ਸਿੰਘ ਪਲੇਗ ਨਾਲ ਪਰਲੋਕ ਸਿਧਾਰ ਗਿਆ। ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਵੱਡੇ ਭਰਾ ਇੰਦਰ ਸਿੰਘ ਦੇ ਸਿਰ ਆਣ ਪਈ। ਇੰਦਰ ਭਲਵਾਨ ਬਣਨਾ ਚਾਹੁੰਦਾ ਸੀ ਪਰ ਉਸ ਦੀਆਂ ਰੀਝਾਂ ਮਨ ਵਿੱਚ ਹੀ ਦੱਬੀਆਂ ਰਹਿ ਗਈਆਂ।
ਦੁਲਚੀਪੁਰ ਉਸ ਇਲਾਕੇ ਦਾ ਪਿੰਡ ਹੈ ਜਿੱਥੇ ਪਹਿਲਵਾਨੀ ਦੀ ਪਰੰਪਰਾ ਬੜੀ ਪੁਰਾਣੀ ਹੈ। ਲਾਗੇ ਖਡੂਰ ਸਾਹਿਬ ਹੈ ਜਿੱਥੇ ਗੁਰੂ ਅੰਗਦ ਦੇਵ ਜੀ ਮੱਲਾਂ ਦੇ ਘੋਲ ਕਰਵਾਇਆ ਕਰਦੇ ਸਨ। ਉੱਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਸ਼ੁਭਾਇਮਾਨ ਹੈ। ਖਡੂਰ ਸਾਹਿਬ ਦੇ ਮੇਲੇ ਵਿੱਚ ਕੁਸ਼ਤੀਆਂ ਹੁੰਦੀਆਂ ਸਨ ਜਿੱਥੋਂ ਗੱਭਰੂਆਂ ਨੂੰ ਘੁਲਣ ਦੀ ਚੇਟਕ ਲੱਗਦੀ ਸੀ। ਦਾਰਾ ਸਿੰਘ ਨੂੰ ਵੀ ਉੱਥੋਂ ਹੀ ਘੁਲਣ ਦੀ ਚੇਟਕ ਲੱਗੀ ਸੀ।
ਦਾਰਾ ਚੌਦਾਂ ਪੰਦਰਾਂ ਸਾਲ ਦੀ ਉਮਰੇ ਹੀ ਆਪਣੇ ਨਾਲੋਂ ਵਡੇਰੇ ਜੁਆਨਾਂ ਨੂੰ ਢਾਹੁਣ ਲੱਗ ਪਿਆ ਸੀ। ਇੰਦਰ ਨੇ ਦਾਰੇ ਦੀ ਖੁਰਾਕ ਦਾ ਪ੍ਰਬੰਧ ਕਰ ਕੇ ਉਸ ਨੂੰ ਹੋਰ ਤਕੜਾ ਪਹਿਲਵਾਨ ਬਣਾਉਣ ਦਾ ਚਾਰਾ ਕੀਤਾ। ਪਿੰਡ ਦੇ ਸਿਆਣੇ ਬੰਦਿਆਂ ਨੇ ਉਸ ਨੂੰ ਸਲਾਹ ਦਿੱਤੀ, ‘ਇਸ ਨੂੰ ਕਿਸੇ ਚੰਗੇ ਪਹਿਲਵਾਨ ਦੇ ਅਖਾੜੇ ਵਿੱਚ ਛੱਡ ਜਿੱਥੇ ਇਹ ਵੱਡਾ ਪਹਿਲਵਾਨ ਬਣ ਸਕੇ’। ਕਿਸੇ ਨੇ ਦੱਸ ਪਾ ਦਿੱਤੀ ਕਿ ਇਹਨੂੰ ਲਾਹੌਰ ਦੇ ਪਹਿਲਵਾਨ ਸੱਜਣ ਸਿੰਘ ਦਾ ਪੱਠਾ ਬਣਾਓ।
ਇੰਦਰ ਸਿੰਘ ਘਿਓ ਦਾ ਪੀਪਾ, ਸਵਾ ਰੁਪਿਆ ਤੇ ਪੱਗ ਲੈ ਕੇ ਦਾਰੇ ਨੂੰ ਲਾਹੌਰ ਲੈ ਗਿਆ। ਉਸਤਾਦ ਸੱਜਣ ਸਿੰਘ ਨੂੰ ਪੱਗ ਤੇ ਸਵਾ ਰੁਪਿਆ ਮੱਥਾ ਟੇਕ ਕੇ ਗੁਰੂ ਧਾਰਨ ਕਰ ਲਿਆ। ਉੱਥੇ ਤਿੰਨ ਸਾਲ ਦਾਰੇ ਨੇ ਕੁਸ਼ਤੀਆਂ ਦੇ ਦਾਅ ਪੇਚ ਸਿੱਖੇ ਤੇ ਰਵਾਂ ਕੀਤੇ। ਲਾਹੌਰ ਉਹ ਅਮਾਮ ਬਖਸ਼ ਵਰਗੇ ਪਹਿਲਵਾਨਾਂ ਨੂੰ ਮਿਲਿਆ ਜਿੱਥੇ ਉਹਦੀ ਕੁਸ਼ਤੀ ਦੀਆਂ ਵੀ ਧੁੰਮਾਂ ਪੈਣ ਲੱਗੀਆਂ।
ਖੇਤੀਬਾੜੀ ’ਚ ਪਰਿਵਾਰ ਦਾ ਗੁਜ਼ਾਰਾ ਔਖਾ ਹੋਣ ਕਰਕੇ ਦਾਰੇ ਦੇ ਵੱਡੇ ਭਰਾ ਦਲੀਪ ਸਿੰਘ ਨੂੰ ਸਿੰਗਾਪੁਰ ਜਾਣਾ ਪੈ ਗਿਆ। ਉੱਥੇ ਉਸ ਨੇ ਡੇਅਰੀ ਫਾਰਮ ਚਲਾਇਆ ਤੇ ਦਾਰੇ ਨੂੰ ਵੀ ਆਪਣੇ ਕੋਲ ਬੁਲਾ ਲਿਆ। ਉਦੋਂ ਉਹਦੀ ਉਮਰ ਵੀਹ ਕੁ ਸਾਲਾਂ ਦੀ ਸੀ। ਉਨ੍ਹੀਂ ਦਿਨੀਂ ਮਲਾਇਆ, ਸਿੰਗਾਪੁਰ ਵਿੱਚ ਫਰੀ ਸਟਾਈਲ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜਿਨ੍ਹਾਂ ’ਚ ਦਾਰਾ ਵੀ ਭਾਗ ਲੈਣ ਲੱਗਾ। ਦੁੱਧ ਘਿਉ ਘਰ ਦੀ ਡੇਅਰੀ ਦਾ ਖੁੱਲ੍ਹਾ-ਡੁੱਲ੍ਹਾ ਹੋਣ ਕਰਕੇ ਉਹਦਾ ਜੁੱਸਾ ਪੂਰਾ ਭਰ ਗਿਆ ਤੇ ਉਹਦਾ ਕੱਦ ਛੇ ਫੁੱਟ ਗਿਆਰਾਂ ਇੰਚ ਉੱਚਾ ਹੋ ਗਿਆ। ਉੱਥੇ ਉਹ ਫਰੀ ਸਟਾਈਲ ਕੁਸ਼ਤੀਆਂ ਲੜਨੀਆਂ ਵੀ ਸਿੱਖ ਗਿਆ ਤੇ ਮਲਾਇਆ, ਸਿੰਗਾਪੁਰ ਦਾ ਚੈਂਪੀਅਨ ਬਣ ਗਿਆ।
17 ਜੁਲਾਈ 1936 ਨੂੰ ਮਲਾਇਆ ਪੁਲੀਸ ਵਿੱਚ ਭਰਤੀ ਹੋਣ ਲੱਗੀ ਤਾਂ ਨੌਕਰੀ ਲਈ ਲੋਕਾਂ ਨੂੰ ’ਕੱਠੇ ਹੋਏ ਵੇਖ ਕੇ ਉਹ ਵੀ ਲਾਈਨ ’ਚ ਜਾ ਲੱਗਾ। ਅੰਗਰੇਜ਼ ਅਫਸਰ ਉਹਦਾ ਕੱਦ ਮਿਣ ਕੇ ਹੈਰਾਨ ਰਹਿ ਗਿਆ। ਦਾਰਾ ਅਨਪੜ੍ਹ ਹੋਣ ਕਰਕੇ ਭਰਤੀ ਕਰਨ ਦੇ ਯੋਗ ਨਹੀਂ ਸੀ ਪਰ ਸੀ ਤਕੜਾ ਪਹਿਲਵਾਨ। ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾਂ ਭਰਤੀ ਕੀਤੇ ਛੇ ਪਹਿਲਵਾਨਾਂ ਨਾਲ ਉਸ ਨੂੰ ਘੁਲਣਾ ਪਵੇਗਾ। ਦਾਰੇ ਨੇ ਉਨ੍ਹਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀ। ਜਦੋਂ ਕੁਸ਼ਤੀਆਂ ਹੋਈਆਂ ਤਾਂ ਉਸ ਨੇ ਸਾਰੇ ਪਹਿਲਵਾਨ ਚਿੱਤ ਕਰ ਦਿੱਤੇ। ਅਫਸਰ ਨੇ ਉਸ ਨੂੰ ਸਿਪਾਹੀ ਭਰਤੀ ਕਰਨ ਦੀ ਥਾਂ ਇੱਕ ਦਰਜਾ ਤਰੱਕੀ ਦੇ ਕੇ ਲਾਂਸ ਕਾਰਪੋਰਲ ਭਰਤੀ ਕਰ ਲਿਆ। ਫਿਰ ਉਹ ਤਰੱਕੀ ਕਰ ਕੇ ਸਬ ਇੰਸਪੈਕਟਰ ਬਣ ਗਿਆ ਪਰ ਪੁਲੀਸ ਵਿੱਚ ਵੀ ਉਸ ਦਾ ਮੁੱਖ ਕੰਮ ਕੁਸ਼ਤੀਆਂ ਲੜਨਾ ਹੀ ਰਿਹਾ। ਲੋਕ ਟਿਕਟਾਂ ਲੈ ਕੇ ਕੁਸ਼ਤੀਆਂ ਵੇਖਦੇ ਜਿਸ ਨਾਲ ਉਸ ਨੂੰ ਕਮਾਈ ਵੀ ਚੋਖੀ ਹੁੰਦੀ। ਉੱਥੇ ਉਹ ਵਿਆਹਿਆ ਵੀ ਗਿਆ।
1939 ’ਚ ਦੂਜੀ ਆਲਮੀ ਜੰਗ ਲੱਗ ਗਈ। ਜਪਾਨੀ ਮਲਾਇਆ ਵੱਲ ਵਧਣ ਲੱਗੇ। ਮਲਾਇਆ ਦੀ ਪੁਲੀਸ ਨੂੰ ਵੀ ਅੰਗਰੇਜ਼ਾਂ ਨੇ ਜਪਾਨੀਆਂ ਵਿਰੁੱਧ ਲੜਨ ਦਾ ਹੁਕਮ ਦੇ ਦਿੱਤਾ। ਦਾਰਾ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਧੇ-ਰੁੱਧੇ ਨੂੰ ਮੋਰਚੇ ’ਚ ਜਾਣਾ ਪਿਆ। ਦੋ ਗੋਲੀਆਂ ਉਹਦੇ ਕੰਨ ਨੂੰ ਛੂੰਹਦੀਆਂ ਲੰਘੀਆਂ ਪਰ ਉਹ ਬਚ ਗਿਆ। 25 ਫਰਵਰੀ 1942 ਨੂੰ ਜਪਾਨੀਆਂ ਨੇ ਮਲਾਇਆ ’ਤੇ ਕਬਜ਼ਾ ਕਰ ਲਿਆ। ਉਹ ਜਪਾਨੀਆਂ ਦੇ ਕਾਬੂ ਆ ਗਿਆ। ਉਸ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਹਦਾ ਦਿਓ-ਕੱਦ ਜੁੱਸਾ ਵੇਖ ਕੇ ਤੇ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਅਤੇ ਆਪਣੀ ਫ਼ੌਜ ਵਿੱਚ ਨੌਕਰੀ ਦੇ ਦਿੱਤੀ। ਜਦੋਂ ਅੰਗਰੇਜ਼ ਮੁੜ ਮਲਾਇਆ ’ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ ’ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚਲਾਇਆ ਗਿਆ। ਦਾਰੇ ਨੇ ਜਪਾਨੀਆਂ ਦੀ ਕੋਈ ਮਦਦ ਨਹੀਂ ਸੀ ਕੀਤੀ ਜਿਸ ਕਰਕੇ ਉਹ ਮੁਕੱਦਮੇ ’ਚੋਂ ਬਰੀ ਹੋ ਗਿਆ।
ਜਦੋਂ ਕੁਸ਼ਤੀਆਂ ਵਿੱਚ ਦਾਰੇ ਦੀ ਗੁੱਡੀ ਸਿਖਰ ’ਤੇ ਸੀ ਤਾਂ ਸਿੰਗਾਪੁਰੋਂ ਪਿੰਡ ਪਰਤੇ ਉਹਦੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਤੇ ਇੰਦਰ ਸਿੰਘ ਦਾ ਹੱਥ ਵੱਢਿਆ ਗਿਆ। ਕਤਲ ਦਾ ਕਾਰਨ ਮਾਮੂਲੀ ਸੀ। ਲਾਗਲੇ ਪਿੰਡ ਘਸੀਟਪੁਰੇ ਕਿਸੇ ਕਿਸਾਨ ਦੇ ਖੇਤੋਂ ਤੋਰੀਏ ਦੀ ਭਰੀ ਚੋਰੀਓਂ ਵੱਢੀ ਗਈ ਸੀ। ਉਹ ਕਿਸਾਨ ਦੁਲਚੀਪੁਰੇ ਆਇਆ ਤਾਂ ਇੰਦਰ ਤੇ ਦਲੀਪ ਪਰ੍ਹੇ ’ਚ ਬੈਠੇ ਮਿਲ ਪਏ। ਉਨ੍ਹਾਂ ਨੂੰ ਲਾਂਭੇ ਲਿਜਾ ਕੇ ਗੱਲ ਕਰਨ ਦੀ ਥਾਂ ਕਿਸਾਨ ਉਨ੍ਹਾਂ ਨੂੰ ਪੁੱਛ ਬੈਠਾ, “ਤੁਹਾਂ ਮੇਰਾ ਤੋਰੀਆ ਤਾਂ ਨ੍ਹੀਂ ਵੱਢਿਆ?” ਪਰ੍ਹੇ ’ਚ ਚੋਰੀ ਦਾ ਇਲਜ਼ਾਮ ਸੁਣ ਕੇ ਇੰਦਰ ਤੇ ਦਲੀਪ ਨੂੰ ਅੱਗ ਲੱਗ ਗਈ ਤੇ ਉਨ੍ਹਾਂ ਆਖਿਆ, “ਮੂੰਹ ਸੰਭਾਲ ਕੇ ਬੋਲ ਓਏ। ਤੈਨੂੰ ਕੀਹਨੇ ਕਿਹਾ ਪਈ ਅਹੀਂ ਤੇਰਾ ਤੋਰੀਆ ਵੱਢਿਆ?” ਕਿਸਾਨ ਦੇ ਮੂੰਹੋਂ ਨਿਕਲ ਗਿਆ, “ਧਾਡੇ ਸਰਦਾਰੇ ਨੇ ਦੱਸਿਐ।”
ਸਰਦਾਰੇ ਨੇ ਇਹ ਬਿਲਕੁਲ ਨਹੀਂ ਸੀ ਕਿਹਾ। ਜੇਕਰ ਪੁੱਛ ਪੜਤਾਲ ਕਰਦੇ ਤਾਂ ਗੁੱਸਾ ਘਸੀਟਪੁਰੇ ਦੇ ਕਿਸਾਨ ’ਤੇ ਨਿਕਲਦਾ। ਪਰ ਕਹਾਣੀ ਉਲਟ ਪਾਸੇ ਤੁਰ ਪਈ ਜਿਸ ਨਾਲ ਕਤਲਾਂ ਦਾ ਮੁੱਢ ਬੱਝ ਗਿਆ। ਇੰਦਰ ਤੇ ਦਲੀਪ ਨੇ ਸਰਦਾਰਾ ਬੀਹੀ ਵਿੱਚ ਜਾ ਘੇਰਿਆ ਤੇ ਬਿਨਾਂ ਪੁੱਛੇ ਸੋਟੀਆਂ ਮਾਰ ਦਿੱਤੀਆਂ। ਇੱਥੋਂ ਉਨ੍ਹਾਂ ਦਾ ਆਪਸ ਵਿੱਚ ਵੈਰ ਪੈ ਗਿਆ। ਇੰਦਰ ਹੋਰਾਂ ਦਾ ਬਾਪ ਪਿਆਰਾ ਸਿੰਘ ਤੇ ਸਰਦਾਰੇ ਹੋਰਾਂ ਦਾ ਬਾਪ ਸਾਉਣ ਸਿੰਘ ਚਾਚੇ ਤਾਏ ਦੇ ਪੁੱਤਰ ਸਨ। ਇੱਕੋ ਬਾਬੇ ਦੀ ਔਲਾਦ। ਗੁਆਂਢੀ ਪਿੰਡ ਦੇ ਤੋਰੀਏ ਦੀ ਭਰੀ ਨੇ ਉਨ੍ਹਾਂ ਵਿੱਚ ਕਲੇਸ਼ ਖੜ੍ਹਾ ਕਰ ਦਿੱਤਾ। ਇੰਦਰ ਹੋਰਾਂ ਨੂੰ ਦਾਰੇ ਦੀ ਤਾਕਤ ਦਾ ਗ਼ੁਮਾਨ ਸੀ ਜਿਸ ਦਾ ਦੁਨੀਆ ’ਚ ਨਾਂ ਸੀ। ਅੱਗੋਂ ਸ਼ਰੀਕ ਵੀ ਤਿੰਨ ਭਰਾ ਸਨ, ਸਰਦਾਰਾ, ਗੁਰਮੁਖ ਤੇ ਬਾਵਾ। ਇੱਕ ਉਨ੍ਹਾਂ ਦਾ ਚਾਚਾ ਸੀ ਨਰੈਣ ਸਿੰਘ। ਨਰੈਣ ਸਿੰਘ ਨੇ ਇੱਕ ਦਿਨ ਕਿਹਾ ਕਿ ਇਨ੍ਹਾਂ ਨਾਲ ਹੁਣ ਸਿੱਝਣਾ ਈ ਪਊ। ਅਖ਼ੀਰ ਉਨ੍ਹਾਂ ਨੇ ਮਨ ’ਚ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ਕੱਢ ਹੀ ਦੇਣਾ ਚਾਹੀਦਾ ਹੈ। ਉਨ੍ਹਾਂ ਦਲੀਪ ਦਾ ਕਤਲ ਕਰ ਦਿੱਤਾ ਤੇ ਇੰਦਰ ਦਾ ਗੁੱਟ ਵੱਢਿਆ ਗਿਆ।
ਤੋਰੀਆ ਘਸੀਟਪੁਰੇ ਦਾ, ਵੱਢਣ ਵਾਲਾ ਪਤਾ ਨਹੀਂ ਕੌਣ ਸੀ? ਪਰ ਉਹਦੇ ’ਚ ਦੁਲਚੀਪੁਰੇ ਦਾ ਪਰਿਵਾਰ ਘਸੀਟਿਆ ਗਿਆ। ਦਾਰੇ ਨੂੰ ਭਰਾ ਦੇ ਕਤਲ ਦਾ ਪਤਾ ਲੱਗਾ ਤਾਂ ਉਹਦੇ ਅੰਦਰ ਬਦਲੇ ਦੀ ਅੱਗ ਭੜਕ ਉੱਠੀ। ਉਹ ਪਤਨੀ ਤੇ ਪੁੱਤਰ ਨੂੰ ਪਿੱਛੇ ਛੱਡ ਕਤਲ ਦਾ ਬਦਲਾ ਲੈਣ ਪਿੰਡ ਪਰਤ ਆਇਆ। 19 ਅਕਤੂਬਰ 1950 ਦੁਸਹਿਰੇ ਦਾ ਦਿਨ ਸੀ। ਦਾਰੇ ਧਰਮੂਚੱਕੀਏ ਦਾ ਚਾਚਾ ਨਿਰੰਜਣ ਸਿੰਘ ਦਾਰੇ ਦੁਲਚੀਪੁਰੀਏ ਦਾ ਸਿੰਗਾਪੁਰ ਤੋਂ ਹੀ ਬੇਲੀ ਸੀ। ਅਨੋਖ ਸਿੰਘ ਉਹਦੇ ਨਾਲ ਸੀ। ਉਨ੍ਹਾਂ ਸ਼ਰਾਬ ਪੀਤੀ ਤੇ ਹਥਿਆਰ ਲੈ ਕੇ ਘਰੋਂ ਨਿਕਲੇ। ਖੇਤੋਂ ਸਰਦਾਰਾ ਮੱਝਾਂ ਲੈ ਕੇ ਆ ਰਿਹਾ ਸੀ। ਪੱਠਿਆਂ ਦੀ ਭਰੀ ਉਹਦੇ ਸਿਰ ’ਤੇ ਸੀ। ਮੱਝਾਂ ਉਸ ਨੇ ਛੱਪੜ ’ਚ ਵਾੜ ਦਿੱਤੀਆਂ ਤੇ ਆਪ ਭਰੀ ਸੁੱਟਣ ਘਰ ਚਲਾ ਗਿਆ। ਮੱਝਾਂ ਛੱਪੜ ’ਚ ਵਾੜਨ ਤੋਂ ਦਾਰੇ ਹੋਰਾਂ ਲੱਖਣ ਲਾਇਆ ਕਿ ਉਹ ਮੱਝਾਂ ਕੱਢਣ ਵੀ ਆਵੇਗਾ। ਇਹੋ ਢੁੱਕਵਾਂ ਮੌਕਾ ਹੋਵੇਗਾ ਉਸ ਨੂੰ ਬੰਨੇ ਲਾਉਣ ਦਾ।
ਦਾਰੇ ਕੋਲ ਕੁਹਾੜੀ ਸੀ, ਇੰਦਰ ਕੋਲ ਕਿਰਪਾਨ ਅਤੇ ਨਿਰੰਜਣ ਤੇ ਅਨੋਖ ਸਿੰਘ ਕੋਲ ਬਰਛੀਆਂ ਸਨ। ਸਰਦਾਰਾ ਮੱਝਾਂ ਕੱਢਣ ਲਈ ਛੱਪੜ ਵਿੱਚ ਵੜਿਆ ਤਾਂ ਚਾਰਾਂ ਜਣਿਆਂ ਨੇ ਚਾਰੇ ਬਾਹੀਆਂ ਮੱਲ ਲਈਆਂ। ਲੋਕ ਛੱਤਾਂ ’ਤੇ ਖੜ੍ਹੇ ਸਨ। ਸੱਤ ਫੁੱਟੇ ਕੱਦ ਦਾ ਦਾਰਾ ਛੱਪੜ ’ਚ ਵੜਿਆ ਤੇ ਉਹਨੇ ਸਰਦਾਰੇ ਨੂੰ ਧੌਣੋਂ ਜਾ ਫੜਿਆ। ਭਾਊ ਦਲੀਪ ਦੇ ਬਦਲੇ ਦੀ ਗੱਲ ਜਤਾ ਕੇ ਦਾਰੇ ਨੇ ਕੁਹਾੜੀ ਨਾਲ ਉਹਦੇ ਸਿਰ ’ਤੇ ਵਾਰ ਕੀਤੇ। ਸਿਰ ’ਚੋਂ ਲਹੂ ਦੀਆਂ ਧਾਰਾਂ ਫੁੱਟ ਤੁਰੀਆਂ ਜਿਨ੍ਹਾਂ ਨਾਲ ਛੱਪੜ ਦਾ ਪਾਣੀ ਲਾਲ ਹੋ ਗਿਆ। ਆਖ਼ਰ ਸਰਦਾਰਾ ਤੜਫ਼ ਕੇ ਸਾਹ ਛੱਡ ਗਿਆ। ਫਿਰ ਦਾਰੇ ਨੇ ਆਪਣੇ ਪੈਰਾਂ ਨਾਲ ਹੀ ਸਰਦਾਰੇ ਨੂੰ ਛੱਪੜ ਦੀ ਗਾਰ ਵਿੱਚ ਦੱਬ ਦਿੱਤਾ।
19 ਅਕਤੂਬਰ 1950 ਨੂੰ ਹੋਏ ਕਤਲ ਦੀ ਸਜ਼ਾ 26 ਮਾਰਚ 1951 ਨੂੰ ਸੁਣਾਈ ਗਈ। ਦਾਰੇ ਨੂੰ ਫਾਂਸੀ ਤੇ ਇੰਦਰ ਸਿੰਘ ਨੂੰ ਉਮਰ ਕੈਦ ਹੋਈ। ਨਿਰੰਜਣ ਸਿੰਘ ਤੇ ਅਨੋਖ ਸਿੰਘ ਸ਼ੱਕ ਦੀ ਬਿਨਾਹ ’ਤੇ ਬਰੀ ਕਰ ਦਿੱਤੇ। ਹਾਈ ਕੋਰਟ ਵਿੱਚ ਅਪੀਲ ਹੋਈ ਤਾਂ ਫ਼ੈਸਲਾ ਹੋਣ ਤੱਕ ਫਾਂਸੀ ਰੁਕੀ ਰਹੀ। ਅਪੀਲ ਮਗਰੋਂ ਵੀ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਫਿਰ ਅਪੀਲ ਸੁਪਰੀਮ ਕੋਰਟ ਵਿੱਚ ਕੀਤੀ ਗਈ ਜਿਸ ਨਾਲ ਫਾਂਸੀ ਟੁੱਟ ਕੇ ਦਾਰੇ ਦੀ ਸਜ਼ਾ ਵੀਹ ਸਾਲ ਦੀ ਕੈਦ ਵਿੱਚ ਬਦਲ ਗਈ। ਉਹ ਫਿਰੋਜ਼ਪੁਰ ਜੇਲ੍ਹ ਵਿੱਚ ਕੈਦ ਕੱਟਣ ਲੱਗਾ ਜਿੱਥੇ ਰਿਲੀਫ ਫੰਡ ’ਕੱਠਾ ਕਰਨ ਲਈ ਉਸ ਨੂੰ ਨੁਮਾਇਸ਼ੀ ਕੁਸ਼ਤੀਆਂ ਵਿਖਾਉਣ ਲਿਜਾਇਆ ਜਾਣ ਲੱਗਾ। 1957 ’ਚ ਮੈਂ ਖ਼ੁਦ ਫਾਜ਼ਿਲਕਾ ਵਿਖੇ ਉਸ ਦੀ ਕੁਸ਼ਤੀ ਵੇਖੀ। ਰਿੰਗ ਕੋਲ ਉਸ ਦੀ ਹੱਥਕੜੀ ਖੋਲ੍ਹੀ ਗਈ ਤੇ ਕੁਸ਼ਤੀ ਪਿੱਛੋਂ ਮੁੜ ਜੜ ਲਈ ਗਈ ਸੀ। ਚਿੱਟੇ ਕੁੜਤੇ ਚਾਦਰੇ ਨਾਲ ਉਹ ਖਲਕਤ ਤੋਂ ਗਿੱਠ ਉੱਚਾ ਦਿਸਦਾ ਸੀ। ਸੋਨੀਪਤ ਨੇੜਲੇ ਪਿੰਡ ਭੱਟਗਾਓਂ ’ਚ ਹੋਏ ਦੰਗਲ ਨਾਲ ਉਹਦੀ ਤਕਦੀਰ ਬਦਲ ਗਈ। ਉੱਥੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਆਪਣੇ ਵਿਸ਼ੇਸ਼ ਮਹਿਮਾਨਾਂ ਨੂੰ ਦਾਰੇ ਦੀ ਕੁਸ਼ਤੀ ਵਿਖਾਉਣ ਲੈ ਗਏ। ਵਿਸ਼ੇਸ਼ ਮਹਿਮਾਨ ਸੋਵੀਅਤ ਰੂਸ ਦੇ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੇਵ ਸਨ। ਕੁਸ਼ਤੀ ਪਿੱਛੋਂ ਦਾਰੇ ਦੇ ਹੱਥਕੜੀ ਲਾਈ ਜਾਣ ਲੱਗੀ ਤਾਂ ਦਰਸ਼ਕਾਂ ਨੇ ਨਾਅਰੇ ਲਾ ਦਿੱਤੇ, “ਦਾਰੇ ਨੂੰ ਰਿਹਾਅ ਕਰੋ।”
ਰੂਸੀ ਮਹਿਮਾਨਾਂ ਨੇ ਦੁਭਾਸ਼ੀਏ ਨੂੰ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ? ਜਦੋਂ ਦੱਸਿਆ ਕਿ ਲੋਕ ਦਾਰੇ ਦੀ ਜੇਲ੍ਹ ’ਚੋਂ ਰਿਹਾਈ ਮੰਗਦੇ ਹਨ ਤਾਂ ਉਨ੍ਹਾਂ ਨੇ ਪੰਡਿਤ ਨਹਿਰੂ ਨਾਲ ਗੱਲ ਕੀਤੀ। ਨਹਿਰੂ ਨੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੂੰ ਕਹਿ ਕੇ ਮਹਿਮਾਨਾਂ ਲਈ ਦਾਰੇ ਦੀ ਕੁਸ਼ਤੀ ਦਾ ਪ੍ਰਬੰਧ ਕਰਵਾਇਆ ਸੀ। ਮਹਿਮਾਨਾਂ ਦੀ ਇੱਛਾ ਤੇ ਕੁਸ਼ਤੀਆਂ ਰਾਹੀਂ ਹਾਸਲ ਕੀਤੇ ਜਾ ਰਹੇ ਰਿਲੀਫ ਫੰਡ ਨੂੰ ਮੁੱਖ ਰੱਖਦਿਆਂ ਦਾਰੇ ਕਿੱਲਰ ਨੂੰ ਇੱਕ ਮਹੀਨੇ ਦੀ ਪੈਰੋਲ ’ਤੇ ਛੱਡ ਦਿੱਤਾ ਗਿਆ। ਫਿਰ ਉਸ ਤੋਂ ਰਹਿਮ ਦੀ ਅਪੀਲ ਕਰਵਾਈ ਗਈ ਜੋ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰ੍ਰਸ਼ਾਦ ਨੇ ਲੋੜੀਂਦੀ ਕਾਰਵਾਈ ਪਿੱਛੋਂ ਪ੍ਰਵਾਨ ਕਰ ਕੇ ਉਸ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਰਿਹਾਅ ਹੋ ਕੇ ਦਾਰਾ ਸਿੰਘ ਨੇ ਰਿਲੀਫ ਫੰਡ ’ਚੋਂ ਆਪਣਾ ਦੋ ਲੱਖ ਰੁਪਏ ਦਾ ਕੁਸ਼ਤੀ ਕਮਿਸ਼ਨ ਲੋੜਵੰਦ ਗ਼ਰੀਬਾਂ ਨੂੰ ਵੰਡ ਦਿੱਤਾ ਜਿਨ੍ਹਾਂ ਦੀਆਂ ਦੁਆਵਾਂ ਨਾਲ ਉਹ ਰਿਹਾਅ ਹੋਇਆ ਸੀ। ਜੇਲ੍ਹ ’ਚੋਂ ਰਿਹਾਅ ਹੋ ਕੇ ਦਾਰੇ ਨੇ ਫਿਰ ਕੁਝ ਸਮਾਂ ਕੁਸ਼ਤੀਆਂ ਲੜੀਆਂ ਅਤੇ ਫਿਲਮਾਂ ‘ਸੈਮਸਨ’ ਤੇ ‘ਖ਼ੂਨ ਕਾ ਬਦਲਾ ਖ਼ੂਨ’ ਵਿੱਚ ਕਿਰਦਾਰ ਨਿਭਾਇਆ ਜੋ ਨਾ ਉਸ ਨੂੰ ਪਸੰਦ ਆਇਆ ਤੇ ਨਾ ਦਰਸ਼ਕਾਂ ਨੂੰ। ਪਹਿਲੀ ਫਿਲਮ ਵਿੱਚ ਉਸ ਨੂੰ ਜਿੰਨ ਬਣ ਕੇ ਬੋਤਲ ’ਚ ਬੰਦ ਹੋਣਾ ਪਿਆ ਤੇ ਦੂਜੀ ਫਿਲਮ ਵਿੱਚ ਟਾਂਗੇ ਵਾਲਾ ਬਣਨਾ ਪਿਆ ਸੀ। ਉਹਦੇ ਸਾਥੀ ਭਲਵਾਨਾਂ ਨੂੰ ਇਹ ਰੋਲ ਚੰਗੇ ਨਹੀਂ ਲੱਗੇ ਜਿਸ ਕਰਕੇ ਉਨ੍ਹਾਂ ਨੇ ਕਿਹਾ, “ਏਡੇ ਵੱਡੇ ਭਲਵਾਨ ਨੂੰ ਇਹ ਕੁਝ ਕਰਨਾ ਨ੍ਹੀਂ ਸ਼ੋਭਦਾ। ਛੱਡ ਪਰ੍ਹਾਂ ਫਿਲਮਾਂ ਦਾ ਕੰਜਰਖਾਨਾ!” ਤੇ ਉਹ ਫਿਲਮਾਂ ਛੱਡ ਕੇ ਪਿੰਡ ਪਰਤ ਗਿਆ ਜਿੱਥੇ ਉਸ ਨੇ ਦੋ ਵਾਰ ਪਿੰਡ ਦੀ ਸਰਪੰਚੀ ਕੀਤੀ। ਚੰਗੇ ਕੰਮ ਵੀ ਕੀਤੇ, ਧੜੇਬੰਦੀ ’ਚ ਮਾੜੇ ਵੀ।
ਸੱਤਰ ਸਾਲ ਦੀ ਉਮਰ ’ਚ ਉਸ ਨੂੰ ਅਧਰੰਗ ਦੇ ਦੋ ਦੌਰੇ ਪਏ। ਸੱਜੀ ਬਾਂਹ ਸੁੰਨ ਹੋ ਗਈ ਤੇ ਸੱਜੀ ਲੱਤ ਵੀ ਹਿਲਣੋਂ ਰਹਿ ਗਈ। ਉਸ ਨੂੰ ਤਰਨ ਤਾਰਨ ਲਿਜਾਇਆ ਗਿਆ। ਡਾਕਟਰ ਨੇ ਇਲਾਜ ਤਾਂ ਸ਼ੁਰੂ ਕਰ ਦਿੱਤਾ ਪਰ ਉਹਦੇ ਬਚਣ ਦੀ ਬਹੁਤੀ ਆਸ ਨਹੀਂ ਸੀ। ਉਹ ਬੇਹੋਸ਼ ਸੀ। ਉਸ ਦੇ ਸਿਰਫ਼ ਸਾਹ ਚੱਲ ਰਹੇ ਸਨ। ਉਸ ਦੀ ਪਤਨੀ, ਪੁੱਤਰ ਤੇ ਪੋਤਰੇ ਸਿਰ੍ਹਾਣੇ ਬੈਠੇ ਸਨ। 25 ਜੁਲਾਈ 1988 ਨੂੰ ਅੰਮ੍ਰਿਤ ਵੇਲੇ ਉਸ ਨੇ ਆਖ਼ਰੀ ਸਾਹ ਲਿਆ। ਉਸ ਦੇ ਪਰਿਵਾਰ ਵਿੱਚ ਪਤਨੀ ਬਲਬੀਰ ਕੌਰ, ਪੁੱਤਰ ਹਰਬੰਸ ਸਿੰਘ ਤੇ ਦੋਵੇਂ ਪੋਤਰੇ ਸਨ। ਉਸ ਦਾ ਸਸਕਾਰ ਦੁਲਚੀਪੁਰ ਦੇ ਸਿਵਿਆਂ ’ਚ ਕੀਤਾ ਗਿਆ। ਸੱਤ ਫੁੱਟੇ ਦਾਰਾ ਸਿੰਘ ਦੀ ਯਾਦ ਵਿੱਚ ਉਹਦੇ ਖੇਤ ’ਚ ਸੱਤ ਫੁੱਟੀ ਸਮਾਧ ਬਣਾ ਦਿੱਤੀ ਗਈ ਪਰ ਰੁਸਤਮੇ ਜ਼ਮਾਂ ਪਹਿਲਵਾਨ ਦਾ ਜਹਾਨ ਤੋਂ ਚਲੇ ਜਾਣਾ ਅਖ਼ਬਾਰਾਂ ਦੀ ਖ਼ਬਰ ਨਾ ਬਣ ਸਕਿਆ। 2010 ਵਿੱਚ ਬਲਵੰਤ ਸਿੰਘ ਸੰਧੂ ਨੇ ਉਹਦੇ ਬਾਰੇ ਨਾਵਲ ਲਿਖਿਆ: ਗੁੰਮਨਾਮ ਚੈਂਪੀਅਨ!
ਈ-ਮੇਲ: principalsarwansingh@gmail.com

Advertisement
Advertisement