For the best experience, open
https://m.punjabitribuneonline.com
on your mobile browser.
Advertisement

ਚਰਖੇ ਦਾ ਦੁੱਖ ...

08:44 AM Apr 18, 2024 IST
ਚਰਖੇ ਦਾ ਦੁੱਖ
Advertisement

ਗਗਨਪ੍ਰੀਤ ਸੱਪਲ

Advertisement

ਮੇਰੇ ਕੋਲ ਕੋਈ ਆਵੇ ਨਾ,
ਚੁੱਕ ਮੈਨੂੰ ਹੁਣ ਕੋਈ ਡਾਹੇ ਨਾ।

Advertisement

ਤੱਕਲਾ ਵੀ ਪਿਆ ਕੁਰਲਾਵੇ ਵੇ,
ਮੁਟਿਆਰ ਨਾ ਮੈਨੂੰ ਕੋਈ ਚਾਹੇ ਵੇ।

ਨਾ ਤੰਦ ਪਾਉਂਦੀ ਨਾ ਗਲੋਟੇ ਲਾਹੇ ਵੇ,
ਚਰਖਾ ਦੁੱਖ ਆਪਣਾ ਕਿਸ ਨੂੰ ਸੁਣਾਵੇ ਵੇ?

ਚਰਖੇ ’ਤੇ ਲੱਗੀਆਂ ਮੇਖਾਂ ਜ਼ਰੀਆਂ ਵੇ,
ਬੁਣਦੀਆਂ ਨਾ ਹੁਣ ਕੋਈ ਦਰੀਆਂ ਵੇ,
ਹਾਸਾ ਠੱਠਾ ਕਰਦੀਆਂ ਕੁੜੀਆਂ ਸਾਰੀਆਂ ਵੇ,
ਵਿੱਚ ਵਿਦੇਸ਼ਾਂ ਮਾਰ ਗਈਆਂ ਉਡਾਰੀਆਂ ਵੇ।

ਚਰਖਾ ਵੀ ਕਰਦਾ ਵਿਰਲਾਪ ਵੇ,
ਪੱਛਮੀ ਸੱਭਿਅਤਾ ਦਾ ਫੈਲਿਆ ਸੰਤਾਪ ਵੇ।
ਚਰਖਾ ਆਖੇ ਭੁੱਲ ਨਾ ਮੈਨੂੰ ਜਾਇਓ ਵੇ
ਗਗਨ ਦੁੱਖ ਲਿਖ ਜੱਗ ਨੂੰ ਸੁਣਾਇਉ ਵੇ।
ਸੰਪਰਕ: 62801-57535
* * *

ਗਿਰਗਿਟ ਦਾ ਇਤਰਾਜ਼!

ਤਰਲੋਚਨ ਸਿੰਘ ‘ਦੁਪਾਲ ਪੁਰ’

ਪਹਿਲਾਂ ਖੜ੍ਹਨ ਸਟੇਜਾਂ ’ਤੇ ਹੱਥ ਫੜਕੇ
ਪਲਾਂ ਵਿੱਚ ਦਿਖਾਉਂਦੇ ਐ ਕੰਡ ਮੀਆਂ।

ਫ਼ਸਲ ਵੋਟਾਂ ਦੀ ਵੱਢਣ ਦੇ ਵਾਸਤੇ ਜੀ
ਲੋਕ ਸੇਵਾ ਦੇ ਕਰਨ ਪਖੰਡ ਮੀਆਂ।

ਕਰੇ ਕੋਈ ਵਿਸ਼ਵਾਸ ਕੀ ਇਨ੍ਹਾਂ ਉੱਤੇ
ਜਿਹੜੇ ਹਨ ਹੀ ਝੂਠ ਦੀ ਪੰਡ ਮੀਆਂ।

ਜਨਤਾ ਆਖਦੀ ਬਹੁਤ ਮਾਯੂਸ ਹੋ ਕੇ
ਕਿੱਦਾਂ ਮਿਲੂ ‘ਮੱਕਾਰਾਂ’ ਨੂੰ ਦੰਡ ਮੀਆਂ।

ਜ਼ਿੰਦਾਬਾਦ ਕਹਾਉਣ ਦੇ ਯੋਗ ਨਾਹੀਂ
ਹੋਣੀ ਚਾਹੀਦੀ ਇਨ੍ਹਾਂ ਦੀ ਝੰਡ ਮੀਆਂ।

ਗਿਰਗਿਟ ਸੋਚਦੀ ਦੇਖ ਕੇ ਪਲਟੂਆਂ ਨੂੰ
ਮੈਨੂੰ ਐਵੇਂ ਹੀ ਦਿੱਤਾ ਐ ਭੰਡ ਮੀਆਂ!
ਸੰਪਰਕ: 78146-92724
* * *

ਦਸਤੂਰ

ਰਜਵੰਤ ਕੌਰ ਚਨਾਰਥਲ

ਦੇਖ ਕੇ ਦੁਨੀਆ ਦਾ ਦਸਤੂਰ ਵੇ ਲੋਕੋ।
ਦਿਲ ਹੋ ਗਿਆ ਚਕਨਾਚੂਰ ਵੇ ਲੋਕੋ।

ਚਿੜੀਆਂ ਘੱਟ ਤੇ ਬਹੁਤੇ ਕਾਂ ਵੇ ਲੋਕੋ।
ਦੂਜੇ ਦੇ ਕੰਮ ’ਤੇ ਬਣਾਉਂਦੇ ਨਾਂ ਵੇ ਲੋਕੋ।

ਇੱਥੇ ਖੋਟੇ ਸਿੱਕੇ ਬੜੇ ਚੱਲਦੇ ਵੇਖੇ।
ਮਿਹਨਤਕਸ਼ ਤਾਂ ਹੱਥ ਮਲਦੇ ਵੇਖੇ।

ਇੱਥੇ ਅਸਲੀ ਘੱਟ ਤੇ ਦਿਖਾਵਾ ਬਹੁਤਾ।
ਮਿਹਨਤ ਘੱਟ ਤੇ ਮਨ ਪ੍ਰਚਾਵਾ ਬਹੁਤਾ।

ਹੁਣ ਉਪਰੋਂ ਸਿਰ ਦੇ ਲੰਘ ਗਿਆ ਪਾਣੀ।
‘ਚੱਲ ਚਿੜੀਏ ਮੈਂ ਆਇਆ’ ਵਾਲੀ ਕਹਾਣੀ।

ਕਰਨ ਚਲਾਕੀ ਬਾਜ਼ ਨਾ ਆਉਂਦੇ।
ਨਾਂ ਆਪਣੇ ਦੀ ਮੋਹਰ ਲਗਾਉਂਦੇ।

ਇੱਥੇ ਗਿੱਲਾ ਸੁੱਕੇ ਦੇ ਨਾਲ ਬਲਦਾ।
ਚੰਗੇ ਮਾੜੇ ਦਾ ਕੋਈ ਪਤਾ ਨਾ ਚਲਦਾ।

‘ਰਜਵੰਤ’ ਤੇਰਾ ਇੱਥੇ ਕੋਈ ਨਾ ਦਰਦੀ।
ਇਹੀ ਰੀਤ ਜੱਗ ਦੀ ਪਰੇਸ਼ਾਨ ਕਰਦੀ।
ਸੰਪਰਕ: 81465-51328
* * *

ਗ਼ਜ਼ਲ

ਜਸਵਿੰਦਰ ਸਿੰਘ ਰੁਪਾਲ

ਸੀਨੇ ਲਗਾ ਲੈ ਮੈਨੂੰ ਓ ਮੀਤ ਓ ਭਰਾਵਾ।
ਰੁੱਸੇ ਹੀ ਆ ਨਾ ਜਾਏ ਹੁਣ ਮੌਤ ਦਾ ਬੁਲਾਵਾ।

ਤੇਰਾ ਤਾਂ ਬਿਰਦ ਹੀ ਇਹ, ਟੁੱਟੇ ਵੀ ਜੋੜ ਦੇਵੇਂ,
ਮੈਨੂੰ ਜੇ ਹੋਸ਼ ਆਵੇ, ਪੜਵਾ ਲਵਾਂ ਬੇਦਾਵਾ।

ਬੱਚੇ ਦੇ ਹੱਥ ਤੀਲ੍ਹੀ ਜਿਸ ਨੇ ਸੀ ਖ਼ੁਦ ਫੜਾਈ,
ਭਾਂਬੜ ’ਤੇ ਰੋ ਦਿਖਾਵੇ, ਸ਼ਾਤਰ ਬੜਾ ਖਿਡਾਵਾ।

ਬੋਲਣ ਜ਼ੁਬਾਨੋਂ ਮਿੱਠਾ, ਪਿੱਛੋਂ ਚਲਾਵਣ ਖੰਜਰ,
ਜਿਨ੍ਹਾਂ ਦੇ ਸਾਥ ’ਤੇ ਮੈਂ, ਕੀਤਾ ਸਦਾ ਸੀ ਦਾਅਵਾ।

ਹੰਝੂ ਨਾ ਪੂੰਝ ਸਕਿਆ ਦੁਖੀਏ ‘ਰੁਪਾਲ’ ਦੇ ਤੂੰ
ਕਿਉਂ ਨੇਕ ਬਣਨ ਦਾ ਫਿਰ ਕਰਦਾ ਪਿਐਂ ਦਿਖਾਵਾ।
* * *

ਫ਼ੌਜਣ

ਮਨਜੀਤ ਸਿੰਘ ਬੱਧਣ

ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...
ਮਾਹੀ ਮੇਰਾ ਲਾਮ ’ਤੇ ਵਿਛੋੜੇ ਮੈਨੂੰ ਮਾਰਿਆ|

ਮਾਂ, ਬਾਬਲ, ਵੀਰੇ ਹੱਥੀਂ ਕਰੀਆਂ ਛਾਵਾਂ ਸੀ,
ਚਾਵਾਂ ਨਾਲ ਮੇਰੀਆਂ ਦਿੱਤੀਆਂ ਲਾਵਾਂ ਸੀ|
ਸੁਹਰੇ ਘਰ ਸਸੜੀ ਨੇ ਪਾਣੀ ਸੀ ਵਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਸ਼ਾਮੀਂ ਕੰਗਣਾ ਸਵੇਰੇ ਛਿਟੀਆਂ ਅਸੀਂ ਖੇਲੇ,
ਚੜ੍ਹੇ ਵਿਸਾਖ ਗਏ ਸੀ ਵਿਸਾਖੀ ਵਾਲੇ ਮੇਲੇ|
ਤੀਆਂ ਤੀਜ ਵਾਂਗ ਸਮਾਂ ਸੀ ਗੁਜ਼ਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਮਾਹੀ ਮੇਰਾ ਸਿਪਾਹੀ ਇਹ ਗੱਲ ਸੀ ਜਾਣਦੀ,
ਤੁਰ ਜਾਣਾ ਲਾਮ ਇਹ ਭੇਤ ਨਾ ਸੀ ਜਾਣਦੀ|
ਫ਼ੌਜੀ ਤੁਰ ਜਾਣ ਜਦ ਸਾਹਬ ਨੇ ਪੁਕਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਉੱਦਣ ਲੱਗੇ ਮੇਰਾ ਸਿਪਾਹੀ ਲਫਟੈਨ ਜਿਹਾ,
ਕੁਝ ਬੋਲ ਨਾ ਹੋਵੇ ਚਿੱਤ ਹੋਵੇ ਬੇਚੈਨ ਜਿਹਾ।
ਸਹੁਰੇ-ਜੇਠ ਦੀ ਸੰਗ ਨੇ ਬੋਲਣੋ ਨਕਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਉਹਦੀ ਰੇਲ ਵਾਲੀ ਕੂਕ ਕੰਨਾਂ ਵਿੱਚ ਗੂੰਜਦੀ,
ਰੁੜ੍ਹਿਆ ਕਜਲਾ ਹੱਥਾਂ ਵਾਲੀ ਮਹਿੰਦੀ ਪੂੰਝਦੀ|
ਭੁੱਲੀ ਮੈਂ ਭੁੱਖ ਪਿਆਸ ਨਾ ਖ਼ੁਦ ਨੂੰ ਸੰਵਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਵੰਗਾਂ ਲੈ ਲੋ ਵੰਗਾਂ, ਆਵਾਜ਼ ਗਲ਼ੀ ਵਿੱਚੋਂ ਆਈ,
ਨਾ ਲਿਆ ਮੈਂ ਦੰਦਾਸਾ ਕੋਈ ਵੰਗ ਨਾ ਚੜ੍ਹਾਈ।
ਫ਼ੌਜਣ ਦਾ ਫ਼ੌਜੀ ਘਰ ਆਊ ਆਵੀਂ ਵਣਜਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਭਾਵੇਂ ਨੱਕ-ਲੌਂਗ ਦੀ ਲਿਸ਼ਕਾਰ ’ਵਾਜਾਂ ਮਾਰਦੀ,
ਭਾਵੇਂ ਪੱਬ-ਪੰਜੇਬਾਂ ਦੀ ਛਣਕਾਰ ’ਵਾਜਾਂ ਮਾਰਦੀ।
ਲਾਮ ਵਿੱਚੇ ਛੱਡ ਕੇ ਨਾ ਆਵੀਂ ਤੂੰ ਸਹਾਰਿਆ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...

ਆ ਵੇਖ ਵੇ ਚੰਨਾ ਤੂੰ ਵੀ ਤੱਕ ਇੱਧਰ ਤਾਰਿਆ,
ਡਾਕੀਏ ਸੁਣਾਈ ਚਿੱਠੀ ਦਿਲ ਮੇਰਾ ਠਾਰਿਆ।
ਆ ਰਹੀਆਂ ਜੇਤੂ ਫ਼ੌਜਾਂ ਦੁਸ਼ਮਣ ਹੈ ਹਾਰਿਆ,
ਸੁਣ ਸੁਣ ਵੇ ਚੰਨਾ ਤੂੰ ਸੁਣ ਲੈ ਵੇ ਤਾਰਿਆ...

ਤੱਕ ਫ਼ੌਜਣ ਦਾ ਫ਼ੌਜੀ ਫ਼ੌਜਣ ਕੋਲ ਆ ਰਿਹਾ,
ਸੁਣ ਸੁਣ ਵੇ ਚੰਨਾ ਤੂੰ ਵੀ ਸੁਣ ਵੇ ਤਾਰਿਆ...
* * *

ਆਦਤ

ਹਰਮੀਤ ਸਿਵੀਆਂ

ਆਦਤ ਨਹੀਂ ਕਿਸੇ ਨੂੰ ਕੱਟਣ ਦੀ।
ਪਰ ਜ਼ਿੱਦ ਇੱਥੋਂ ਕੁਝ ਖੱਟਣ ਦੀ।

ਨਾ ਧੌਣ ’ਚ ਕਿੱਲਾ ਰੱਖਦੇ ਹਾਂ,
ਨਾ ਆਦਤ ਤਲਵੇ ਚੱਟਣ ਦੀ।

ਨਾ ਕਿਸੇ ਨੂੰ ਮੰਦੜੇ ਬੋਲ ਕਹੇ,
ਨਾ ਆਦਤ ਛੱਜ ਪਾ ਛੱਟਣ ਦੀ।

ਨਾ ਪੱਗ ਨੂੰ ਕਦੇ ਹੱਥ ਪਾਇਆ,
ਨਾ ਲੋੜ ਪਈ ਦਾੜ੍ਹੀ ਪੱਟਣ ਦੀ।

ਸਮਤਲ ਆਪਣੀ ਗੈਰਤ ਰੱਖੀ,
ਨਾ ਲੋੜ ਪਈ ਵੇਚਣ ਵੱਟਣ ਦੀ।

ਨਾ ਆਪਣੀ ਗੁੱਡੀ ਲਹਿਣ ਦੇਣੀ,
ਨਾ ਲੋੜ ਹੈ ਕਿਸੇ ਦੀ ਕੱਟਣ ਦੀ।

ਸਦਾ ਕਦਰ ਕਿਰਤ ਦੀ ਕਰੀਏ,
ਕਿਰਤੀ ਹੱਥਾਂ ਦੇ ਅੱਟਣ ਦੀ।

ਸਿਵੀਆਂ ਜਿੱਥੇ ਬਸ ਗਰਜ਼ਾਂ ਨੇ,
ਆਦਤ ਉੱਥੋਂ ਦੜ ਵੱਟਣ ਦੀ।
ਸੰਪਰਕ: 80547-57806
* * *

ਪਹਿਲਾਂ ਸੋਚ ਵਿਚਾਰ ਕਰੀਂ

ਹਰਦੀਪ ਬਿਰਦੀ

ਪਹਿਲਾਂ ਸੋਚ ਵਿਚਾਰ ਕਰੀਂ ਤੂੰ
ਫਿਰ ਬਣਦੀ ਤਕਰਾਰ ਕਰੀਂ ਤੂੰ।

ਦੱਸ ਕੇ ਭਾਵੇਂ ਸੀਨੇ ਖੰਜਰ ਮਾਰੀਂ
ਪਿੱਠ ’ਤੇ ਨਾ ਪਰ ਵਾਰ ਕਰੀਂ ਤੂੰ।

ਹਰ ਪਹਿਲੂ ਨੂੰ ਸੋਚੀਂ ਸਮਝੀਂ
ਫਿਰ ਜਾ ਕੇ ਇਤਬਾਰ ਕਰੀਂ ਤੂੰ।

ਉਹ ਜੋ ਅੱਜਕਲ੍ਹ ਛਾਪੇ ਗੱਪਾਂ
ਖ਼ੁਦ ਨੂੰ ਨਾ ਅਖ਼ਬਾਰ ਕਰੀਂ ਤੂੰ।

ਜਿੱਥੇ ਰਿਸ਼ਤੇ ਤੱਕ ਵਿਕਦੇ ਨੇ
ਖ਼ੁਦ ਨੂੰ ਨਾ ਬਾਜ਼ਾਰ ਕਰੀਂ ਤੂੰ।

ਧੌਣ ਉਡਾਉਣੀ ਜੇ ਨ੍ਹੇਰੇ ਦੀ
ਲਫ਼ਜ਼ਾਂ ਨੂੰ ਤਲਵਾਰ ਕਰੀਂ ਤੂੰ।

ਨਫ਼ਰਤ ਜਿਸ ਨਾਲ ਵਧਦੀ ਹੋਵੇ
ਐਸਾ ਨਾ ਪ੍ਰਚਾਰ ਕਰੀਂ ਤੂੰ।

ਜਿਸ ਤੋਂ ਸੱਚ ਵੀ ਕਹਿ ਨਾ ਹੋਵੇ
ਇੰਝ ਨਾ ਖ਼ੁਦੀ ਲਾਚਾਰ ਕਰੀਂ ਤੂੰ।
ਸੰਪਰਕ: 90416-00900
* * *

ਗ਼ਜ਼ਲ

ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ

ਮਨ ਦੀਆਂ ਬਾਤਾਂ ਕਿਹੜਾ ਇੱਥੇ ਪੜ੍ਹਦਾ ਏ?
ਜਿਹੜਾ ਕੁਝ ਨਹੀਂ ਕਹਿੰਦਾ, ਅੰਦਰੇ ਸੜਦਾ ਏ।

ਕਾਮਯਾਬ ਹੈ ਉਹੀ, ਸਹੇ ਮੁਸੀਬਤ ਜੋ
ਹੁੰਦਾ ਦੁੱਧ ਹੈ ਚੰਗਾ, ਜਿਹੜਾ ਕੜ੍ਹਦਾ ਏ।

ਲੋੜ ਵੇਲੇ ਨਾ ਬਹੁੜੇ, ਕਾਹਦਾ ਦਿਲਬਰ ਹੈ?

ਹੈ ਬੰਦਾ ਉਹੀ, ਔਖ ਵੇਲੇ ਜੋ ਖੜ੍ਹਦਾ ਏ।

ਕਿਸਮਤ ’ਤੇ ਨਾ ਰੱਖੀਂ ਟੇਕ ਤੂੰ ਭਲਿਆ ਵੇ
ਕਿਸਮਤ ਵਾਲਾ ਚੰਨ ਤਾਂ ਲਹਿੰਦਾ ਚੜ੍ਹਦਾ ਏ।

ਚੰਗਾ ਬੰਦਾ ਗ਼ਲਤੀ ਆਪਣੀ ਮੰਨ ਜਾਂਦੈ
ਹੁੰਦਾ ਏ ਜੋ ਮਾੜਾ, ਰਹਿੰਦਾ ਲੜਦਾ ਏ।
ਸੰਪਰਕ: 97816-46008
* * *

ਪਰਦੇਸੀ ਪਾੜੇ

ਕਮਲਜੀਤ ਕੌਰ ਗੁੰਮਟੀ

ਬਰਫ਼ ਹੈ, ਧੁੰਦ ਹੈ, ਕੋਹਰਾ ਹੈ
ਇੱਕ ਕਮਾਈ ,ਦੂਜਾ ਪੜ੍ਹਾਈ ਦਾ ਫ਼ਿਕਰ

ਕਾਲਜ ਤੋਂ ਮੁੜ ਕੇ ਕੰਮ ’ਤੇ ਭੱਜਣਾ
ਮੁੜ ਕਿਰਾਏ ਦੇ ਘਰ ਵਿੱਚ ਆਉਣਾ
ਤਾਂ ਰੋਟੀ ਟੁੱਕ ਦੇ ਹੀਲੇ ਦਾ ਫ਼ਿਕਰ

ਕਦੇ ਰਾਹਾਂ ਵਿੱਚ ਘੰਟੇ ਗੁਜ਼ਰਦੇ
ਅਥਾਹ ਪਈ ਬਰਫ਼ ਦਾ ਫ਼ਿਕਰ
ਜੇਬ ਵਿੱਚ ਪੈਸੇ ਮੁੱਕਣ ਦਾ ਫ਼ਿਕਰ

ਕਾਲਜ ਦੀ ਫੀਸ ਵੀ ਕੱਢਣੀ ਹੈ
ਘਰ ਦੇ ਕਿਰਾਏ ਦਾ ਫ਼ਿਕਰ

ਨਾ ਉਡੀਕ ਕਰਦੀ ਏ ਮਾਂ
ਨਾ ਕੋਈ ਸੁਣਵਾਈਆਂ ਇੱਥੇ
ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ
ਨਾ ਮਾਂ ਪਕਾਈਆਂ ਇੱਥੇ

ਛੱਡ ਬਾਪ ਦਾ ਮਹਿਲ ਮੁਨਾਰਾ
ਕਰਨ ਪੜ੍ਹਾਈਆਂ ਤੁਰੇ ਪਰਦੇਸਾਂ ਨੂੰ
ਬੜੇ ਬੇਫ਼ਿਕਰੇ ਹੁੰਦੇ ਸੀ
ਜਦ ਬਾਪੂ ਸਿਰ ਤੋਂ ਖਾਂਦੇ ਸੀ
ਮਾਂ ਬਾਪੂ ਰੱਜੇ ਨੂੰ ਹੋਰ ਰਜਾਂਦੇ ਸੀ

ਵਿੱਚ ਫ਼ਿਕਰਾਂ
ਮਾਪਿਆਂ ਦੀ ਜਿੰਦ ਡੋਲੇ ਖਾਵੇ

‘ਕਮਲ’ ਕਰੇ ਅਰਦਾਸਾਂ,
ਪਰਦੇਸੀ ਪਾੜ੍ਹਿਆਂ ਨੂੰ ਤੱਤੀ ਵਾਹ ਛੂਹ ਨਾ ਪਾਵੇ।
ਸੰਪਰਕ: 98769-26873
* * *

ਬੇਪਰਵਾਹੀਆਂ ਤੇਰੀਆਂ

ਪ੍ਰੋ. ਨਵ ਸੰਗੀਤ ਸਿੰਘ

ਕੈਸੀਆਂ ਬੇਪਰਵਾਹੀਆਂ ਤੇਰੀਆਂ, ਕੈਸੀਆਂ ਬੇਪਰਵਾਹੀਆਂ।
ਕਿਸੇ ਨੂੰ ਦੇਵੇਂ ਤਾਜ ਤਖ਼ਤ, ਤੇ ਕਿਸੇ ਨੂੰ ਟੰਗੇਂ ਫਾਹੀਆਂ।

ਸਾਰੀ ਦੁਨੀਆ ਤੇਰੇ ਵੱਸ ਹੈ, ਤੂੰ ਹੈਂ ਵੱਸੋਂ ਬਾਹਰ।
ਕਿਸੇ ਨੂੰ ਗੁਪਤ ਰਖੇਂਦਾ ਦਾਤਿਆ, ਕਿਸੇ ਨੂੰ ਕਰਦੈਂ ਜ਼ਾਹਰ।

ਤੇਰੇ ਭਾਣੇ ਵਿੱਚ ਸੂਰਜ ਚੰਦ ਨੇ, ਤੇਰੇ ਭਾਣੇ ਲੋਕਾਈ।
ਸੁਖੀ ਰਹਿੰਦਾ ਉਹ ਬੰਦਾ, ਜੋ ਚੱਲਦਾ ‘ਹੁਕਮ ਰਜਾਈ’।

ਭਉ ਤੇ ਭਾਉ ਰੱਖਦਾ ਜਿਹੜਾ, ਉਸੇ ਨੂੰ ਰੱਬ ਮਿਲਦਾ।
ਟੇਕ ਰੱਖੀਏ ਇੱਕੋ ’ਤੇ, ਉਸੇ ਦਾ ਹਿਰਦਾ ਖਿਲਦਾ।

ਦਿਲ ਨਾ ਕਿਸੇ ਦਾ ਤੋੜੋ, ਦਿਲ ਹੁੰਦਾ ਹੈ ਘਰ ਰੱਬ ਦਾ।
‘ਉਹੀ’ ਰੱਖੇ, ‘ਉਹੀ’ ਮਾਰੇ, ‘ਉਹ’ ਹੈ ਮਾਲਕ ਸਭ ਦ‍ਾ।
ਸੰਪਰਕ: 94176-92015
* * *

ਪਹਿਰੇਦਾਰ

ਕਰਨੈਲ ਅਟਵਾਲ

ਜਿਹੋ ਜਿਹੀ ਮਨੁੱਖ ਦੀ ਸੋਚ ਹੋਵੇ,
ਓਹੋ ਜਿਹਾ ਹੋ ਜਾਂਦਾ ਕਿਰਦਾਰ ਜੀ।

ਬੁੱਧ ਪ੍ਰਧਾਨ ਹੈ ਕਾਇਆ ਅੰਦਰ,
ਇਸ ’ਤੇ ਨਿਰਭਰ ਸਾਰਾ ਸੰਸਾਰ ਜੀ।

ਆਪਣੇ ਕਾਬੂ ’ਚ ਰੱਖੀਏ ਇਸ ਨੂੰ,
ਬਣਕੇ ਰਹੀਏ ਸਭ ਪਹਿਰੇਦਾਰ ਜੀ।

ਜਿਸ ਨੇ ਮਨ ਨੂੰ ਕਾਬੂ ਕਰ ਲਿਆ ਹੈ,
ਉਹ ਤਾਂ ਬਣ ਜਾਣਾ ਹੈ ਸਰਦਾਰ ਜੀ।

ਸਦਾ ਸੋਚ ਆਪਣੀ ਨੂੰ ਉੱਚੀ ਰੱਖੀਏ,
ਹੋ ਜਾਣਗੇ ਸਾਫ਼ ਤੇ ਸ਼ੁੱਧ ਵਿਚਾਰ ਜੀ।

ਫਿਰ ਦੇਹੀ ਹੋ ਜਾਵੇਗੀ ਕੰਚਨ ਵਰਗੀ,
ਆਉਣੀ ਜ਼ਿੰਦਗੀ ’ਚ ਖ਼ੂਬ ਬਹਾਰ ਜੀ।

‘ਅਟਵਾਲ’ ਤੂੰ ਵੀ ਕੁਝ ਸਮਝ ਕਰ ਲੈ,
ਵੇਖੀਂ ਹੋ ਨਾ ਜਾਵੀਂ ਕਿਤੇ ਲਾਚਾਰ ਜੀ।
ਸੰਪਰਕ: 75082-75052
* * *

ਦੋਹੇ

ਗੁਰਵਿੰਦਰ ਗੋਸਲ

ਖਾਂਦੇ ਮੇਰੇ ਦੇਸ਼ ਨੂੰ, ਅਫਸਰ ਰਿਸ਼ਵਤਖੋਰ।
ਲੁੱਟ ਖ਼ਜ਼ਾਨਾ ਲੈ ਗਏ, ਕੁਝ ਨੇਤਾ ਜੋ ਚੋਰ।

ਜਿੱਥੇ ਹੱਕਾਂ ਵਾਸਤੇ, ਰੁਲਦੇ ਨੇ ਕਿਰਸਾਨ।
ਫਿਰ ਵੀ ਲੋਕੀਂ ਆਖਦੇ, ਸਾਡਾ ਦੇਸ਼ ਮਹਾਨ।

ਮਿਲਦਾ ਨਹੀਂ ਗ਼ਰੀਬ ਦੇ, ਸੱਚ ਨੂੰ ਵੀ ਇਨਸਾਫ਼।
ਹੋਵਣ ਪੈਸੇ ਨਾਲ ਤਾਂ, ਕਤਲ ਕੇਸ ਵੀ ਮਾਫ਼।

ਸੋਚ ਸੋਚ ਭਰ ਜਾਵਦੀਂ, ਕਈ ਵਾਰ ਏ ਅੱਖ।
ਜਾਤ-ਪਾਤ ਤੇ ਧਰਮ ਨੇ, ਕਰ ’ਤਾ ਬੰਦਾ ਵੱਖ।

ਆਖਾਂ ਮੈਂ ਸਰਕਾਰ ਨੂੰ, ਪਾ ਚਿੱਟੇ ਨੂੰ ਠੱਲ।
ਸੁਣ ਮਾਵਾਂ ਦੇ ਕੀਰਨੇ, ਪੈਣ ਕਾਲਜੇ ਸੱਲ।

ਸਾਧ ਪਖੰਡੀ ਬਾਬਿਆਂ, ਲੁੱਟ ਲਏ ਨੇ ਲੋਕ।
ਕਾਮੇ ਭੁੱਖੇ ਮਰ ਰਹੇ, ਖਾਂਦੇ ਵਿਹਲੜ ਬੋਕ।

ਕਦੇ ਕਿਸੇ ਵੀ ਗੱਲ ਦਾ, ਨਹੀਂ ਕਰੀਦਾ ਵਹਿਮ।
‘ਗੋਸਲ’ ਗਊ ਗ਼ਰੀਬ ’ਤੇ, ਸਿੱਖ ਤੂੰ ਕਰਨਾ ਰਹਿਮ।
ਸੰਪਰਕ: 97796-96042

Advertisement
Author Image

joginder kumar

View all posts

Advertisement