ਆਰਗੈਨਿਕ ਉਤਪਾਦਾਂ ਦੀ ‘ਪਹਿਲ ਮੰਡੀ’ ਲੋਕਾਂ ਦੀ ਪਸੰਦ ਬਣੀ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ
ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ ਸ਼ੁਰੂ ਕਰਵਾਈ ਗਈ ‘ਪਹਿਲ ਮੰਡੀ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੰਡੀ ਵਿਚ ਆਰਗੈਕਿਨ ਵਸਤਾਂ ਲੈ ਕੇ ਆਮ ਲੋਕਾਂ ਦੇ ਨਾਲ ਨਾਲ ‘ਪਹਿਲ ਮੰਡੀ’ ਨਾਲ ਜੁੜੇ ਕਿਸਾਨ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਵੀ ਖੁਸ਼ ਹਨ। ਪਹਿਲ ਮੰਡੀ ਸੁਨਾਮ ਦੇ ਪ੍ਰਬੰਧਕ ਅਤੇ ਸਮਾਜਿਕ ਕਾਰਕੁਨ ਜਤਿੰਦਰ ਜੈਨ, ਜ਼ਿਲ੍ਹਾ ਪ੍ਰਧਾਨ ਡਾ. ਏਐਸ ਮਾਨ ਅਤੇ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਤੇ ਪ੍ਰਬੰਧਨ ਅਫ਼ਸਰ ਨੇ ਦੱਸਿਆ ਕਿ ਇਸ ਮੰਡੀ ਵਿੱਚ ਆਰਗੈਨਿਕ ਆਟਾ, ਮਸਾਲੇ, ਦਾਲਾਂ, ਸਬਜ਼ੀਆਂ, ਆਮਲਾ ਜੂਸ ਸਮੇਤ 15 ਤਰ੍ਹਾਂ ਦੇ ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫੀ ਤੇ ਰਸੋਈ ਲਈ ਲੋੜੀਂਦਾ ਆਰਗੈਨਿਕ ਸਮਾਨ ਉਪਲਬਧ ਹੈ। ਜੈਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਆਰਗੈਨਿਕ ਪਹਿਲ ਮੰਡੀਆਂ ਪੰਜਾਬ ਦੇ ਸਾਰੇ ਸ਼ਹਿਰਾਂ ਕਸਬਿਆਂ ਵਿੱਚ ਲਗਾਈਆਂ ਜਾਣ ਤਾਂ ਜੋ ਕਿਸਾਨਾਂ ਦੇ ਆਰਗੈਨਿਕ ਉਤਪਾਦ ਦੀ ਵਿਕਰੀ ਹੋ ਸਕੇ ਅਤੇ ਕਿਸਾਨ ਆਰਗੈਨਿਕ ਫਸਲਾਂ ਵੱਲ ਮੁੜ ਸਕਣ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਚੰਗੇ ਆਰਗੈਨਿਕ ਉਤਪਾਦ ਮਿਲ ਸਕਣ।