ਮਾਛੀਵਾੜਾ ’ਚ ਝੋਨੇ ਦੇ ਝਾੜ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਨਵੰਬਰ
ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਵਧਣ ਕਰ ਕੇ ਖ਼ਰੀਦ ਨੇ ਵੀ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹੁਣ ਤੱਕ ਸਰਕਾਰੀ ਏਜੰਸੀਆਂ ਨੇ 13 ਲੱਖ 91 ਹਜ਼ਾਰ 736 ਕੁਇੰਟਲ ਝੋਨਾ ਖ਼ਰੀਦਿਆ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਮਾਛੀਵਾੜਾ ਦਾਣਾ ਮੰਡੀ ਅਤੇ ਇਸ ਨਾਲ ਸਬੰਧਿਤ ਖ਼ਰੀਦ ਕੇਂਦਰ ਬੁਰਜ ਪਵਾਤ, ਹੇਡੋਂ ਬੇਟ, ਸ਼ੇਰਪੁਰ ਬੇਟ ਵਿੱਚ 13 ਲੱਖ 29 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋਈ ਸੀ ਪਰ ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਵਧਿਆ ਹੈ, ਜਿਸ ਕਰ ਕੇ ਇਹ ਖਰੀਦ 13 ਲੱਖ 91 ਹਜ਼ਾਰ ਤੱਕ ਪਹੁੰਚ ਗਈ ਹੈ। ਅਜੇ ਵੀ 25 ਹਜ਼ਾਰ ਤੋਂ 40 ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ।
ਸਭ ਤੋਂ ਵੱਧ ਫ਼ਸਲ 5 ਲੱਖ 40 ਹਜ਼ਾਰ ਕੁਇੰਟਲ ਪਨਗ੍ਰੇਨ ਏਜੰਸੀ ਨੇ ਖ਼ਰੀਦੀ ਹੈ। ਮਾਛੀਵਾੜਾ ਮੰਡੀ ਵਿੱਚ ਹੁਣ ਤੱਕ 12 ਲੱਖ 67 ਹਜ਼ਾਰ 868 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਜਦੋਂਕਿ 1 ਲੱਖ 23 ਹਜ਼ਾਰ 867 ਕੁਇੰਟਲ ਦੀ ਚੁਕਾਈ ਅਜੇ ਬਾਕੀ ਹੈ। ਇਸ ਵਾਰ ਬਾਸਮਤੀ ਦੀ ਫ਼ਸਲ ਵੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਈ ਅਤੇ ਝੋਨੇ ਦੀ ਫ਼ਸਲ ਦਾ ਵੀ ਝਾੜ ਵੱਧ ਨਿਕਲਣ ਕਾਰਨ ਕਿਸਾਨਾਂ ਲਈ ਇਹ ਫ਼ਸਲ ਆਰਥਿਕ ਪੱਖੋਂ ਲਾਭਦਾਇਕ ਰਹੀ ਹੈ।
ਉਪ-ਖ਼ਰੀਦ ਕੇਂਦਰ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨਵੇਂ ਫ਼ੁਰਮਾਨਾਂ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਡੀਆਂ ਵਿਚ ਫ਼ਸਲ ਦੀ ਸਰਕਾਰੀ ਖ਼ਰੀਦ ਤਾਂ ਚਾਲੂ ਹੈ ਪਰ ਉਪ-ਖ਼ਰੀਦ ਕੇਂਦਰ ਬੰਦ ਕਰ ਦਿੱਤੇ ਗਏ ਹਨ। ਮਾਛੀਵਾੜਾ ਨਾਲ ਸਬੰਧਿਤ ਉਪ-ਖ਼ਰੀਦ ਕੇਂਦਰ ਬੁਰਜ ਪਵਾਤ, ਸ਼ੇਰਪੁਰ ਬੇਟ, ਲੱਖੋਵਾਲ ਕਲਾਂ ਅਤੇ ਹੇਡੋਂ ਬੇਟ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਹੁਣ ਦੂਰ ਮਾਛੀਵਾੜਾ ਮੰਡੀ ਵਿੱਚ ਆਉਣਾ ਪਵੇਗਾ ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇਗਾ। ਸਰਕਾਰ ਵਲੋਂ ਬੇਸ਼ੱਕ ਇਹ ਫ਼ੈਸਲਾ ਬਾਹਰਲੇ ਪ੍ਰਦੇਸ਼ਾਂ ਤੋਂ ਆਉਣ ਵਾਲਾ ਸਸਤਾ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਆਉਣ ਦੀਆਂ ਚਰਚਾਵਾਂ ਕਾਰਨ ਲਿਆ ਗਿਆ ਹੈ ਪਰ ਉਪ-ਖ਼ਰੀਦ ਕੇਂਦਰ ਬੰਦ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਹੁਣ ਕੇਵਲ ਮਾਛੀਵਾੜਾ ਮੰਡੀ ਵਿਚ ਹੀ ਝੋਨੇ ਦੀ ਸਫ਼ਾਈ ਤੇ ਤੁਲਾਈ ਕਰਨੀ ਪਵੇਗੀ।