ਬਕਾਇਆ ਬਿਜਲੀ ਬਿੱਲਾਂ ਨੇ ਪਾਵਰਕੌਮ ਦਾ ਧੂੰਆਂ ਕੱਢਿਆ
ਮਨੋਜ ਸ਼ਰਮਾ
ਬਠਿੰਡਾ, 20 ਅਗਸਤ
ਪੁਲੀਸ ਮਹਿਕਮੇ ਤੋਂ ਇਲਾਵਾ ਹੋਰ ਮਹਿਕਮੇ ਵੱਲ ਖੜੇ ਬਿਜਲੀ ਦੇ ਬਿੱਲਾਂ ਨੇ ਪਾਵਰਕੌਮ ਦਾ ਧੂੰਆਂ ਕੱਢ ਰੱਖਿਆ ਹੈ। ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵੱਲ ਦੋ ਕਰੋੜ ਤੋਂ ਵੱਧ ਬਿਜਲੀ ਦੇ ਬਿੱਲ ਬਕਾਏ ਖੜੇ ਹਨ। ਪਾਵਰਕੌਮ ਅਧਿਕਾਰੀ ਦਾ ਕਹਿਣਾ ਹੈ ਕਿ ਕੋਵਿਡ 19 ਕਾਰਨ ਹਸਪਤਾਲ ’ਚ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ।
ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਨੂੰ ਨੋਟਿਸ ਭੇਜ ਕੇ ਨਿੱਜੀ ਤੌਰ ’ਤੇ ਮਿਲ ਕੇ ਬਿੱਲ ਭਰਨ ਲਈ ਕਿਹਾ ਗਿਆ ਹੈ ਪਰ ਬਿਜਲੀ ਦੇ ਬਿੱਲ ਹਰ ਮਹੀਨੇ ਵਧ ਰਹੇ ਹਨ ਜਦੋਂ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਹਸਪਤਾਲਾਂ ਦੇ ਬਕਾਇਆ ਬਿੱਲ 2 ਕਰੋੜ 27 ਲੱਖ 97 ਹਜ਼ਾਰ 235 ਰੁਪਏ ਦਾ ਭੁਗਤਾਨ ਨਾ ਕਰਨ ਕਰ ਕੇ ਸਿਹਤ ਮਹਿਕਮਾ ਡਿਫਾਲਟਰ ਬਣਿਆ ਹੋਇਆ ਹੈ। ਬਠਿੰਡਾ ਦੇ ਸਿਵਲ ਹਸਪਤਾਲ ਦਾ ਬਿੱਲ 80 ਲੱਖ 87 ਹਜ਼ਾਰ 721 ਰੁਪਏ ਹਨ। ਇਸ ਤਰ੍ਹਾਂ ਸਿਵਲ ਹਸਪਤਾਲ ਰਾਮਪੁਰਾ ਫਲ਼ੂ ਦਾ ਬਿੱਲ 28 ਲੱਖ 73 ਹਜ਼ਾਰ 436 ਰੁਪਏ ਬਕਾਏ ਹਨ, ਇਸ ਤੋਂ ਇਲਾਵਾ ਤਲਵੰਡੀ ਸਾਬੋ, ਰਾਮਾ, ਮੋੜ ਹਸਪਤਾਲਾਂ ਵੱਲੋਂ 35 ਲੱਖ 58 ਹਜ਼ਾਰ 700 ਰੁਪਏ ਦੇ ਬਿੱਲ ਬਕਾਇਆ ਹਨ। ਇਸ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ 67 ਲੱਖ 40 ਹਜ਼ਾਰ 649 ਰੁਪਏ, ਸਰਦੂਲਗੜ੍ਹ ਦੇ 4 ਲੱਖ 38 ਹਜ਼ਾਰ 553 ਰੁਪਏ ਅਤੇ ਬੁਢਲਾਡਾ ਦੇ 2 ਲੱਖ 58 ਹਜ਼ਾਰ ਹਨ ਜਦੋਂ ਕਿ 12 ਦੇ ਕਰੀਬ ਹੋਰ ਸਬ ਡਿਵੀਜ਼ਨਲ ਹਸਪਤਾਲ ਕਮਿਊਨਿਟੀ ਸਿਹਤ ਕੇਂਦਰ ਆਦਿ ਸ਼ਾਮਿਲ ਹਨ।
ਸਿਹਤ ਮਹਿਕਮੇ ਨੂੰ ਨੋਟਿਸ ਭੇਜਿਆ: ਸੁਪਰਡੈਂਟ
ਬਠਿੰਡਾ ਰੇਂਜ ਦੇ ਸੁਪਰਡੈਂਟ ਇੰਜਨੀਅਰ ਜੀਵਨ ਕਾਂਸਲ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਨੋਟਿਸ ਭੇਜਣ ਤੋਂ ਇਲਾਵਾ ਨਿੱਜੀ ਤੌਰ ’ਤੇ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਬਿੱਲ ਭਰਨ ਦਾ ਭਰੋਸਾ ਦਿੱਤਾ ਸੀ।
ਅਜੇ ਫੰਡ ਨਹੀਂ ਮਿਲੇ: ਸਿਹਤ ਮੰਤਰੀ
ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ ਸੰਧੂ ਅਤੇ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਨੂੰ ਹਾਲੇ ਫ਼ੰਡ ਨਹੀਂ ਮਿਲੇ ਜਲਦੀ ਹੀ ਬਿਜਲੀ ਦੇ ਬਿੱਲਾਂ ਦੇ ਬਕਾਏ ਦਿੱਤੇ ਜਾਣਗੇ।