ਆਊਟਸੋਰਸ ਕਰਮਚਾਰੀਆਂ ਨੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਪੱਤਰ ਪ੍ਰੇਰਕ
ਕੁਰਾਲੀ, 1 ਅਗਸਤ
ਸਥਾਨਕ ਨਗਰ ਕੌਂਸਲ ਦੇ ਆਊਟਸੋਰਸ ਕਰਮਚਾਰੀਆਂ ਦੇ ਵਫ਼ਦ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਮੁਲਾਕਾਤ ਕਰਦਿਆਂ ਚੰਡੀਗੜ੍ਹ ਦੇ ਡੀਸੀ ਰੇਟਾਂ ਦੀਆਂ ਦਰਾਂ ’ਤੇ ਤਨਖਾਹ ਦੇਣ ਦੀ ਮੰਗ ਕੀਤੀ। ਆਗੂਆਂ ਨੇ ਇਸ ਸਬੰਧੀ ਮੰਗ ਪੱਤਰ ਵੀ ਕੈਬਨਿਟ ਮੰਤਰੀ ਨੂੰ ਸੌਂਪਿਆ। ਕਰਮਚਾਰੀਆਂ ਦੇ ਵਫਦ, ਜਿਸ ਵਿੱਚ ਬ੍ਰਿਜ ਬਾਲਾ, ਮੁਕੇਸ਼ ਕੁਮਾਰ, ਰਵਿੰਦਰ ਉੱਪਲ, ਜਸਪ੍ਰੀਤ ਕੌਰ, ਹਰਪ੍ਰੀਤ ਸਿੰਘ, ਨੇਹਾ ਸ਼ਰਮਾ, ਸ਼ੈਲੀ ਸ਼ਰਮਾ ਆਦਿ ਸ਼ਾਮਿਲ ਸਨ, ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਵਿੱਚ ਕਈ ਕਰਚਮਾਰੀ ਆਊਟਸੋਰਸ ’ਤੇ ਡੀਸੀ ਰੇਟਾਂ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕਾ ਪ੍ਰਣਾਲੀ ਰਾਹੀਂ ਰੱਖੇ ਇਨ੍ਹਾਂ ਕਰਮਚਾਰੀਆਂ ਨੂੰ ਡੀਸੀ ਦਰਾਂ ਉਤੇ ਬਹੁਤ ਘੱਟ ਤਨਖਾਹ ਮਿਲ ਰਹੀ ਹੈ, ਜਿਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਾਲ ਲੱਗਦੀ ਰਾਜਧਾਨੀ ਚੰਡੀਗੜ੍ਹ ਵਿੱਚ ਡੀਸੀ ਰੇਟ ਮੁਹਾਲੀ ਨਾਲੋਂ ਦੁੱਗਣੇ ਹਨ। ਆਗੂਆਂ ਨੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਕੀਤੀ।