ਜਥੇਬੰਦੀਆਂ ਨੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਜੁਲਾਈ
ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੀ ਅਗਵਾਈ ’ਚ ਜਨਤਕ ਸੰਗਠਨਾਂ ਨੇ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ਼ ਸ਼ੌਕਤ ਹੁਸੈਨ ਉੱਪਰ ਯੂਏਪੀਏ ਲਾਉਣ ਤੋਂ ਇਲਾਵਾ ਦੇਸ਼ ਵਿੱਚ ਅੱਜ ਤੋਂ ਲਾਗੂ ਹੋਏ ਨਵੇਂ ਅਪਰਾਧਿਕ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧ ’ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਅਤੇ ਨਵੇਂ ਲਾਗੂ ਹੋਏ ਕਾਨੂੰਨਾਂ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸਾੜੀਆਂ।
ਇਸ ਤੋਂ ਪਹਿਲਾਂ ਇੱਥੇ ਪੈਨਸ਼ਨਰ ਭਵਨ ਵਿੱਚ ਇਕੱਠੇ ਹੋਏ ਧਰਨਾਕਾਰੀਆਂ ਨੂੰ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਸੂਬਾ ਕਮੇਟੀ ਮੈਂਬਰ ਡਾ. ਅਜੀਤਪਾਲ ਸਿੰਘ, ਵਕੀਲ ਐਨ. ਕੇ. ਜੀਤ, ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਅਤੇ ਤਰਕਸ਼ੀਲ ਆਗੂ ਬਲਰਾਜ ਸਿੰਘ ਮੌੜ ਨੇ ਸੰਬੋਧਨ ਕੀਤਾ। ਵਿਖਾਵਾਕਾਰੀਆਂ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਪੰਜਾਬੀ ਸਾਹਿਤ ਸਭਾ, ਲੋਕ ਮੋਰਚਾ, ਕਿਰਤੀ ਕਿਸਾਨ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਬਿਜਲੀ ਕਰਮਚਾਰੀ ਪੈਨਸ਼ਨਰ ਐਸੋਸੀਏਸ਼ਨ ਤੇ ਪੀਐੱਸਯੂ (ਲਲਕਾਰ) ਦੇ ਪ੍ਰਤੀਨਿਧਾਂ ਸਮੇਤ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਅਰੁੰਧਤੀ ਰਾਏ ਅਤੇ ਸ਼ੌਕਤ ਹੁਸੈਨ ਨੂੰ ਨਿਰ-ਆਧਾਰ ਕੇਸ ਵਿੱਚ ਫਸਾਉਣ ਲਈ ਯੂਏਪੀਏ ਮੜਨ ਖ਼ਿਲਾਫ਼ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਰਣਜੀਤ ਸਿੰਘ ਸਿਵੀਆ, ਕੁਲਦੀਪ ਸਿੰਘ ਮਾਣੂੰਕੇ, ਜਮਹੂਰੀ ਅਧਿਕਾਰ ਸਭਾ ਦੇ ਸ਼ਿਵਚਰਨ ਸਿੰਘ ਅਰਾਈਆਂ ਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਰਸ਼ਨ ਪਾਲ, ਪੈਨਸ਼ਨਰ ਆਗੂ ਪੂਰਨ ਸਿੰਘ ਮੱਲਕੇ, ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਰਨੈਲ ਸਿੰਘ ਭਾਣਾ, ਕਰਮਜੀਤ ਸਿੰਘ ਸੇਵੇਵਾਲਾ ਤੋਂ ਇਲਾਵਾ ਕਿਸਾਨ ਅਤੇ ਔਰਤਾਂ ਹਾਜ਼ਰ ਸਨ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਸੀਪੀਆਈ ਅਤੇ ਸੀਪੀਐੱਮ ਵੱਲੋਂ ਡੀਸੀ ਦਫ਼ਤਰ ਸਾਹਮਣੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਸੀਪੀਆਈ ਦੇ ਕਾਮਰੇਡ ਹਰੀਸ਼ ਕੰਬੋਜ, ਕਾਮਰੇਡ ਨੱਥਾ ਸਿੰਘ ਤਹਿਸੀਲ ਸਕੱਤਰ ਜਲਾਲਾਬਾਦ, ਕਾਮਰੇਡ ਵਣਜਾਰ ਸਿੰਘ ਤਹਿਸੀਲ ਸਕੱਤਰ ਫਾਜ਼ਿਲਕਾ ਅਤੇ ਕਾਮਰੇਡ ਸੁਰਜੀਤ ਸਿੰਘ ਨੇ ਕੀਤੀ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਨੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਸੇਮਾ ਦੀ ਅਗਵਾਈ ਹੇਠ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੇ ਸੱਦੇ ’ਤੇ ਮਾਲ ਰੋਡ ’ਤੇ ਦੇਸ਼ ਵਿੱਚ 1 ਜੁਲਾਈ ਤੋਂ ਲਾਗੂ ਕੀਤੇ ਗਏ ਨਵੇਂ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ ਪੂਹਲੀ, ਜਗਰੂਪ ਸਿੰਘ, ਸਰਬਜੀਤ ਸਿੰਘ ਤੁੰਗਵਾਲੀ, ਜਗਸੀਰ ਸਿੰਘ ਤੁੰਗਵਾਲੀ, ਲੀਡਰ ਸਿੰਘ ਤੂੰਗਵਾਲੀ, ਹਰਜੋਤ ਸਿੰਘ ਅਤੇ ਗੋਬਿੰਦ ਸਿੰਘ ਹਾਜ਼ਰ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ): ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਤਿੰਨ ਕਾਲੇ ਫੌਜਦਾਰੀ ਕਾਨੂੰਨ ਲਾਗੂ ਕੀਤੇ ਜਾਣ ਦੇ ਵਿਰੋਧ ’ਚ ਕਚਹਿਰੀ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਉਪਰੰਤ ਮਾਰਚ ਕਰਦਿਆਂ ਡੀਸੀ ਦਫ਼ਤਰ ਪੁੱਜ ਕੇ ਨਵੇਂ ਲਾਗੂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਪੱਤਰ ਸੌਂਪਿਆ ਗਿਆ। ਮੁਜ਼ਾਹਰੇ ਦੀ ਅਗਵਾਈ ਰਜਿੰਦਰ ਭਦੌੜ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਕਮਲਜੀਤ ਕੌਰ ਅਤੇ ਅਮਰਜੀਤ ਕੌਰ ਨੇ ਕੀਤੀ। ਇਸ ਮੌਕੇ ਕਚਹਿਰੀ ਚੌਕ ਵਿੱਚ ਰੈਲੀ ਕਰਨ ਉਪਰੰਤ ਡੀਸੀ ਦਫ਼ਤਰ ਤੱਕ ਮਾਰਚ ਕਰ ਕੇ ਅਰੁੰਧਤੀ ਰਾਏ ਅਤੇ ਪ੍ਰੋ. ਹੁਸੈਨ ਖ਼ਿਲਾਫ਼ ਯੂਏਪੀਏ ਤਹਿਤ ਦਿੱਤੀ ਮਨਜ਼ੂਰੀ ਵਾਪਸ ਲੈਣ ਲਈ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਲੇਖਕਾ ਅਰੁੰਧਤੀ ਰਾਏ ਤੇ ਪ੍ਰੋ. ਸ਼ੇਖ਼ ਸ਼ੌਕਤ ਹੁਸੈਨ ਖ਼ਿਲਾਫ਼ ਕੇਸ ਦਰਜ ਦੀ ਮਨਜ਼ੂਰੀ ਦੇਣ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਭਗਤ ਸਿੰਘ ਭਲਾਈਆਣਾ, ਲਖਵੀਰ ਹਰੀਕੇ, ਪਵਨ ਕੁਮਾਰ, ਮੰਗਾ ਸਿੰਘ ਆਜ਼ਾਦ, ਕਾਕਾ ਸਿੰਘ ਖੁੰਡੇ ਹਲਾਲ, ਪ੍ਰਵੀਨ ਜੰਡ ਵਾਲਾ, ਅਮਨਦੀਪ ਸਿੰਘ ਤੇ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਮੋਦੀ ਸਰਕਾਰ ਤੀਜੀ ਵਾਰ ਰਾਜ ਭਾਗ ਸੰਭਾਲਣ ਤੋਂ ਬਾਅਦ ਲੋਕ ਹਿੱਤਾਂ ਤੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੇ ਇਰਾਦੇ ਨਾਲ ਨੀਤੀਆਂ ਬਣਾਉਣ ਲੱਗੀ ਹੈ।
ਨਵੇਂ ਕਾਨੂੰਨਾਂ ਖ਼ਿਲਾਫ਼ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਤਲਵੰਡੀ ਸਾਬੋ: ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਅੱਜ ਤੋਂ ਲਾਗੂ ਕੀਤੇ ਜਾ ਰਹੇ ਨਵੇਂ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਸੱਦੇ ’ਤੇ ਜਨਤਕ ਜਥੇਬੰਦੀਆਂ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਤੇ ਵਰਕਰਾਂ ਨੇ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਇੱਕ ਮੰਗ ਪੱਤਰ ਐੱਸਡੀਐੱਮ ਦਫ਼ਤਰ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਐਡਵੋਕੇਟ ਅਵਤਾਰ ਸਿੰਘ ਸਿੱਧੂ, ਤਲਵੰਡੀ ਸਾਬੋ ਇਕਾਈ ਪ੍ਰਧਾਨ ਮਹਿਮਾ ਸਿੰਘ ਧਿੰਗੜ, ਹਰਜਿੰਦਰ ਸਿੰਘ ਪੱਪੀ, ਯੋਗਰਾਜ ਸਿੰਘ ਭਾਗੀਵਾਂਦਰ, ਬਲਦੇਵ ਗਿੱਲ, ਕਾਮਰੇਡ ਮੱਖਣ ਸਿੰਘ ਗੁਰੂਸਰ ਦਿਹਾਤੀ ਮਜ਼ਦੂਰ ਸਭਾ, ਕ੍ਰਿਸ਼ਨ ਗੁਰੂ ਸਰੀਆ ਅਤੇ ਰਾਮ ਸਿੰਘ ਆਦਿ ਆਗੂ ਤੇ ਵਰਕਰ ਮੌਜੂਦ ਸਨ। -ਪੱਤਰ ਪ੍ਰੇਰਕ