ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 9 ਜੂਨ
ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਤੱਕ ਜਾਂਦੀ ਸੜਕ ਬਣਾਉਣ ਲਈ ਸਾਦਿਕ ਨੇੜੇ ਢਿੱਲਵਾਂ ਖੁਰਦ ਦੀ ਕੱਸੀ ‘ਤੇ 6 ਜੂਨ ਤੋਂ ਸੜਕ ਜਾਮ ਕਰ ਸੜਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅੱਜ 72 ਘੰਟੇ ਦਾ ਸਮਾਂ ਪੂਰਾ ਹੋਣ ‘ਤੇ ਜਥੇਬੰਦੀਆਂ ਨੇ ਜਾਮ ਖੋਲ੍ਹ ਕੇ ਆਵਾਜਾਈ ਬਹਾਲ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ।
ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਨੇ ਕਿਹਾ ਕਿ ਲਗਭਗ ਪਿਛਲੇ 15-20 ਸਾਲਾਂ ਤੋਂ ਸੜਕ ਦੀ ਹਾਲਤ ਮਾੜੀ ਹੈ। ਸੜਕ ਵਿੱਚ ਡੂੰਘੇ ਟੋਏ ਬਣੇ ਹੋਏ ਹਨ। ਸੜਕ ਟੁੱਟੀ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਸੜਕ ਦੀ ਵਜ੍ਹਾ ਨਾਲ ਮਸ਼ੀਨਰੀ ਦਾ ਵੀ ਨੁਕਸਾਨ ਹੁੰਦਾ ਹੈ। ਲੋਕ ਲੰਬੇ ਸਮੇਂ ਤੋਂ ਸੜਕ ਬਣਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਗੱਲ ਨਹੀਂ ਸੁਣ ਰਹੀ। ਆਗੂਆਂ ਨੇ ਕਿਹਾ ਕਿ ਹਾਲ ਦੀ ਘੜੀ ਜਾਮ ਖੋਲ੍ਹ ਦਿੱਤਾ ਹੈ ਪਰ ਸੜਕ ਬਣਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਸੜਕ ਨੂੰ ਜਲਦ ਨਹੀਂ ਬਣਾਇਆ ਜਾਂਦਾ ਤਾਂ ਵੱਡੀ ਲਾਮਬੰਦੀ ਕਰ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਵੀ ਕੀਤੀ ਗਈ।