ਕੜਾਹ ਪਰੋਸਣ ਦੇ ਹੁਕਮ ਨੇ ਅਧਿਆਪਕਾਂ ਨੂੰ ਤਾਪ ਚੜ੍ਹਾਇਆ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਜਨਵਰੀ
ਮਿੱਡ-ਡੇਅ ਮੀਲ ਦੌਰਾਨ ਦੁਪਹਿਰ ਦੇ ਖਾਣੇ ’ਚ ਹੁਣ ਦੇਸੀ ਘਿਓ ਦਾ ਹਲਵਾ ਦੇਣ, ਮੁੜ ਕਾਲੇ ਜਾਂ ਚਿੱਟੇ ਛੋਲਿਆਂ ਨਾਲ ਪੂਰੀਆਂ ਪਰੋਸਣ ਦੇ ਨਵੇਂ ਫੁਰਮਾਨ ਨੇ ਅਧਿਆਪਕਾਂ ਨੂੰ ਤਾਪ ਚੜ੍ਹਾ ਦਿੱਤਾ ਹੈ। ਇਸ ਤੋਂ ਪਹਿਲਾਂ ਅਧਿਆਪਕ ਮੌਸਮੀ ਫਲ ਦੇਣ ਦੀ ਤਾਣੀ ’ਚ ਉਲਝੇ ਰਹੇ। ਅਧਿਆਪਕ ਜਥੇਬੰਦੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਦੁਹਾਈ ਦਿੱਤੀ,‘ਸਾਨੂੰ ਪੜ੍ਹਾਉਣ ਦਿਓ, ਮਿੱਡ-ਡੇਅ ਮੀਲ ਲਈ ਕੋਈ ਹਲਵਾਈ ਮੈਨੇਜਰ ਰੱਖ ਲਵੋ।’ ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਹਵਾਲੇ ਨਾਲ ਮਿਡ-ਡੇਅ ਮੀਲ (ਨਵਾਂ ਨਾਮ ਪੀ.ਐੱਮ.ਪੋਸ਼ਣ ਸਕੀਮ) ਅਧੀਨ ਜੋ ਨਵਾਂ ਮੀਨੂੰ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਸੋਮਵਾਰ ਨੂੰ ਰੋਟੀ ਅਤੇ ਦਾਲ, ਮੰਗਲਵਾਰ ਨੂੰ ਰਾਜਮਾਂਹ, ਚਾਵਲ ਤੇ ਖੀਰ, ਬੁੱਧਵਾਰ ਨੂੰ ਕਾਲੇ ਤੇ ਚਿੱਟੇ ਛੋਲੇ (ਆਲੂ ਮਿਲਾ ਕੇ), ਪੂਰੀ, ਰੋਟੀ ਸਣੇ ਦੇਸੀ ਘਿਓ ਦਾ ਹਲਵਾ, ਵੀਰਵਾਰ ਨੂੰ ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਸਣੇ) ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ ਅਤੇ ਸ਼ਨਿਚਰਵਾਰ ਨੂੰ ਮਾਂਹ ਛੋਲਿਆਂ ਦੀ ਦਾਲ, ਚੌਲ, ਕੀਨੂੰ ਦੇਣ ਦੀ ਹਦਾਇਤ ਕੀਤੀ ਗਈ ਹੈ, ਨਾਲ ਹੀ ਦਾਲ ਬਦਲ ਬਦਲ ਕੇ ਦੇਣ ਨੂੰ ਕਿਹਾ ਗਿਆ ਹੈ।
ਅਧਿਆਪਕ ਆਗੂ ਨਿਤਿਨ ਸੋਢੀ, ਅਮਨਦੀਪ ਸ਼ਰਮਾ, ਹਰਦੀਪ ਸਿੱਧੂ, ਅਮੋਲਕ ਡੇਲੂਆਣਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੀਨੂੰ ’ਚ ਤਬਦੀਲੀ ਮੁਤਾਬਿਕ ਪੈਸੇ ਵੀ ਵਧਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਹੁਭਾਂਤੀ ਭੋਜਨ ਬਣਾਉਣ ਦੇ ਚੱਕਰਾਂ ਵਿੱਚ ਅਧਿਆਪਕ ਬੱਚਿਆਂ ਨੂੰ ਪੜ੍ਹਾ ਨਹੀਂ ਸਕਣਗੇ। ਉਹ ਖਾਣਿਆਂ ਵਿੱਚ ਹੀ ਉਲਝੇ ਰਹਿਣਗੇ। ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।