For the best experience, open
https://m.punjabitribuneonline.com
on your mobile browser.
Advertisement

ਵਿਰੋਧੀਆਂ ਨੇ ਅਕਾਲੀ ਦਲ ਵਿੱਚੋਂ ਕੱਢਿਆਂ ਨੂੰ ਦਿੱਤੀਆਂ ਟਿਕਟਾਂ: ਹਰਸਿਮਰਤ ਬਾਦਲ

09:11 AM Apr 19, 2024 IST
ਵਿਰੋਧੀਆਂ ਨੇ ਅਕਾਲੀ ਦਲ ਵਿੱਚੋਂ ਕੱਢਿਆਂ ਨੂੰ ਦਿੱਤੀਆਂ ਟਿਕਟਾਂ  ਹਰਸਿਮਰਤ ਬਾਦਲ
ਮਾਨਸਾ ਵਿੱਚ ਚੋਣ ਜਲਸੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਪਰੈਲ
ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢੇ ਗਏ ਆਗੂਆਂ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਐਲਾਨੇ ਗਏ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਵੱਲੋਂ ਪਰਮਪਾਲ ਕੌਰ ਅਤੇ ‘ਆਪ’ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਹੁੰਦੇ ਸਨ ਅਤੇ ਹੁਣ ਉਨ੍ਹਾਂ ਪਾਰਟੀਆਂ ਤੋਂ ਟਿਕਟ ਲੈ ਕੇ ਅਕਾਲੀ ਦਲ ਦਾ ਮੁਕਾਬਲਾ ਕਰਨ ਦਾ ਭਰਮ ਪਾਲ ਰਹੇ ਹਨ, ਜਿਸ ਨੂੰ 4 ਜੂਨ ਵਾਲੇ ਦਿਨ ਬਠਿੰਡਾ ਲੋਕ ਸਭਾ ਹਲਕੇ ਦੇ ਬਹਾਦਰ ਲੋਕ ਕੱਢ ਦੇਣਗੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਵੇਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਕੇਂਦਰ ਵਿੱਚ ਭੇਜਿਆ ਹੈ, ਉਸੇ ਤਰ੍ਹਾਂ ਦਾ ਇਤਿਹਾਸ ਇਸ ਵਾਰ ਰਚਣਗੇ। ਉਹ ਅੱਜ ਇਥੇ ਵੱਖ-ਵੱਖ ਵਾਰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਤਿੰਨ ਵਾਰ ਬਠਿੰਡਾ ਤੋਂ ਟਿਕਟ ਦੇ ਕੇ ਨਿਵਾਜਿਆ ਹੈ ਅਤੇ ਹੁਣ ਚੌਥੀ ਵਾਰ ਵੀ ਅਜਿਹਾ ਹੀ ਹੋਣ ਦੀ ਵੱਡੀ ਉਮੀਦ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਖ ਚੁੱਕੇ ਹਨ ਕਿ ਉਹ ਬਠਿੰਡਾ ਤੋਂ ਇਲਾਵਾ ਹੋਰ ਕਿਤੋਂ ਚੋਣ ਨਹੀਂ ਲੜਨਗੇ, ਕਿਉਂਕਿ ਇਥੋਂ ਦੇ ਲੋਕਾਂ ਨਾਲ ਪਿਆਰ-ਸਤਿਕਾਰ ਹੀ ਬਹੁਤ ਵੱਧ ਹੈ। ਉਨ੍ਹਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਬਾਰੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਨਾਲੋਂ ਵੱਡੇ ਉਮੀਦਵਾਰ ਨਹੀਂ ਹਨ ਅਤੇ ਇਥੇ ਕਾਂਗਰਸ ਦੇ ਹੋਰ ਬਥੇਰੇ ਉਮੀਦਵਾਰ ਵੱਡੀਆਂ ਆਸਾਂ ਲਾ ਕੇ ਨਤੀਜੇ ਵਾਲੇ ਦਿਨ ਰੁੜ੍ਹ ਜਾਂਦੇ ਰਹੇ ਹਨ। ਹਰਸਿਮਰਤ ਕੌਰ ਬਾਦਲ ਮਾਨਸਾ ਦੇ ਦੌਰੇ ਦੌਰਾਨ ਕਈ ਘਰਾਂ ਵਿੱਚ ਅਫਸੋਸ ਕਰਨ ਅਤੇ ਕਈ ਥਾਵਾਂ ’ਤੇ ਵਰਕਰ ਮਿਲਣੀ ਕਰਨ ਗਏ ਸਨ। ਉਨ੍ਹਾਂ ਨੇ ਅਰਵਿੰਦ ਨਗਰ, ਵਾਰਡ ਨੰ. 1, ਵਾਰਡ ਨੰ. 9, ਲੱਲੂਆਣਾ ਰੋਡ, ਵਾਰਡ ਨੰ. 17, ਸਿਲਵਰ ਸਿਟੀ, ਗ੍ਰੀਨ ਵੈਲੀ, ਡੀਏਵੀ ਸਕੂਲ ਵਾਲੀ ਗਲੀ ਅਤੇ ਪੁਰਾਣੀ ਅਨਾਜ ਮੰਡੀ ਵਿਖੇ ਜਾ ਕੇ ਪਿਛਲੇ ਦਿਨੀਂ ਫੌਤ ਹੋ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਸਿੰਘ ਫਫੜੇ, ਗੁਰਪ੍ਰੀਤ ਸਿੰਘ ਚਹਿਲ ਵੀ ਮੌਜੂਦ ਸਨ।

Advertisement

ਢੀਂਡਸਾ ਧੜੇ ਦੇ ਆਗੂ ਰਹੇ ਗ਼ੈਰਹਾਜ਼ਰ

ਬੀਬੀ ਹਰਸਿਮਰਤ ਕੌਰ ਬਾਦਲ ਦੇ ਅੱਜ ਦੌਰੇ ਦੌਰਾਨ ਢੀਂਡਸਾ ਧੜੇ ਦੇ ਸਾਰੇ ਆਗੂ ਗ਼ੈਰਹਾਜ਼ਰ ਦਿਖਾਈ ਦਿੱਤੇ, ਹਾਲਾਂਕਿ ਪਹਿਲੀ ਕਤਾਰ ਦੇ ਇਹ ਆਗੂ ਪਹਿਲਾਂ ਅਕਸਰ ਦੇਖੇ ਜਾਣ ਲੱਗੇ ਸਨ। ਸੰਗਰੂਰ ਲੋਕ ਸਭਾ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ਤੋਂ ਖਫ਼ਾ ਹੋਏ ਇਹ ਆਗੂ ਹੁਣ ਬੀਬੀ ਬਾਦਲ ਦੇ ਚੋਣ ਪ੍ਰੋਗਰਾਮਾਂ ਤੋਂ ਦੂਰੀ ਵੱਟਣ ਲੱਗੇ ਹਨ। ਅਜਿਹੇ ਆਗੂਆਂ ਵਿੱਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜੀਤ ਸਿੰਘ ਬੱਪੀਆਣਾ ਸਣੇ ਅੱਧੀ ਦਰਜਨ ਤੋਂ ਵੱਧ ਹੋਰ ਨੇਤਾ ਸ਼ਾਮਲ ਹਨ।

Advertisement
Author Image

sukhwinder singh

View all posts

Advertisement
Advertisement
×