ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੀ ਕਵਾਇਦ ਤੇਜ਼
ਉੱਤਰਕਾਸ਼ੀ, 19 ਨਵੰਬਰ
ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿਣ ਦੇ ਅੱਠਵੇਂ ਦਿਨ ਅੱਜ ਉਸ ਅੰਦਰ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕਵਾਇਦ ’ਚ ਤੇਜ਼ੀ ਆਈ ਹੈ ਅਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਸੁਰੰਗ ਦੇ ਉੱਪਰੋਂ ਡਰਿਲਿੰਗ ਸ਼ੁਰੂ ਕਰਨ ਲਈ ਰਾਹ ਬਣਾਉਣ ਵਿੱਚ ਜੁੱਟ ਗਿਆ ਹੈ। ਮੌਕੇ ’ਤੇ ਮੌਜੂਦ ਇੱਕ ਅਧਿਕਾਰੀ ਨੇ ਕਿਹਾ ਕਿ ਉਮੀਦ ਹੈ ਕਿ ਬੀਆਰਓ ਵੱਲੋਂ ਬਣਾਇਆ ਜਾ ਰਿਹਾ ਰਾਹ ਦੁਪਹਿਰ ਤੱਕ ਤਿਆਰ ਹੋ ਜਾਵੇਗਾ ਜਿਸ ਰਾਹੀਂ ਸੁਰੰਗ ਦੇ ਉੱਪਰ ਤੈਅ ਕੀਤੇ ਨਿਸ਼ਾਨ ਤੱਕ ਮਸ਼ੀਨਾਂ ਪਹੁੰਚਾਉਣ ਮਗਰੋਂ ਉੱਪਰ ਤੋ ਹੇਠਾਂ ਵੱਲ ਡਰਿਲਿੰਗ ਸ਼ੁਰੂ ਕੀਤੀ ਜਾ ਸਕੇ।
ਬੀਤੇ ਦਿਨ ਮੌਕੇ ’ਤੇ ਪਹੁੰਚੇ ਪੀਐੱਮਓ ਦੇ ਕਈ ਅਧਿਕਾਰੀਆਂ ਅਤੇ ਦੇਸ਼-ਵਿਦੇਸ਼ ਦੇ ਮਾਹਿਰ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਸਿਲਕਿਆਰਾ ’ਚ ਡਟੇ ਹੋਏ ਹਨ। ਪਿਛਲੇ ਹਫ਼ਤੇ ਤੋਂ ਅਮਲ ’ਚ ਲਿਆਂਦੀਆਂ ਜਾ ਰਹੀਆਂ ਯੋਜਨਾਵਾਂ ਦੇ ਢੁੱਕਵੇਂ ਨਤੀਜੇ ਨਾ ਮਿਲਣ ਮਗਰੋਂ ਬੀਤੇ ਦਿਨ ਅਧਿਕਾਰੀਆਂ ਤੇ ਮਾਹਿਰਾਂ ਨੇ ਪੰਜ ਯੋਜਨਾਵਾਂ ’ਤੇ ਇੱਕੋ ਸਮੇਂ ਕੰਮ ਕਰਨ ਦਾ ਫ਼ੈਸਲਾ ਲਿਆ। ਉੱਤਰਾਖੰਡ ਸਰਕਾਰ ਦੇ ਓਐੱਸਡੀ ਨੇ ਦੱਸਿਆ ਕਿ ਠੋਸ ਕੋਸ਼ਿਸ਼ਾਂ ਨਾਲ ਚਾਰ-ਪੰਜ ਦਿਨ ਜਾਂ ਉਸ ਤੋਂ ਵੀ ਪਹਿਲਾਂ ਚੰਗੇ ਨਤੀਜੇ ਮਿਲ ਸਕਦੇ ਹਨ। ਅਧਿਕਾਰੀ ਨੇ ਦੱਸਿਆ ਕਿ ਬੀਆਰਓ ਦੇ ਨਾਲ ਭਾਰਤੀ ਫੌਜ ਦਾ ਉਸਾਰੀ ਵਿੰਗ ਵੀ ਬਚਾਅ ਕਾਰਜਾਂ ਵਿੱਚ ਮਦਦ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਦੀ ਸਵੇਰ ਨੂੰ ਸੁਰੰਗ ਦਾ ਇੱਕ ਹਿੱਸਾ ਢਹਿ ਗਿਆ ਸੀ ਅਤੇ ਉਸ ਸਮੇਂ ਤੋਂ 41 ਮਜ਼ਦੂਰ ਉਸ ਅੰਦਰ ਫਸੇ ਹੋਏ ਹਨ। ਇਸ ਤੋਂ ਪਹਿਲਾਂ ਬਚਾਅ ਕਾਰਜ ਦੋ ਵਾਰ ਰੋਕੇ ਜਾ ਚੁੱਕੇ ਹਨ। -ਪੀਟੀਆਈ
ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਹਰ ਸੰਭਵ ਯਤਨ ਜਾਰੀ: ਗਡਕਰੀ
ਉੱਤਰਕਾਸ਼ੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸੁਰੰਗ ਅੰਦਰ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਹੌਸਲਾ ਵਧਾਉਣਾ ਹਰ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਹੈ। ਕੇਂਦਰੀ ਸੜਕੀ ਆਵਾਜਾਈ ਤੇ ਕੌਮੀ ਮਾਰਗ ਮੰਤਰੀ ਨਿਤਿਨ ਗਡਕਰੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਇੱਥੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਹਿਮਾਲਿਆ ਖਿੱਤੇ ’ਚ ਜ਼ਮੀਨ ਹਰ ਥਾਂ ਇੱਕੋ ਜਿਹੀ ਨਹੀਂ ਹੈ। ਕਿਤੇ ਜ਼ਮੀਨ ਨਰਮ ਹੈ ਤੇ ਕਿਤੇ ਸਖਤ ਹੈ ਜਿਸ ਕਾਰਨ ਬਚਾਅ ਮੁਹਿੰਮ ਜਾਰੀ ਰੱਖਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਲਈ ਔਗਰ ਮਸ਼ੀਨ ਨਾਲ ਉੱਪਰ ਤੋਂ ਹੇਠਾਂ ਵੱਲ ਡਰਿੱਲ ਕਰਨੀ ਹੀ ਸਭ ਤੋਂ ਤੇਜ਼ ਰਫ਼ਤਾਰ ਵਾਲਾ ਰਾਹ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਦੀ ਤਰਜੀਹ ਸੁਰੰਗ ਅੰਦਰ ਫਸੇ ਹੋਏ ਮਜ਼ਦੂਰਾਂ ਨੂੰ ਜਿੰਨੀ ਛੇਤੀ ਹੋ ਸਕੇ ਬਾਹਰ ਕੱਢਣਾ ਹੈ। -ਪੀਟੀਆਈ

ਮਜ਼ਦੂਰਾਂ ਨੂੰ ਪਹੁੰਚਾਈਆਂ ਦਵਾਈਆਂ ਤੇ ਹੋਰ ਸਮੱਗਰੀ
ਨਵੀਂ ਦਿੱਲੀ: ਉੱਤਰਾਖੰਡ ਦੇ ਸੜਕਾਂ, ਆਵਾਜਾਈ ਤੇ ਕੌਮੀ ਮਾਰਗਾਂ ਬਾਰੇ ਸਕੱਤਰ ਅਨੁਰਾਗ ਜੈਨ ਨੇ ਅੱਜ ਦੱਸਿਆ ਕਿ ਸੁਰੰਗ ਅੰਦਰ ਫਸੇ 41 ਮਜ਼ਦੂਰਾਂ ਨੂੰ ਪਾਈਪ ਰਾਹੀਂ ਦਵਾਈਆਂ ਤੇ ਸੁੱਕੇ ਮੇਵੇ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਖੁਸ਼ਕਿਸਮਤੀ ਨਾਲ ਸੁਰੰਗ ਅੰਦਰ ਬਿਜਲੀ ਹੈ ਤੇ ਪਾਣੀ ਲਈ ਪਾਈਪਲਾਈਨ ਵੀ ਹੈ। ਚਾਰ ਇੰਚ ਦੀ ਪਾਈਪ ਰਾਹੀਂ ਪਹਿਲੇ ਦਿਨ ਤੋਂ ਹੀ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ।’ -ਪੀਟੀਆਈ