ਖੁੱਲ੍ਹਾ ਆਸਮਾਂ ਹੀ ਹੈ ਸਾਡਾ ਆਸ਼ਿਆਨਾ
ਪੀ.ਪੀ. ਵਰਮਾ
ਪੰਚਕੂਲਾ, 5 ਜੂਨ
ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੀ ਕਾਰਵਾਈ ਤੋਂ ਬਾਅਦ ਫਤਹਿਪੁਰ ਦੇ ਕਰੀਬ ਚਾਰ ਹਜ਼ਾਰ ਤੋਂ ਵੱਧ ਲੋਕ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਕੱਟ ਰਹੇ ਹਨ। ਘਰ ਟੁੱਟ ਚੁੱਕੇ ਹਨ ਅਤੇ ਸਾਮਾਨ ਸੜਕਾਂ ‘ਤੇ ਖਿੱਲਰਿਆ ਪਿਆ ਹੈ।
ਘਰ ਟੁੱਟਣ ਦੇ ਦੁੱਖ ਅਤੇ ਸਾਮਾਨ ਦੀ ਚੋਰੀ ਹੋਣ ਦੇ ਡਰ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉੱਡਾ ਰੱਖੀ ਹੈ। ਜਿਨ੍ਹਾਂ ਦੇ ਘਰ ਢਾਹ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਰਾਏ ਦੇ ਮਕਾਨ ਲਈ ਪੈਸੇ ਨਹੀਂ ਹਨ। ਇਸੇ ਲਈ ਹੁਣ ਜੀਵਨ ਸੜਕ ਜਾਂ ਜੰਗਲਾਂ ਵਿੱਚ ਹੀ ਗੁਜ਼ਾਰਨਾ ਪੈਂਦਾ ਹੈ। ਜਿਸ ਤਰ੍ਹਾਂ ਵੱਖ-ਵੱਖ ਸੈਕਟਰਾਂ ਵਿੱਚ ਕੁਝ ਲੋਕਾਂ ਨੇ ਜਾ ਕੇ ਝੁੱਗੀਆਂ ਬਣਾ ਲਈਆਂ ਹਨ, ਇਸੇ ਤਰ੍ਹਾਂ ਉਹ ਵੀ ਕਿਤੇ ਜਾ ਕੇ ਆਪਣਾ ਟਿਕਾਣਾ ਬਣਾ ਲੈਣਗੇ। ਹੁਣ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਸ਼ਹਿਰ ਵਿੱਚ ਨਵੀਆਂ ਝੁੱਗੀਆਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾਵੇ। ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਉਨ੍ਹਾਂ ਦਾ ਕਹਿਣਾ ਹੈ ਕਿ ਐੱਚਐੱਸਵੀਪੀ ਦੀ ਕਾਰਵਾਈ ਦੌਰਾਨ ਉਨ੍ਹਾਂ ਦੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਜੋ ਸਾਮਾਨ ਬਚਿਆ ਹੈ, ਉਹ ਵੀ ਸੜਕ ‘ਤੇ ਹੀ ਰੱਖਿਆ ਹੋਇਆ ਹੈ। ਇੰਨੀ ਜਲਦੀ ਕਿਰਾਏ ‘ਤੇ ਮਕਾਨ ਵੀ ਨਹੀਂ ਮਿਲ ਸਕਦਾ। ਸੁਨੀਲ ਅਤੇ ਲਕਸ਼ਮੀ ਨੇ ਦੱਸਿਆ ਕਿ ਜਦੋਂ ਤੋਂ ਇਹ ਕਾਰਵਾਈ ਕੀਤੀ ਗਈ ਹੈ, ਕਈ ਕਬਾੜ ਵਾਲੇ ਮਲਬੇ ਵਿੱਚੋਂ ਸਾਮਾਨ ਕੱਢ ਕੇ ਲਿਜਾ ਰਹੇ ਹਨ। ਰਾਤ ਸਮੇਂ ਕਾਫੀ ਸਾਮਾਨ ਚੋਰੀ ਵੀ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਬਾੜੀਏ ਉਨ੍ਹਾਂ ਦਾ ਕੀਮਤੀ ਸਾਮਾਨ ਲੈ ਗਏ ਹਨ।