ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਸ ਕੋਲ ਵੰਝ ਉਹ ਵਰਿਆਮ

08:16 AM Dec 02, 2023 IST

ਬਲਦੇਵ ਸਿੰਘ (ਸੜਕਨਾਮਾ)

Advertisement

ਗਰਮੀ ਦਾ ਤਪ ਘਟਣ ’ਤੇ ਸਰਦੀ ਨੇ ਦਸਤਕ ਦੇ ਦਿੱਤੀ ਹੈ। ਇਹ ਮੌਸਮ ਪਰਿੰਦਿਆਂ ਅਤੇ ਮਨੁੱਖਾਂ ਦੇ ਪਰਵਾਸ ਕਰਨ ਦਾ ਹੈ। ਕੁਝ ਲੰਮੀ ਉਡਾਰੀ ਮਾਰ ਕੇ ਪਰਦੇਸ ਜਾਂਦੇ ਹਨ ਤੇ ਕੁਝ ਆਪਣੇ ਵਤਨਾਂ ਵੱਲ ਮੁੜਦੇ ਹਨ। ਮੇਰੇ ਜਮਾਤੀ ਮਿੱਤਰ ਪ੍ਰੋ. ਕੌਤਕੀ ਨੇ ਵੀ ਆਪਣੇ ਦੇਸ਼ ਵਿਚ ਪ੍ਰਵੇਸ਼ ਕਰ ਲਿਆ ਹੈ।
ਉਹ ਜਦ ਵੀ ਆਉਂਦਾ ਹੈ, ਹਰ ਵਾਰ ਉਸ ਕੋਲ ਕੁਝ ਨਵਾਂ ਹੁੰਦਾ ਹੈ। ਨਵੀਆਂ ਹਦਾਇਤਾਂ, ਨਵੇਂ ਸੁਝਾਅ, ਨਵੀਆਂ ਤਾੜਨਾਵਾਂ, ਨਵੇਂ ਡਰਾਵੇ, ਨਵੀਆਂ ਜਾਣਕਾਰੀਆਂ। ਇਹ ਸਭ ਮੇਰੇ ਲਈ ਸੁਖਦ ਅਨੁਭਵ ਨਾਲੋਂ ਦੁਖਦ ਅਨੁਭਵ ਦਾ ਵਧੇਰੇ ਕਾਰਨ ਬਣਦੀਆਂ ਹਨ। ਉਸ ਦੇ ਮੋਗਾ ਪੁੱਜਣ ’ਤੇ ਅਗਲੇ ਦਿਨ ਹੀ ਮੇਰਾ ਮੋਬਾਈਲ ਖੜਕਿਆ- ‘ਸਵਾਗਤ ਹੈ’। ਉਸ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਕਿਹਾ।
‘ਸਵਾਗਤ ਨਾ ਕਰੇਂਗਾ, ਮੈਂ ਤਾਂ ਵੀ ਆਇਆ ਲੈ।’ ਉਸ ਦੇ ਬੋਲਾਂ ਵਿਚ ਯਾਰੀ ਦਾ ਮਾਣ ਸੀ।
ਹੁਣ ਜਦ ਤੱਕ ਕੌਤਕੀ ਨਹੀਂ ਆਉਂਦਾ ਮੇਰੇ ਜ਼ਿਹਨ ’ਚ ਸੋਚਾਂ ਦੇ ਘੋੜੇ ਦੌੜਨੇ ਸ਼ੁਰੂ ਹੋ ਗਏ। ਹੁਣ ਉਹ ਆਪਣਾ ਦਰਸ਼ਨ ਆਪਣੀ ਲਿਆਕਤ ਮੇਰੇ ਉੱਪਰ ਠੋਸਣੀ ਸ਼ੁਰੂ ਕਰੇਗਾ। ਮੈਂ ਬਹਿਸ ’ਚ ਨਹੀਂ ਪਵਾਂਗਾ, ਕੋਈ ਸਵਾਲ ਵੀ ਨਹੀਂ ਪੁੱਛਾਂਗਾ। ਅਜਿਹੀ ਉਧੇੜ-ਬੁਣ ਵਿਚ ਸਾਂ ਕਿ ਬੂਹੇ ਉੱਪਰ ਮੱਧਮ ਜਿਹੀ ‘ਖਟ-ਖਟ’ ਹੋਈ। ਮੈਂ ਬੂਹਾ ਖੋਲ੍ਹਿਆ: ਪ੍ਰੋ. ਕੌਤਕੀ ਉਹੀ ਵਰ੍ਹਿਆਂ ਪੁਰਾਣੀ ਮੁਸਕਾਨ ਲਈ ਬਾਹਰ ਖੜ੍ਹਾ ਸੀ। ਮੈਂ ਦੋਵੇਂ ਬਾਹਵਾਂ ਖੋਲ੍ਹ ਕੇ ਸਵਾਗਤ ਕੀਤਾ। ਹਾਲ ਚਾਲ ਇਸ ਲਈ ਨਹੀਂ ਪੁੱਛਿਆ, ਉਸ ਦਾ ਚਿਹਾਰਾ ਗਵਾਹ ਸੀ, ਉਹ ‘ਅੱਛੇ ਦਿਨਾਂ’ ’ਚੋਂ’ ਲੰਘ ਰਿਹਾ ਹੈ।
ਉਸ ਨੇ ਅੰਦਰ ਆਉਂਦਿਆਂ ਹੀ ਪੁੱਛਿਆ- ‘ਕਿਵੇਂ ਗੁਜ਼ਰ ਰਹੀ ਹੈ?’
‘ਠੀਕ ਹੈ, ਜਿਵੇਂ ਅਕਸਰ ਗੁਜ਼ਰਦੀ ਹੈ।’ ਮੈਂ ਕਿਹਾ।
ਕੌਤਕੀ ਮੇਰੇ ਵੱਲ ਐਕਸਰੇ ਕਰਦੀਆਂ ਨਜ਼ਰਾਂ ਨਾਲ ਝਾਕਿਆ ਜਿਵੇਂ ਗੱਲ ਦੀ ਡੂੰਘਾਈ ਖੋਜਦਾ ਹੋਵੇ।
‘ਕੀ ਹੋ ਰਿਹਾ ਹੈ, ਇਹ ਸਭ?’ ਅਚਾਨਕ ਉਹ ਆਪਣੇ ਰੰਗ ਵਿਚ ਆ ਗਿਆ।
‘ਕੀ ਹੋ ਰਿਹੈ?’ ਕੁਝ-ਕੁਝ ਸਮਝਦਾ ਵੀ ਮੈਂ ਅਣਜਾਣ ਬਣਨਾ ਚਾਹਿਆ।
‘ਇੰਨਾ ਮੂਰਖ ਤਾਂ ਤੂੰ ਮੈਨੂੰ ਲੱਗਦਾ ਨ੍ਹੀਂ। ਪਿਛਲੇ ਕੁਝ ਮਹੀਨਿਆਂ ਦੌਰਾਨ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਬੇਰੁਜ਼ਗਾਰੀ, ਬਦਲਾਖੋਰੀ। ਅਸੀਂ ਬੈਠੇ ਦੂਰ ਹਾਂ, ਪਰ ਇਕ ਇਕ ਪਲ ਦੀ ਖ਼ਬਰ ਪਹੁੰਚਦੀ ਹੈ, ਉੱਥੇ।’
‘ਦੇਖ ਕੌਤਕੀ ਤੂੰ ਮੇਰਾ ਯਾਰ ਤਾਂ ਹੈ ਹੀ। ਰਹਿੰਦਾ ਤੂੰ ਅਜਿਹੇ ਮੁਲਕ ’ਚ ਹੈ, ਜਿਸ ਦੀ ਪੂਰੇ ਵਿਸ਼ਵ ਵਿਚ ਧਾਂਕ ਹੈ। ਮੈਂ ਛੋਟੇ ਨਗਰ ਦਾ ਰਹਿਣ ਵਾਲਾ ਜਿੱਥੇ ਬੜਾ ਸੋਚ ਸਮਝ ਕੇ ਬੋਲਣਾ ਲਿਖਣਾ ਪੈਂਦਾ ਹੈ। ਉਹ ਸ਼ਿਅਰ ਹੈ ਨਾ।
ਵੋਹ ਕਤਲ ਭੀ ਕਰਤੇ ਹੈਂ ਤੋਂ ਚਰਚਾ ਨਹੀਂ ਹੋਤੀ,
ਹਮ ਆਹ ਭੀ ਭਰਤੇ ਹੈਂ ਤੋਂ ਹੋ ਜਾਤੇ ਹੈਂ ਬਦਨਾਮ।
ਸੁਣ ਕੇ ਕੌਤਕੀ ਹੱਸਣ ਲੱਗ ਪਿਆ ਤੇ ਬੋਲਿਆ ‘ਕਾਲਜ ਯਾਦ ਆ ਗਿਆ। ਉਦੋਂ ਵੀ ਤੂੰ ਬਚ ਨਿਕਲਣ ਦਾ ਰਾਹ ਲੱਭ ਲੈਂਦਾ ਹੁੰਦਾ ਸੀ, ਹੁਣ ਵੀ ਤੇਰਾ ਇਹੀ ਹਾਲ ਹੈ। ਤੇਰੇ ’ਚ ਭੋਰਾ ਨਹੀਂ ਵਿਕਾਸ ਹੋਇਆ।’
‘ਵਿਕਾਸ ਹੋਇਆ ਕਿਉਂ ਨਹੀਂ, ਮੇਰੇ ਦੇਸ਼ ਨੇ ਕਿੰਨਾ ਵਿਕਾਸ ਕੀਤੈ? ਉਹ ਨਹੀਂ ਦਿੱਸਦਾ?’ ਮੈਂ ਉਸ ਵੱਲ ਚੁਣੌਤੀ ਦੇਣ ਵਾਂਗ ਝਾਕਿਆ।
‘ਦਿੱਸਦਾ ਹੈ ਵਿਕਾਸ। 2014 ਤੋਂ ਬਾਅਦ ਹੀ ਵਿਕਾਸ ਹੋਣ ਲੱਗਿਐ। ਪਹਿਲਾਂ ਤਾਂ ਲੋਕ ਗੱਡਿਆਂ ’ਤੇ ਸਫ਼ਰ ਕਰਦੇ ਸੀ। ਨਾ ਸੜਕਾਂ ਸਨ ਨਾ ਪੁਲ।’ ਕੌਤਕੀ ਦੇ ਬੋਲਾਂ ਵਿਚ ਵਿਅੰਗ ਸੀ।
‘ਦੇਖ ਕੌਤਕੀ ਇਹ ਚੋਣਾਂ ਦਾ ਮੌਸਮ ਹੈ। ਹਰ ਪਾਸੇ ਵਿਕਾਸ ਅਤੇ ਉਦਘਾਟਨਾਂ ਦੀ ਹਨੇਰੀ ਲਿਆਂਦੀ ਪਈ ਹੈ। ਇਕ ਦਿਨ ਵਿਚ ਚਾਰ, ਪੰਜ-ਪੰਜ, ਛੇ-ਛੇ ਥਾਵੀਂ ਕਰੋੜਾਂ ਰੁਪਿਆਂ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਹ ਵਿਕਾਸ ਨਹੀਂ ਤਾਂ ਹੋਰ ਕੀ ਹੈ?’
‘ਹਾਂ! ਵਿਕਾਸ ਤਾਂ ਇੱਥੇ ਪਬਲਿਕ ਸੈਕਟਰ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ। ਵਿਕਾਸ ਤਾਂ ਬੇਰੁਜ਼ਗਾਰੀ ਵਿਚ ਵਾਧੇ ਦਾ ਵੀ ਹੋ ਰਿਹਾ ਹੈ। ਵਿਕਾਸ ਤਾਂ ਉਸ ਵਰਤਾਰੇ ਦਾ ਵੀ ਹੋ ਰਿਹਾ ਹੈ...।’
ਮੈਂ ਟੋਕਿਆ- ‘ਕਿਹੜਾ ਵਰਤਾਰਾ?’
‘ਉਹੀ ਆਪਣੇ ਪਿੰਡਾਂ ਵਾਲਾ, ਜਿਸ ਦੀ ਲਾਠੀ ਉਸ ਦੀ ਭੈਂਸ। ਹੁਣ ਤਾਂ ਸੱਭਿਆਚਾਰ ਹੀ ਬਦਲ ਜਾਣਾ ਹੈ, ਉਹੀ ਹਜ਼ਾਰਾਂ ਸਾਲ ਪਹਿਲਾਂ ਦਾ ਸੁਨਹਿਰੀ ਯੁੱਗ ਆ ਜਾਣੈ।’ ਕੌਤਕੀ ਨੇ ਅੱਖਾਂ ਮਟਕਾਈਆਂ। ਫਿਰ ਮੈਂ ਕਿਹਾ:
‘ਦੇਖ ਕੌਤਕੀ ਜਿੰਨਾ ਸੌਖਾ ਤੂੰ ਸਮਝ ਰਿਹਾ ਹੈ: ਇਹ ਹੋਣ ਵਾਲਾ ਨਹੀਂ, ਖਿਆਲੀ ਕਿਲ੍ਹੇ ਉਸਾਰੀ ਜਾਣੇ, ਵੱਖਰੀ ਗੱਲ ਹੈ।’
‘ਕੋਈ ਵੱਖਰੀ ਗੱਲ ਨਹੀਂ, ਇਹ ਸਭ ਤੇਰੇ ਸਾਹਮਣੇ ਵਾਪਰੇਗਾ, ਵੇਖ ਲੈਣਾ।’ ਉਸ ਦੇ ਸ਼ਬਦਾਂ ਵਿਚ ਫਿਰ ਵੰਗਾਰ ਸੀ।
‘ਕੌਤਕੀ ਤੂੰ ਇੱਥੋਂ ਹੀ ਗਿਐਂ। ਆਪਣੇ ਦੇਸ਼ ਦੇ ਤੇਵਰਾਂ ਦਾ ਤੈਨੂੰ ਪਤਾ ਐ ਤੇ ਮੈਨੂੰ ਵੀ ਪਤਾ ਐ। ਮੁਗ਼ਲਾਂ ਨੇ ਆਪਣੇ ਦੇਸ਼ ਉੱਪਰ ਲਗਪਗ 600 ਸਾਲ ਰਾਜ ਕੀਤਾ। ਉਨ੍ਹਾਂ ਮੰਦਰ ਢਾਹ ਕੇ ਮਸਜਿਦਾਂ ਬਣਾਈਆਂ। ਜ਼ਬਰਦਸਤੀ ਧਰਮ ਪਰਿਵਰਤਨ ਕਰਵਾਏ। ਫੇਰ ਫਿਰੰਗੀ ਆ ਗਏ। 200 ਸਾਲ ਉਨ੍ਹਾਂ ਨੇ ਦੇਸ਼ ਨੂੰ ਖੂਬ ਲੁੱਟਿਆ, ਕੁੱਟਿਆ। ਚਰਚ ਖੋਲ੍ਹੇ, ਆਪਣੇ ਪਵਿੱਤਰ ਗ੍ਰੰਥ ਮੁਫ਼ਤ ਵੰਡੇ, ਇੱਥੋਂ ਤੱਕ ਕੇ ਦੇਸ਼ ਦੇ ਵੀ ਦੋ ਟੁਕੜੇ ਕਰ ਦਿੱਤੇ। ਫੇਰ 70-75 ਸਾਲ ਹੋ ਗਏ ਹਿੰਦੂ ਕਹਿ ਲਓ ਜਾਂ ਭਾਰਤੀ ਕਹਿ ਲਓ ਇਨ੍ਹਾਂ ਨੇ ਰਾਜ ਕੀਤਾ। ਮੈਂ ਇਹ ਸਭ ਤੈਨੂੰ ਤਾਂ ਦੱਸ ਰਿਹੈਂ- ਇਹ ਸਾਰੇ ਹਾਕਮ ਜਾਂ ਹਕੂਮਤ ਕਰਨ ਵਾਲੇ ਦੇਸ਼ ਦੇ ਮੂਲ ਸੱਭਿਆਚਾਰ ਨੂੰ ਨਹੀਂ ਬਦਲ ਸਕੇ, ਇਹ ਫਿਰ ਇਨ੍ਹਾਂ 10 ਸਾਲਾਂ ’ਚ ਕੀ ਬਦਲ ਲੈਣਗੇ, ਕੁਝ ਲੋਕ?’
ਕੌਤਕੀ ਫਿਰ ਹੱਸਿਆ ਤੇ ਬੋਲਿਆ- ‘ਜਿਸ ਕੋਲ ਦਾਅ ਉਹ ਦਾਤਾ, ਜਿਸ ਕੋਲ ਵੰਝ ਉਹ ਵਰਿਆਮ। ਰੌਲਾ ਤਾਂ ਸੱਤਾ ਦਾ ਹੈ। ਇੱਥੇ ਤਾਂ ਰੱਜੇ ਦਾ ਨਾਮ ਰਾਜਪੂਤ ਹੈ। ਹਰ ਵਸਤੂ ਨੂੰ ਬਰਾਂਡ ਬਣਾ ਕੇ ਮਾਰਕੀਟਿੰਗ ਕੀਤੀ ਜਾ ਰਹੀ ਹੈ। ਇੱਥੇ ਤਾਂ ਚੋਣਾਂ ਦੀ ਰੁੱਤ ਹੈ। ਇੱਥੇ ਸਾਡੇ ਨਾਇਕਾਂ ਦੀ, ਵਿਦਵਾਨਾਂ ਦੀ ਮਾਰਕੀਟਿੰਗ ਹੁੰਦੀ ਵੀ ਆਈ ਹੈ, ਹੁਣ ਹੋਰ ਜ਼ੋਰ ਸ਼ੋਰ ਨਾਲ ਹੋਵੇਗੀ। ਬਾਬਾ ਸਾਹਿਬ ਅੰਬੇਡਕਰ ਦੀ ਮਾਰਕੀਟਿੰਗ, ਭਗਤ ਸਿੰਘ ਦੀ, ਸਨਾਤਨ ਧਰਮ ਦੀ, ਰਾਸ਼ਟਰਵਾਦ ਦੀ, ਗਾਂਧੀ ਦੀ ਮਾਰਕੀਟਿੰਗ। ...ਹੁਣ ਨਫ਼ਰਤ, ਘ੍ਰਿਣਾ, ਨਿੰਦਾ... ਸਭ ਦੀ ਮਾਰਕੀਟਿੰਗ ਹੋ ਰਹੀ ਹੈ।’
ਮੈਂ ਥੋੜ੍ਹਾ ਡਰ ਕੇ ਕਿਹਾ- ‘ਭਰਾਵਾ ਕੋਈ ਨਵਾਂ ਪੰਗਾ ਹੀ ਨਾ ਖੜ੍ਹਾ ਕਰਦੀਂ।’
‘ਅਜੇ ਤਾਂ ਮੈਂ ਕਈ ਚੈਪਟਰ ਖੋਲ੍ਹੇ ਹੀ ਨਹੀਂ, ਪਹਿਲਾਂ ਹੀ ਮੋਕ ਮਾਰਨ ਲੱਗ ਪਿਐਂ?’ ਉਸ ਨੇ ਮੈਨੂੰ ਨਜ਼ਰਾਂ ’ਚ ਘੂਰਿਆ।
‘ਡਰ ਈ ਚੰਗਾ ਭਰਾਵਾ, ਤੇਰਾ ਕੀ ਐ, ਅੱਗ ਲਾਈ..., ਚੱਲ ਛੱਡ, ਅਗਲੀ ਗੱਲ ਕਾਹਨੂੰ ਆਖਣੀ ਐ ਤੈਨੂੰ। ਮੈਂ ਕਰਦਾਂ ਤੇਰੀ ਸੇਵਾ ਦਾ ਜੁਗਾੜ।’ ਆਖ ਕੇ ਮੈਂ ਰਸੋਈ ਵੱਲ ਚਲਾ ਗਿਆ।

ਸੰਪਰਕ: 98147-83069

Advertisement

Advertisement