For the best experience, open
https://m.punjabitribuneonline.com
on your mobile browser.
Advertisement

ਇੱਕ ਰੋਜ਼ਾ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ

10:36 AM Jun 28, 2023 IST
ਇੱਕ ਰੋਜ਼ਾ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ
ਮੁੰਬਈ ਵਿੱਚ ਆੲੀਸੀਸੀ ਮੁਖੀ ਜਿਓਫ ਐਲਰਡਾਈਸ, ਬੀਸੀਸੀਆਈ ਸਕੱਤਰ ਜੈ ਸ਼ਾਹ, ਭਾਰਤ ਦਾ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਸ੍ਰੀਲੰਕਾ ਦਾ ਸਾਬਕਾ ਗੇਂਦਬਾਜ਼ ਮੁਥੱਈਅਾ ਮੁਰਲੀਧਰਨ ਵਿਸ਼ਵ ਕੱਪ ਟਰਾਫੀ ਨਾਲ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 27 ਜੂਨ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਰੋਜ਼ਾ ਵਿਸ਼ਵ ਕੱਪ ਦਾ ਬਹੁ-ਚਰਚਿਤ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। 19 ਨਵੰਬਰ ਨੂੰ ਫਾਈਨਲ ਵੀ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ। ਆਈਸੀਸੀ ਨੇ ਅੱਜ ਇਹ ਐਲਾਨ ਕੀਤਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਿਛਲੀ ਜੇਤੂ ਟੀਮ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਹੋਵੇਗੀ। ਦਰਸ਼ਕਾਂ ਦੀ ਗਿਣਤੀ ਦੇ ਆਧਾਰ ’ਤੇ ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਜਿਸ ਵਿੱਚ 1,32,000 ਦਰਸ਼ਕ ਬੈਠ ਸਕਦੇ ਹਨ, ਜੋ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਤੋਂ 32,000 ਵੱਧ ਹਨ।

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅਤੇ ਦੂਜਾ ਸੈਮੀਫਾਈਨਲ ਅਗਲੇ ਦਿਨ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ ਅਹਿਮਦਾਬਾਦ ਵਿੱਚ 19 ਨਵੰਬਰ ਨੂੰ ਹੋਵੇਗਾ। ਇੱਕ ਰੋਜ਼ਾ ਵਿਸ਼ਵ ਕੱਪ ਤੋਂ ਸੌ ਦਿਨ ਪਹਿਲਾਂ ਸ਼ਡਿਊਲ ਦਾ ਐਲਾਨ ਕਰਦਿਆਂ ਆਈਸੀਸੀ ਨੇ ਕਿਹਾ ਕਿ ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦਾ ਆਗਾਜ਼ ਅੱਠ ਅਕਤੂਬਰ ਨੂੰ ਪੰਜ ਵਾਰ ਦੀ ਵਿਸ਼ਵ ਕੱਪ ਜੇਤੂ ਆਸਟਰੇਲੀਆ ਖ਼ਿਲਾਫ਼ ਚੇਨੱਈ ਵਿੱਚ ਕਰੇਗਾ।

ਵਿਸ਼ਵ ਕੱਪ ਦੇ ਮੈਚ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨੱਈ, ਲਖਨਊ, ਪੁਣੇ, ਬੰਗਲੂਰੂ, ਮੁੰਬਈ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਇਸੇ ਤਰ੍ਹਾਂ ਗੁਹਾਟੀ ਅਤੇ ਤਿਰੂਵਨੰਤਪੁਰਮ ਤੋਂ ਇਲਾਵਾ ਹੈਦਰਾਬਾਦ ਵਿੱਚ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚ ਖੇਡੇ ਜਾਣਗੇ। ਬੀਤੇ ਦਿਨ 12 ਮੇਜ਼ਬਾਨ ਐਸੋਸੀਏਸ਼ਨਾਂ ਨਾਲ ਮੀਟਿੰਗ ਤੋਂ ਬਾਅਦ ਅੱਜ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚੋਂ ਅੱਠ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਰਾਹੀਂ ਕੁਆਲੀਫਾਈ ਕੀਤਾ ਹੈ ਅਤੇ ਬਾਕੀ ਦੋ ਜ਼ਿੰਬਾਬਵੇ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਪੁੱਜਣਗੀਆਂ। ਸਾਬਕਾ ਚੈਂਪੀਅਨ ਸ੍ਰੀਲੰਕਾ ਤੋਂ ਇਲਾਵਾ ਵੈਸਟਇੰਡੀਜ਼, ਨੈਦਰਲੈਂਡਜ਼, ਓਮਾਨ, ਸਕਾਟਲੈਂਡ, ਯੂਏਈ, ਅਮਰੀਕਾ ਅਤੇ ਮੇਜ਼ਬਾਨ ਜ਼ਿੰਬਾਬਵੇ ਕੁਆਲੀਫਾਇਰ ਵਿੱਚ ਹਿੱਸਾ ਲੈ ਰਹੇ ਹਨ। ਵਿਸ਼ਵ ਕੱਪ ’ਚ ਸਾਰੀਆਂ ਟੀਮਾਂ ਰਾਊਂਡ ਰੋਬਿਨ ਦੇ ਆਧਾਰ ’ਤੇ ਇੱਕ-ਦੂਜੇ ਨਾਲ ਖੇਡਣਗੀਆਂ, ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ। -ਪੀਟੀਆਈ

ਵਿਸ਼ਵ ਕੱਪ: ਆਈਸੀਸੀ ਨੇ ਪੀਸੀਬੀ ਦੇ ਇਤਰਾਜ਼ ਕੀਤੇ ਖਾਰਜ

ਕਰਾਚੀ: ਭਾਰਤ ਵਿੱਚ ਖੇਡੇ ਜਾਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਟੀਮ ਦੇ ਸ਼ਡਿਊਲ ਅਤੇ ਸਟੇਡੀਅਮਾਂ ਬਾਰੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ (ਪੀਸੀਬੀ) ਕੀਤੇ ਗਏ ਸਾਰੇ ਇਤਰਾਜ਼ਾਂ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਖਾਰਜ ਕਰ ਦਿੱਤਾ ਹੈ। ਅੱਜ ਆਈਸੀਸੀ ਅਤੇ ਬੀਸੀਸੀਆਈ ਵੱਲੋਂ ਜਾਰੀ ਵਿਸ਼ਵ ਕੱਪ ਦੇ ਸ਼ਡਿਊਲ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਸ ਦੌਰਾਨ ਪਾਕਿਸਤਾਨ ਦੇ ਅਫਗਾਨਿਸਤਾਨ ਅਤੇ ਆਸਟਰੇਲੀਆ ਖ਼ਿਲਾਫ਼ ਮੈਚਾਂ ਲਈ ਸਥਾਨ ਬਦਲਣ ਦੀ ਪੀਸੀਬੀ ਦੀ ਬੇਨਤੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਪੀਸੀਬੀ ਨੇ ਆਈਸੀਸੀ ਅਤੇ ਬੀਸੀਸੀਆਈ ਨੂੰ ਅਫਗਾਨਿਸਤਾਨ ਖ਼ਿਲਾਫ਼ ਆਪਣਾ ਮੈਚ ਚੇਨੱਈ ਤੋਂ ਬੰਗਲੂਰੂ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਬੰਗਲੂਰੂ ਤੋਂ ਚੇਨੱਈ ਵਿੱਚ ਬਦਲਣ ਲਈ ਕਿਹਾ ਸੀ। ਪਾਕਿਸਤਾਨ ਟੀਮ ਦੀ ਮੈਨੇਜਮੈਂਟ ਨੂੰ ਚਿੰਤਾ ਸੀ ਕਿ ਚੇਨੱਈ ਦੀ ਪਿੱਚ ਸਪਿੰਨਰਾਂ ਦੀ ਮਦਦ ਕਰਦੀ ਹੈ ਅਤੇ ਅਫਗਾਨਿਸਤਾਨ ਕੋਲ ਸ਼ਾਨਦਾਰ ਸਪਿੰਨਰ ਹਨ, ਜਿਸ ਕਰਕੇ ਚੇਨੱਈ ਵਿੱਚ ਅਫਗਾਨਿਸਤਾਨ ਖ਼ਿਲਾਫ਼ ਖੇਡਣ ਨਾਲ ਪਾਕਿਸਤਾਨ ਨੂੰ ਨੁਕਸਾਨ ਹੋਵੇਗਾ। ਹਾਲਾਂਕਿ ਆਈਸੀਸੀ ਨੇ ਪਾਕਿਸਤਾਨ ਦੇ ਕਿਸੇ ਵੀ ਇਤਰਾਜ਼ ਜਾਂ ਬੇਨਤੀ ’ਤੇ ਧਿਆਨ ਨਹੀਂ ਦਿੱਤਾ ਅਤੇ ਸੈਮੀਫਾਈਨਲ ਮੈਚ ਵੀ ਮੁੰਬਈ ਅਤੇ ਕੋਲਕਾਤਾ ਵਿੱਚ ਤੈਅ ਕਰ ਦਿੱਤੇ ਹਨ। ਪੀਸੀਬੀ ਨੇ ਆਈਸੀਸੀ ਨੂੰ ਕਿਹਾ ਸੀ ਕਿ ਸਿਆਸੀ ਅਤੇ ਕੂਟਨੀਤਕ ਕਾਰਨਾਂ ਕਰਕੇ ਮੁੰਬਈ ਵਿੱਚ ਖੇਡਣਾ ਉਨ੍ਹਾਂ ਲਈ ਠੀਕ ਨਹੀਂ ਹੈ। ਬੋਰਡ ਦੇ ਇੱਕ ਅਧਿਕਾਰਤ ਸੂਤਰ ਨੇ ਸਪੱਸ਼ਟ ਕੀਤਾ ਕਿ ਮਨਜ਼ੂਰੀ ਲਈ ਸ਼ਡਿਊਲ ਪਾਕਿਸਤਾਨ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। -ਪੀਟੀਆਈ

ਖੇਡ ਦੀ ਰਫ਼ਤਾਰ ਵਧਣ ਕਰਕੇ ਵਿਸ਼ਵ ਕੱਪ ’ਚ ਮੁਕਾਬਲਾ ਹੋਵੇਗਾ ਸਖ਼ਤ: ਰੋਹਿਤ

ਮੁੰਬਈ: ਭਾਰਤੀ ਕਪਤਾਨ ਰੋਹਿਤ ਸ਼ਰਮਾ ਅਨੁਸਾਰ ਖੇਡ ਦੀ ਰਫ਼ਤਾਰ ਵਧਣ ਕਰਕੇ ਦੇਸ਼ ਵਿੱਚ ਹੋਣ ਵਾਲਾ ਆਗਾਮੀ ਇੱਕ ਰੋਜ਼ਾ ਵਿਸ਼ਵ ਕੱਪ ਕਾਫੀ ਸਖ਼ਤ ਹੋਵੇਗਾ। ਖੇਡ ਦੇ ਤੇਜ਼ ਰਫਤਾਰ ਫਾਰਮੈਟ ਟੀ-20 ਕ੍ਰਿਕਟ ਨੇ ਸਾਰੇ ਫਾਰਮੈਟਾਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ 8 ਅਕਤੂਬਰ ਨੂੰ ਚੇਨੱਈ ਵਿੱਚ ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਵਿਸ਼ਵ ਕੱਪ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦਿਆਂ ਆਪਣਾ ਤੀਜਾ ਖ਼ਿਤਾਬ ਜਿੱਤਣਾ ਚਾਹੇਗਾ। ਇਸ ਸਬੰਧੀ ਆਈਸੀਸੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਰੋਹਿਤ ਨੇ ਕਿਹਾ, “ਇਹ ਵਿਸ਼ਵ ਕੱਪ ਬਹੁਤ ਹੀ ਸਖ਼ਤ ਹੋਵੇਗਾ ਕਿਉਂਕਿ ਖੇਡ ਦੀ ਰਫ਼ਤਾਰ ਬਹੁਤ ਵਧ ਗਈ ਹੈ। ਟੀਮਾਂ ਪਹਿਲਾਂ ਨਾਲੋਂ ਜ਼ਿਆਦਾ ਸਕਾਰਾਤਮਕ ਖੇਡ ਰਹੀਆਂ ਹਨ।’’ -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×