ਮੱਧ ਪ੍ਰਦੇਸ਼ ’ਚ ਵਿਛੜਿਆ ਬਿਰਧ ਮੋਗਾ ’ਚ ਪਰਿਵਾਰ ਨੂੰ ਮਿਲਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਨਵੰਬਰ
ਇੱਥੇ ਪੰਜਾਬ ਪੁਲੀਸ ਦੇ ਹੌਲਦਾਰ ਵੱਲੋਂ ਚਲਾਈ ਜਾ ਰਹੀ ਇਕ ਆਸ ਆਸ਼ਰਮ ਸੇਵਾ ਸੁਸਾਇਟੀ ਬੇਸਹਾਰਾ ਬਜ਼ੁਰਗਾਂ ਅਤੇ ਮੰਦਬੁੱਧੀ ਲੋਕਾਂ ਲਈ ਜ਼ਿੰਦਗੀ ਦਾ ਸਹਾਰਾ ਸਾਬਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ’ਚ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ 16 ਸਾਲ ਪਹਿਲਾਂ ਆਪਣੇ ਪਰਿਵਾਰ ਤੋਂ ਵਿਛੜਿਆ ਵਿਅਕਤੀ ਅੱਜ ਇੱਥੇ ਆਸ਼ਰਮ ’ਚ ਆਪਣੀ ਧੀ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋਅ ਪਿਆ। ਉਹ ਉਸ ਨੂੰ ਇੱਥੋਂ ਵਾਪਸ ਲੈਣ ਆਈ ਸੀ।
ਇਸ ਮੌਕੇ ਬਜ਼ੁਰਗ ਓਮ ਪ੍ਰਕਾਸ਼ ਦੀ ਧੀ ਰਜਨੀ ਠਾਕੁਰ ਵਾਸੀ ਪਿੰਡ ਖੇਮਾਸਾ, ਉੱਜੈਨ (ਮੱਧ ਪ੍ਰਦੇਸ਼) ਨੇ ਦੱਸਿਆ ਕਿ ਉਸ ਦਾ ਪਿਤਾ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਰਿਵਾਰ ਤੋਂ ਵਿਛੜ ਗਿਆ ਸੀ। ਉਸ ਵੇਲੇ ਉਸ ਦੀ ਉਮਰ ਕਰੀਬ 14 ਸਾਲ ਸੀ। ਰਜਨੀ ਨੇ ਦੱਸਿਆ ਕਿ ਉਸ ਨੂੰ ਆਪਣੇ ਪਿਤਾ ਦੇ ਕਿਸੇ ਆਸ਼ਰਾਮ ’ਚ ਰਹਿਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸਾਰੇ ਮੱਧ ਪ੍ਰਦੇਸ਼ ’ਚ ਭਾਲ ਕੀਤੀ। ਘਰ ਵਿਚ ਉਸ ਦੀ ਮਾਂ ਤੇ ਭਰਾ ਵੀ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਆਸ਼ਰਮ ’ਚ ਉਸ ਦੇ ਪਿਤਾ ਦੇ ਰਹਿਣ ਦੀ ਜਾਣਕਾਰੀ ਮਿਲੀ ਸੀ। ਉਹ ਹੁਣ ਆਪਣੇ ਪਿਤਾ ਨੂੰ ਲੈਣ ਆਈ ਹੈ ਅਤੇ ਇਸ ਮੌਕੇ ਬਿਰਧ ਓਮ ਪ੍ਰਕਾਸ਼ ਨੇ ਵੀ ਆਪਣੀ ਧੀ ਨਾਲ ਜਾਣ ਦੀ ਇੱਛਾ ਜ਼ਾਹਿਰ ਕੀਤੀ। ਇਸ ਮੌਕੇ ਉਨ੍ਹਾਂ ਆਸ਼ਰਾਮ ਸੰਚਾਲਕ ਹੌਲਦਾਰ ਜਸਵੀਰ ਸਿੰਘ ਬਾਵਾ ਦਾ ਧੰਨਵਾਦ ਕੀਤਾ।
ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਫ਼ਿਰੋਜ਼ਪੁਰ ਦੀ ਇੱਕ ਸਮਾਜਸੇਵੀ ਸੰਸਥਾ ਇਸ ਬਜ਼ੁਰਗ ਨੂੰ ਇੱਥੇ ਛੱਡ ਗਈ ਸੀ। ਉਨ੍ਹਾਂ ਡੀਐੱਮਸੀ ਦੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਇਆ ਤਾਂ ਬਜ਼ੁਰਗ ਠੀਕ ਹੋ ਗਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਸ ਬਾਬਤ ਪੋਸਟ ਪਾਈ ਸੀ ਅਤੇ ਅੱਜ ਪਰਿਵਾਰ ਉਸ ਨੂੰ ਲੈਣ ਆਇਆ ਹੈ। ਉੁਨ੍ਹਾਂ ਦੱਸਿਆ ਕਿ ਐੱਸਐੱਸਪੀ ਅਜੇ ਗਾਂਧੀ ਤੇ ਹੋਰ ਸੀਨੀਅਰ ਅਫ਼ਸਰਾਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਸੈਂਕੜੇ ਅਧਿਕਾਰੀ ਤੇ ਮੁਲਾਜ਼ਮ ਆਸ਼ਰਮ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਵੇਲੇ 15 ਔਰਤਾਂ ਸਮੇਤ 75 ਬਜ਼ੁਰਗ ਆਸ਼ਰਾਮ ’ਚ ਰਹਿ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਮੰਦਬੁੱਧੀ ਵੀ ਹਨ। ਉਨ੍ਹਾਂ ਦੱਸਿਆ ਕਿ ਟੀਮ ਦਾ ਮੁੱਖ ਮਕਸਦ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਨਾ ਹੈ।