For the best experience, open
https://m.punjabitribuneonline.com
on your mobile browser.
Advertisement

ਬੁੱਢਾ ਨਾਲਾ ਫਿਰ ਹੋਇਆ ਓਵਰਫਲੋਅ

08:03 AM Jul 10, 2023 IST
ਬੁੱਢਾ ਨਾਲਾ ਫਿਰ ਹੋਇਆ ਓਵਰਫਲੋਅ
ਲੁਧਿਆਣਾ ਦੇ ਧੋਕਨ ਮੁਹੱਲੇ ਵਿੱਚ ਵਡ਼ਿਆ ਬੁੱਢੇ ਨਾਲੇ ਦਾ ਪਾਣੀ। -ਫੋਟਆਂ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 9 ਜੁਲਾਈ
ਪਿਛਲੇ ਕਈ ਦਿਨਾਂ ਤੋਂ ਪੈ ਰਿਹਾ ਮੀਂਹ ਹੁਣ ਲੁਧਿਆਣਾ ਵਾਸੀਆਂ ਲਈ ਆਫ਼ਤ ਬਣ ਗਿਆ ਹੈ। ਮੀਂਹ ਦੇ ਪਾਣੀ ਕਰਕੇ ਲੁਧਿਆਣਾ ਵਿੱਚੋਂ ਨਿਕਲਣ ਵਾਲਾ ਬੁੱਢਾ ਨਾਲਾ ਨੱਕੋਂ ਨੱਕ ਭਰ ਗਿਆ ਹੈ। ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਪਾਣੀ ਖਤਰੇ ਤੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੇ ਕੇ ਗਲੀ, ਮੁਹੱਲੇ ਤੇ ਲੋਕਾਂ ਦੇ ਘਰਾਂ ਵਿੱਚ ਚਲਾ ਗਿਆ ਹੈ। ਘਰਾਂ ’ਚ ਬੁੱਢੇ ਨਾਲੇ ਦਾ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ। ਕਈ ਲੋਕਾਂ ਦਾ ਸਾਮਾਨ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ। ਪ੍ਰਸਾਸ਼ਨ ਵੀ ਪੂਰੀ ਤਰ੍ਹਾਂ ਅਲਰਟ ’ਤੇ ਹੈ। ਜ਼ਿਲ੍ਹਾ ਪ੍ਸ਼ਾਸਨ ਦੇ ਨਾਲ ਨਾਲ ਨਗਰ ਨਿਗਮ ਦੇ ਅਧਿਕਾਰੀ ਤੇ ਆਪ ਵਿਧਾਇਕ ਖੁਦ ਸੜਕਾਂ ’ਤੇ ਉਤਰੇ ਹੋਏ ਹਨ। ਲੋਕਾਂ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਤੇ ਨਾਲ ਹੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਜਲਦੀ ਹੀ ਹਾਲਾਤ ਕਾਬੂ ’ਚ ਕਰ ਲਏ ਜਾਣਗੇ।
ਸਨਅਤੀ ਸ਼ਹਿਰ ਵਿੱਚ ਹਮੇਸ਼ਾ ਤੋਂ ਹੀ ਸਿਆਸਤ ਦਾ ਕੇਂਦਰ ਰਿਹਾ ਬੁੱਢਾ ਨਾਲਾ ’ਚ ਦੂਸਰੀ ਵਾਰ ਮੀਂਹ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਹੈ। ਪਹਿਲਾਂ ਝੁਗੀਆਂ ਨੂੰ ਖਾਲੀ ਕਰਵਾ ਕੇ ਅਸਥਾਈ ਤੌਰ ’ਤੇ ਲੋਕਾਂ ਨੂੰ ਸ਼ਿਫ਼ਟ ਕੀਤਾ ਗਿਆ ਸੀ। ਉਸ ਤੋਂ ਬਾਅਦ ਫਿਰ ਮੀਂਹ ਆ ਗਿਆ ਤੇ ਤਾਜਪੁਰ ਰੋਡ ’ਤੇ ਬਣੀਆਂ ਝੁੱਗੀਆਂ ਦੇ ਨਾਲ ਨਾਲ ਕਈ ਘਰਾਂ ’ਚ ਵੀ ਪਾਣੀ ਦਾਖਲ ਹੋ ਗਿਆ। ਉਥੇ ਹਲਕਾ ਕੇਂਦਰੀ ਦੇ ਮਾਧੋਪੁਰੀ ਤੇ ਨਿਊ ਮਾਧੋਪੁਰੀ ਇਲਾਕੇ ’ਚ ਪਾਣੀ ਗਲੀਆਂ ’ਚ ਦਾਖਲ ਹੋਣ ਦੇ ਨਾਲ ਨਾਲ ਕਈ ਘਰਾਂ ’ਚ ਵੜ ਗਿਆ। ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਬੁੱਢੇ ਨਾਲੇ ’ਚ ਜਲਬੂਟੀ ਨੂੰ ਕੱਢਣ ਲਈ ਵੱਡੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮਾਧੋਪੁਰੀ, ਸ਼ਿਵਾਜੀ ਨਗਰ, ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚ ਪਾਣੀ ਵੜ੍ਹਣ ਕਾਰਨ ਇਲਾਕੇ ਦਾ ਦੌਰਾ ਕਰ ਰਹੇ ਸਨ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਖੁਦ ਪਾਣੀ ’ਚ ਉਤਰ ਕੇ ਲੋਕਾਂ ਨਾਲ ਗੱਲ ਕਰ ਰਹੇ ਹਨ। ਹਲਕਾ ਕੇਂਦਰੀ ਦੀ ਗੱਲ ਕੀਤੀ ਜਾਵੇ ਤਾਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਆਪਣੀ ਪੂਰੀ ਟੀਮ ਨਾਲ ਬੁੱਢੇ ਨਾਲੇ ਦੇ ਕਿਨਾਰੇ ਵਸੇ ਇਲਾਕਿਆਂ ’ਚ ਆਉਣ ਵਾਲੇ ਪਾਣੀ ਦਾ ਜਾਇਜ਼ਾ ਲੈ ਰਹੇ ਹਨ ਤਾਂ ਕਿ ਪਾਣੀ ਨੂੰ ਉਥੋਂ ਕੱਢਿਆ ਜਾਵੇ।

Advertisement

ਬੁੱਢੇ ਦਰਿਆ ਦਾ ਪਾਣੀ ਨੀਵੀਆਂ ਬਸਤੀਆਂ ਵਿੱਚ ਵੜਿਆ, ਸੜਕਾਂ ਨੇ ਝੀਲਾਂ ਦਾ ਰੂਪ ਧਾਰਿਆ

ਸ਼ਿਵਪੁਰੀ ਪੁਲੀ ’ਤੇ ਪਾਣੀ ਦੀ ਰੁਕਾਵਟ ਦੂਰ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ।
ਸ਼ਿਵਪੁਰੀ ਪੁਲੀ ’ਤੇ ਪਾਣੀ ਦੀ ਰੁਕਾਵਟ ਦੂਰ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ।

ਲੁਧਿਆਣਾ (ਸਤਵਿੰਦਰ ਬਸਰਾ): ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਨਿੱਚਰਵਾਰ ਤੋਂ ਪੈ ਰਿਹਾ ਮੀਂਹ ਐਤਵਾਰ ਵੀ ਜਾਰੀ ਰਿਹਾ। ਇਸ ਮੀਂਹ ਕਾਰਨ ਜਿੱਥੇ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਹੋਣ ਕਰਕੇ ਉਸ ਦਾ ਪਾਣੀ ਨੀਵੀਆਂ ਬਸਤੀਆਂ ਵਿੱਚ ਜਾ ਵੜਿਆ ਉੱਥੇ ਥਾਂ-ਥਾਂ ਸੀਵਰੇਜ ਓਵਰਫਲੋਅ ਹੋ ਗਏ ਅਤੇ ਸ਼ਹਿਰ ਦੀਆਂ ਲਗਪਗ ਸਾਰੀਆਂ ਸੜਕਾਂ ਨੇ ਝੀਲਾਂ ਦਾ ਰੂਪ ਧਾਰੀ ਰੱਖਿਆ। ਮੌਸਮ ਮਾਹਿਰਾਂ ਅਨੁਸਾਰ ਆਉਂਦੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ।
ਸ਼ਨਿੱਚਰਵਾਰ ਸਾਰਾ ਦਿਨ ਮੀਂਹ ਪੈਣ ਨਾਲ ਪਹਿਲਾਂ ਹੀ ਹਾਲੋਂ ਬੇਹਾਲ ਹੋਏ ਲੁਧਿਆਣਾ ਸ਼ਹਿਰ ਦੀ ਹਾਲਤ ਐਤਵਾਰ ਪਏ ਮੀਂਹ ਨੇ ਹੋਰ ਵੀ ਬਦਹਾਲ ਕਰ ਦਿੱਤੀ। ਤੜਕੇੇ 4 ਵਜੇ ਤੋਂ ਤੇਜ਼ ਰਫਤਾਰ ਨਾਲ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਸਾਰਾ ਦਿਨ ਹੀ ਪੈਂਦਾ ਰਿਹਾ। ਇਸ ਮੀਂਹ ਨਾਲ ਇੱਥੋਂ ਦੇ ਜਮਾਲਪੁਰ ਚੌਂਕ, ਪੁਲੀਸ ਕਲੋਨੀ, ਵਰਧਮਾਨ ਰੋਡ, ਬਾਬਾ ਥਾਨ ਸਿੰਘ ਚੌਂਕ, ਢੋਕਾਂ ਮੁਹੱਲਾ, ਤਿਕੋਣਾ ਪਾਰਕ, ਸ਼ਿੰਗਾਰ ਸਿਨੇਮਾ ਰੋਡ, ਮੋਤੀ ਨਗਰ, ਸ਼ਿਵਾਜੀ ਨਗਰ, ਗਊਸ਼ਾਲਾ ਰੋਡ, ਮਾਧੋਪੁਰੀ, ਸੁੰਦਰ ਨਗਰ ਆਦਿ ਥਾਵਾਂ ’ਤੇ ਸੀਵਰੇਜ ਓਵਰ ਫਲੋਅ ਹੋਣ ਕਾਰਨ ਗੰਦਾ ਪਾਣੀ ਸੜ੍ਹਕਾਂ ’ਤੇ ਘੁੰਮਦਾ ਰਿਹਾ। ਮੀਂਹ ਜਿਆਦਾ ਹੋਣ ਕਰਕੇ ਬਸ ਸਟੈਂਡ, ਫਿਰੋਜ਼ਪੁਰ ਰੋਡ, ਚੌੜਾ ਬਾਜ਼ਾਰ, ਦਮੌਰੀਆ ਪੁਲ, ਵਰਧਮਾਨ ਰੋਡ, ਗੁਰੂ ਅਰਜਨ ਦੇਵ ਨਗਰ, ਟ੍ਰਾਂਸਪੋਰਟ ਨਗਰ, ਸੁਭਾਸ਼ ਨਗਰ, ਬਾਬਾ ਥਾਨ ਸਿੰਘ ਚੌਂਕ ਆਦਿ ਦੀਆਂ ਸੜਕਾਂ ’ਤੇ ਪਾਣੀ ਇੰਨਾ ਜ਼ਿਆਦਾ ਖੜ੍ਹ ਗਿਆ ਕਿ ਚਾਰ ਪਹੀਆ ਵਾਹਨਾਂ ਨੂੰ ਵੀ ਨਿਕਲਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਸੜਕਾਂ ਧਸ ਗਈਆਂ ਅਤੇ ਕਈ ਸੜਕਾਂ ’ਤੇ ਵੱਡੇ ਵੱਡੇ ਖੱਡੇ ਬਣ ਗਏ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਦੂਜੇ ਪਾਸੇ ਲਗਾਤਾਰ ਪਏ ਇਸ ਮੀਂਹ ਨੇ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਉੱਚਾ ਕਰ ਦਿੱਤਾ। ਬੁੱਢੇ ਦਰਿਆ ’ਤੇ ਬਣੀਆਂ ਕਈ ਪੁਰਾਣੀਆਂ ਪੁਲੀਆਂ, ਨੀਵੀਆਂ ਹੋਣ ਕਰਕੇ ਇਨ੍ਹਾਂ ਵਿੱਚ ਫਸੀ ਬੂਟੀ ਪਾਣੀ ਵਿੱਚ ਅੜਿੱਕਾ ਬਣੀ ਰਹੀ। ਇਸ ਕਾਰਨ ਪਾਣੀ ਓਵਰਫਲੋਅ ਹੋ ਕੇ ਕਈ ਨੀਵੀਆਂ ਬਸਤੀਆਂ ਵਿੱਚ ਚਲਾ ਗਿਆ। ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਰਕੇ ਸ਼ਹਿਰ ਦੇ ਸੀਵਰੇਜ ਦੇ ਪਾਈਪਾਂ ਦੇ ਪਾਣੀ ਨਿਕਾਸੀ ਪੂਰੀ ਤਰ੍ਹਾਂ ਰੁਕ ਗਈ ਅਤੇ ਇਹੋ ਹੀ ਵਜ੍ਹਾ ਸੀ ਕਿ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਸੜ੍ਹਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਸ਼ਹਿਰ ਅਤੇ ਆਸ-ਪਾਸ ਦੀਆਂ ਬਹੁਤੀਆਂ ਸੜਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਇਹ ਬਦਬੂ ਮਾਰ ਰਿਹਾ ਸੀ ਉੱਥੇ ਲੋਕਾਂ ਨੂੰ ਬਿਮਾਰੀਆਂ ਵੀ ਵੰਡ ਰਿਹਾ ਸੀ।

ਵਿਧਾਇਕ ਗਰੇਵਾਲ ਨੇ ਕੀਤਾ ਬੁੱਢੇ ਦਰਿਆ ਦਾ ਮੁਆਇਨਾ
ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਬੁੱਢੇ ਦਰਿਆ ਦਾ ਮੁਆਇਨਾ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਜੋਨ ਬੀ ਦੇ ਜੋਨਲ ਕਮਿਸ਼ਨਰ ਮੈਡਮ ਸੋਨਮ ਚੋਧਰੀ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦਰਿਆ ਦੇ ਖਤਰੇ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਵੀ ਦਿੱਤੇ।
ਨਗਰ ਨਿਗਮ ਲੁਧਿਆਣਾ ਵੱਲੋਂ ਫਲੱਡ ਕੰਟਰੋਲ ਰੂਮ ਸਥਾਪਤ
ਮੀਂਹ ਕਾਰਨ ਸਤਲੁਜ ਅਤੇ ਬੁੱਢੇ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਨਗਰ ਨਿਗਮ ਲੁਧਿਆਣਾ ਵੱਲੋਂ ਫਲੱਡ ਕੰਟਰੋਲ ਰੂਮ ਵੀ ਸਥਾਪਤ ਕਰ ਦਿੱਤਾ ਗਿਆ ਹੈ। ਐਮਰਜੈਂਸੀ ਵੇਲੇ ਲੁਧਿਆਣਾ ਵਿੱਚ ਬਣੇ ਹੜ੍ਹ ਕੰਟਰੋਲ ਰੂਮ ਨਾਲ 0161-2433100 ਅਤੇ 0161-2749120 ਨੰਬਰਾਂ ਰਾਹੀਂ ਸੰਪਰਕ ਕੀਤਾ ਜਾ ਸਕੇਗਾ। ਇਹ ਕੰਟਰੋਲ ਰੂਪ ਦਿਨ-ਰਾਤ ਕੰਮ ਕਰੇਗਾ।
ਪ੍ਰਸ਼ਾਸਨ ਵਲੋਂ ਬੁੱਢੇ ਨਾਲੇ ਦੇ ਕੰਢਿਆਂ ’ਤੇ ਨਾ ਜਾਣ ਦੀ ਸਲਾਹ
ਬੁੱਢਾ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਦੇ ਕੰਢਿਆਂ ‘ਤੇ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਬੁੱਢਾ ਦਰਿਆ ਵਿੱਚ ਵਹਾਅ ਦੇ ਪੱਧਰ ਵਿੱਚ ਵਾਧਾ ਹੋਣ ਕਾਰਨ, ਦਰਿਆ ਦੇ ਕਿਨਾਰੇ ਨੀਵੇਂ ਇਲਾਕਿਆਂ ਅਤੇ ਘਰਾਂ/ਝੁੱਗੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।

Advertisement
Tags :
Author Image

Advertisement
Advertisement
×