ਕਿਸਾਨ ’ਤੇ ਕਾਰਵਾਈ ਕਰਨ ਆਏ ਅਧਿਕਾਰੀਆਂ ਦਾ ਘਿਰਾਓ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਨਵੰਬਰ
ਪਿੰਡ ਅਮਲਾ ਸਿੰਘ ਵਾਲਾ ਵਿੱਚ ਖੇਤ ਵਿੱਚ ਪਰਾਲੀ ਸਾੜਨ ’ਤੇ ਕਿਸਾਨ ਖ਼ਿਲਾਫ਼ ਕਾਰਵਾਈ ਕਰਨ ਪੁੱਜੇ ਅਧਿਕਾਰੀਆਂ ਦਾ ਬੀਕੇਯੂ ਉਗਰਾਹਾਂ ਵਲੋਂ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕੇਂਦਰ ਤੇ ਰਾਜ ਸਰਕਾਰ ਵੱਲੋਂ ਪਰਾਲੀ ਦਾ ਢੁਕਵਾਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਹੈ। ਸਰਕਾਰ ਨੇ ਆਦੇਸ਼ਾਂ ’ਤੇ ਪਰਾਲੀ ਦਾ ਫੂਸ ਮਚਾਉਣ ਵਾਲੇ ਕਿਸਾਨਾਂ ਉਪਰ ਕਾਰਵਾਈ ਕਰਨ ਅਧਿਕਾਰੀਆਂ ਨੂੰ ਭੇਜ ਰਹੀ ਹੈ ਜਿਸਦਾ ਪਤਾ ਲੱਗਣ ‘ਤੇ ਕਿਸਾਨ ਜਥੇਬੰਦੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸੇ ਕਿਸਾਨ ਉੱਪਰ ਪਰਚਾ ਦਰਜ ਕੀਤਾ ਗਿਆ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਧਿਕਾਰੀਆਂ ਅਤੇ ਕਿਸਾਨਾਂ ਦਾ ਦਰਮਿਆਨ ਬਹਿਸਬਾਜ਼ੀ ਵੀ ਹੋਈ।
ਥਾਣਾ ਠੱਲ੍ਹੀਵਾਲ ਦੇ ਮੁਖੀ ਸ਼ਰੀਫ਼ ਖ਼ਾਨ ਨੇ ਆਪਣੀ ਪੁਲੀਸ ਪਾਰਟੀ ਸਮੇਤ ਪੁੱਜ ਕੇ ਸਥਿਤੀ ਦਾ ਜ਼ਾਇਜ਼ਾ ਲਿਆ ਅਤੇ ਕਿਹਾ ਕਿ ਸਾਰੀ ਰਿਪੋਰਟ ਤਿਆਰ ਕਰਕੇ ਉਚ ਅਧਿਕਾਰੀਆ ਰਾਹੀਂ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇਗੀ।