ਅਧਿਕਾਰੀਆਂ ਨੇ ਪੋਲਿੰਗ ਬੂਥਾਂ ’ਤੇ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ
ਪੱਤਰ ਪ੍ਰੇਰਕ
ਰਤੀਆ, 2 ਸਤੰਬਰ
ਰਿਟਰਨਿੰਗ ਅਫ਼ਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੇ ਰਤੀਆ ਖੇਤਰ ਵਿੱਚ ਬਣਾਏ ਗਏ ਪੋਲਿੰਗ ਬੂਥਾਂ ’ਤੇ ਮੁੱਢਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਨਾਲ ਵੋਟਿੰਗ ਸਬੰਧੀ ਗੱਲਬਾਤ ਕੀਤੀ ਅਤੇ ਸਕੂਲ ਵਿੱਚ ਪੜ੍ਹਾਉਣ ਦੇ ਕੰਮ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਤਹਿਸੀਲਦਾਰ ਵਿਜੈ ਕੁਮਾਰ, ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਬੀਡੀਪੀਓ ਹਨੀਸ਼ ਕੁਮਾਰ, ਵਿਕਾਸ ਕੁਮਾਰ ਲੰਗਿਆਣ ਅਤੇ ਐੱਸਡੀਓ ਆਂਚਲ ਜੈਨ ਨੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਰੈਸਟ ਹਾਊਸ, ਲਾਲੀ ਰੋਡ ਸਕੂਲ, ਭੂਨਾ ਰੋਡ ਅਤੇ ਪੋਲਿੰਗ ਸਟੇਸ਼ਨਾਂ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ’ਤੇ ਬਿਜਲੀ, ਪੀਣ ਵਾਲੇ ਪਾਣੀ, ਪਖਾਨੇ ਅਤੇ ਦਿਵਿਆਂਗਾਂ ਲਈ ਰੈਂਪ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ। ਇਸ ਦੌਰਾਨ ਪ੍ਰਿੰਸੀਪਲ ਅਵਨੀਸ਼ ਗਰਗ ਵੀ ਮੌਜੂਦ ਸਨ।