ਸਿੱਖਿਆ ਵਿਭਾਗ ਦੇ ਦਫ਼ਤਰੀ ਸਟਾਫ਼ ਵੱਲੋਂ ਕਲਮਛੋੜ ਹੜਤਾਲ ਸ਼ੁਰੂ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਜੁਲਾਈ
ਪੰਜਾਬ ਦੀ ‘ਆਪ’ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਅਤੇ ਝੂਠੇ ਲਾਰੇ ਲਾਉਣ ਦੇ ਦੋਸ਼ ਲਾਉਂਦਿਆਂ ਸਿੱਖਿਆ ਵਿਭਾਗ ਪੰਜਾਬ ਦੇ ਕੱਚੇ ਦਫ਼ਤਰੀ ਮੁਲਾਜ਼ਮ ਅਤੇ ਆਈਈਆਰਟੀ ਅਧਿਆਪਕਾਂ ਵੱਲੋਂ ਅੱਜ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਡੀਜੀਐੱਸਈ ਦਫ਼ਤਰ ਦਾ ਸਾਰਾ ਸਟਾਫ਼ ਵੀ ਹੜਤਾਲ ’ਤੇ ਰਿਹਾ, ਜਿਸ ਕਾਰਨ ਦਫ਼ਤਰੀ ਕੰਮਕਾਜ ਠੱਪ ਰਿਹਾ। ਇਸੇ ਤਰ੍ਹਾਂ ਸਮੂਹ ਜ਼ਿਲ੍ਹਾ ਸਿੱਖਿਆ ਅਤੇ ਬਲਾਕ ਸਿੱਖਿਆ ਦਫ਼ਤਰਾਂ ਦੇ ਕੱਚੇ ਮੁਲਾਜ਼ਮ ਵੀ ਹੜਤਾਲ ’ਤੇ ਰਹੇ।
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਸੰਧਾ, ਰਾਜਵੀਰ, ਭਵਨੀਸ਼ ਕੁਮਾਰ, ਪ੍ਰਦੀਪ ਸਿੰਘ, ਹਰਦੀਪ ਸਿੰਘ ਤੇ ਜਗਮੋਹਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ 10 ਮਹੀਨਿਆਂ ਤੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਪ੍ਰਚਾਰ ਕਰ ਰਹੀ ਹੈ ਜਦਕਿ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਆਗੂਆਂ ਨੇ ਦੱਸਿਆ ਕਿ 7 ਅਕਤੂਬਰ 2022 ਨੂੰ ਸਿੱਖਿਆ ਨੀਤੀ ਜਾਰੀ ਕਰਨ ਸਮੇਂ ਮੁਲਾਜ਼ਮਾਂ ਨੇ ਕੁੱਝ ਖ਼ਦਸ਼ੇ ਜ਼ਾਹਿਰ ਕੀਤੇ ਸਨ, ਜਿਸ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੱਤਰਕਾਰ ਸੰਮੇਲਨ ਵਿੱਚ ਸਪੱਸ਼ਟ ਆਖਿਆ ਸੀ ਕਿ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਹੋਣ ’ਤੇ ਪੂਰੇ ਪੇਅ-ਸਕੇਲ, ਭੱਤੇ, ਸੀਐੱਸਆਰ ਰੂਲ ਅਤੇ ਪੈਨਸ਼ਨਰੀ ਲਾਭ ਦਿੱਤੇ ਜਾਣਗੇ ਪ੍ਰੰਤੂ ਹੁਣ ਤੱਕ ਕਾਰਵਾਈ ਅੱਗੇ ਨਹੀਂ ਤੁਰੀ ਹੈ ਅਤੇ ਹੁਕਮਰਾਨ ਤੇ ਉੱਚ ਅਧਿਕਾਰੀ ਲਾਰੇ ਲਗਾ ਕੇ ਡੰਗ ਟਪਾਉਂਦੇ ਆ ਰਹੇ ਹਨ।
ਕਲਰਕ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ’ਤੇ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਡੀਸੀ ਦਫ਼ਤਰ ਦੇ ਸਾਰੇ ਕਲਰਕ ਅੱਜ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ। ਇਨ੍ਹਾਂ ਦੇ ਨਾਲ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਭਾਗਾਂ ਦੇ ਕਲਰਕ ਵੀ ਇਸ ਹੜਤਾਲ ’ਚ ਸ਼ਾਮਲ ਹੋ ਗਏ ਹਨ। ਸਾਰੇ ਹੜਤਾਲੀਆਂ ਵੱਲੋਂ ਅੱਜ ਸੈਕਟਰ-5 ਸਥਿਤ ਧਰਨਾ ਗਰਾਊਂਡ ਵਿੱਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੂਰੇ ਹਰਿਆਣਾ ਵਿੱਚ 35 ਹਜ਼ਾਰ ਤੋਂ ਵੱਧ ਕਲਰਕ ਹੜਤਾਲ ’ਤੇ ਹਨ। ਹੜਤਾਲੀ ਕਲਰਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਹੜਤਾਲ ਉੱਤੇ ਰਹਿਣਗੇ। ਜ਼ਿਲ੍ਹਾ ਪ੍ਰਧਾਨ ਮਨੋਜ ਅਤੇ ਜ਼ਿਲ੍ਹਾ ਕੋਆਰਡੀਨੇਟਰ ਹਰੀ ਓਮ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਕਲਰਕਾਂ ਦਾ ਨਵੇਂ ਤਨਖਾਹ ਸਕੇਲ 19900 ਦੀ ਕੈਟਾਗਰੀ ਦੀ ਥਾਂ 35400 ਦੇ ਸਕੇਲ ’ਚ ਰੱਖਿਆ ਜਾਵੇ। ਇਸ ਹੜਤਾਲ ਦਾ ਸਭ ਤੋਂ ਵੱਡਾ ਅਸਰ ਡੀਸੀ ਦਫ਼ਤਰ ਪੰਚਕੂਲਾ, ਜਨ ਸਿਹਤ, ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਹੁੱਡਾ ਅਥਾਰਿਟੀ ਅਤੇ ਨਗਰ ਨਿਗਮ ’ਤੇ ਪਿਆ।