ਅਕਤੂਬਰ ਇਨਕਲਾਬ ਨੇ ਕਿਰਤੀਆਂ ਨੂੰ ਜਿਊਣ ਦਾ ਢੰਗ ਦੱਸਿਆ: ਪ੍ਰੋ. ਜੈਪਾਲ
ਗੁਰਿੰਦਰ ਸਿੰਘ
ਲੁਧਿਆਣਾ, 7 ਨਵੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਬੀਤੀ ਸ਼ਾਮ ਅਕਤੂਬਰ ਇਨਕਲਾਬ ਦੀ ਵਰ੍ਹੇ ਗੰਢ ਮਨਾਈ ਗਈ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਮਰੇਡ ਰਘਵੀਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਉੱਘੇ ਬੁੱਧੀਜੀਵੀ ਪ੍ਰੋ. ਜੈਪਾਲ ਸਿੰਘ ਨੇ ਕਿਹਾ ਕਿ ਰੂਸ ਅੰਦਰ ਅਕਤੂਬਰ 1917 ’ਚ ਹੋਏ ਇਨਕਲਾਬ ਨੇ ਸਾਰੀ ਦੁਨੀਆਂ ਦੇ ਕਿਰਤੀ ਲੋਕਾਂ ਨੂੰ ਮਨੁੱਖਾਂ ਵਾਂਗ ਜ਼ਿੰਦਗੀ ਜਿਊਣ ਦਾ ਢੰਗ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਾਲਕਾਂ, ਰਜਵਾੜਿਆਂ ਤੇ ਪੂੰਜੀਪਤੀਆਂ ਵੱਲੋਂ ਇਨਸਾਨਾਂ ਕੋਲੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ ਤੇ ਉਨ੍ਹਾਂ ਦੀ ਮਾਨਸਿਕ, ਆਰਥਿਕ, ਸਰੀਰਕ ਤੇ ਹਰ ਤਰ੍ਹਾਂ ਦੀ ਲੁੱਟ ਕੀਤੀ ਜਾਂਦੀ ਸੀ ਪਰ ਰੂਸ ਦੇ ਆਗੂ ਵੀਆਈ ਲੈਲਿਨ ਨੇ ਕਾਰਲ ਮਾਰਕਸ ਦੇ ਸਿਧਾਂਤ ਨੂੰ ਆਪਣੇ ਦੇਸ਼ ਵਿੱਚ ਲਾਗੂ ਕਰ ਕੇ ਦੱਸ ਦਿੱਤਾ ਕਿ ਮਜ਼ਦੂਰ ਕਿਸਾਨ ਰਾਜ ਸੱਤਾ ’ਤੇ ਕਾਬਜ਼ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਇਨਕਲਾਬ ਨੇ ਬਸਤੀਵਾਦੀ ਗੁਲਾਮੀ ਦੇ ਵਿਰੁੱਧ ਜੂਝ ਰਹੇ ਦੇਸ਼ਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਆਜ਼ਾਦੀ ਦਿਵਾਉਣ ਵਿੱਚ ਬਹੁਤ ਸਹਾਇਤਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਤੇ ਸਕੱਤਰ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਰੂਸ ਦੇ ਅਕਤੂਬਰ ਇਨਕਲਾਬ ਨੇ ਵੱਡਾ ਯੋਗਦਾਨ ਪਾਇਆ ਸੀ। ਸੂਬਾਈ ਆਗੂਆਂ ਪਰਮਜੀਤ ਸਿੰਘ, ਜਗਦੀਸ਼ ਚੰਦ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਜਿਵੇਂ ਮੁਫ਼ਤ ਵਿੱਦਿਆ, ਸਿਹਤ ਸਹੂਲਤਾਂ, ਵਿਧਵਾ ਅਤੇ ਬੁਢਾਪਾ ਪੈਨਸ਼ਨਾਂ ਆਦਿ ਦੀ ਸ਼ੁਰੂਆਤ ਰੂਸ ਤੋਂ ਹੀ ਹੋਈ ਹੈ। ਇਸ ਮੌਕੇ ਲਛਮਣ ਸਿੰਘ ਕੂਮਕਲਾਂ, ਸੁਖਵਿੰਦਰ ਸਿੰਘ ਰਤਨਗੜ੍ਹ, ਬਲਰਾਜ ਸਿੰਘ ਕੋਟਉਮਰਾ, ਦਿਵਾਨ ਸਿੰਘ ਕੋਟਉਮਰਾ, ਚਮਨ ਲਾਲ, ਬਲਰਾਮ ਸਿੰਘ, ਤਹਿਸੀਲਦਾਰ ਯਾਦਵ, ਗੁਰਦੀਪ ਸਿੰਘ ਕਲਸੀ, ਅਮਰਜੀਤ ਸਿੰਘ ਸਹਿਜਾਦ, ਸੁਰਜੀਤ ਸਿੰਘ ਸੀਲੋ, ਸ਼ਵਿੰਦਰ ਸਿੰਘ ਤਲਵੰਡੀ ਅਤੇ ਪਵਨ ਜੋਸ਼ੀ ਹਾਜ਼ਰ ਸਨ।