ਵਿਦਿਆਰਥੀਆਂ ਦੀ ਵਿਸ਼ੇਸ਼ ਪ੍ਰੀਖਿਆ ਲਈ ਲੱਖਾਂ ਦੀ ਫੀਸ ਦਾ ‘ਅੜਿੱਕਾ’ ਹੋਇਆ ਦੂਰ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜੁਲਾਈ
ਨੇੜਲੇ ਪਿੰਡ ਕਾਉਂਕੇ ਕਲਾਂ ਸਥਿਤ ਨਿੱਜੀ ਸਕੂਲ ਦੀ ਗਲਤੀ ਕਾਰਨ ਦਸਵੀਂ ਦੇ ਪੇਪਰ ਦੇਣ ਤੋਂ ਵਾਂਝੇ ਰਹਿ ਗਏ 27 ਵਿਦਿਆਰਥੀ ਹੁਣ 11 ਅਗਸਤ ਨੂੰ ‘ਸਪੈਸ਼ਲ ਪ੍ਰੀਖਿਆ’ ਦੇ ਸਕਣਗੇ। ਇਨ੍ਹਾਂ ਵਿਦਿਆਰਥੀਆਂ ਦੀ ਬਾਂਹ ਜਗਰਾਉਂ ਵੈੱਲਫੇਅਰ ਸੁਸਾਇਟੀ ਨਾਲ ਜੁੜੇ ਸ਼ਿਵ ਕੁਮਾਰ ਨੇ ਫੜੀ ਹੈ। ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਸਰਪ੍ਰਸਤ ਰਜਿੰਦਰ ਜੈਨ, ਡਾ. ਨਰਿੰਦਰ ਸਿੰਘ, ਰਾਜ ਕੁਮਾਰ ਭੱਲਾ ਤੇ ਹੋਰਨਾਂ ਦੀ ਮੌਜੂਦਗੀ ‘ਚ ਸ਼ਿਵ ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਦੇ ਪੇਪਰਾਂ ਲਈ ਬਣਦੀ 3,20,000 (ਤਿੰਨ ਲੱਖ ਵੀਹ ਹਜ਼ਾਰ ਰੁਪਏ) ਦਾ ਚੈੱਕ ਸੌਂਪਿਆ। ਮੰਗਲਵਾਰ ਨੂੰ ਪ੍ਰੀਖਿਆ ਦੀ ਫੀਸ ਭਰਨ ਦੀ ਆਖਰੀ ਮਿਤੀ ਸੀ ਪ੍ਰੰਤੂ ਪ੍ਰਾਈਵੇਟ ਸਕੂਲ ਦੀ ਕਥਿਤ ਜਾਅਲਸਾਜ਼ੀ ਦਾ ਖਮਿਆਜ਼ਾ ਭੁਗਤ ਰਹੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵਿਸ਼ੇਸ਼ ਪ੍ਰੀਖਿਆ ਦੀ ਮਹਿੰਗੀ ਫੀਸ ਭਰਨ ਦੇ ਅਸਮਰੱਥ ਸਨ। ਪਹਿਲਾਂ ਹੀ ਕੁਝ ਮਹੀਨੇ ਲੰਘਾ ਚੁੱਕੇ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਸਿਰ ‘ਤੇ ਇਕ ਸਾਲ ਖ਼ਰਾਬ ਹੋਣ ਦੀ ਤਲਵਾਰ ਲਟਕ ਰਹੀ ਸੀ। ਸੁਸਾਇਟੀ ਦੇ ਪ੍ਰਧਾਨ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਤੇ ਕੁਝ ਹੋਰਨਾਂ ਪਾਸੋਂ ਇਸ ਮਸਲੇ ਦੀ ਜਾਣਕਾਰੀ ਮਿਲੀ। ਉਨ੍ਹਾਂ ਸੁਸਾਇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਤੱਪੜ ਹਰਨੀਆਂ ਸਥਿਤ ਏਪੀ ਰਿਫਾਈਨਰੀ ਦੇ ਮਾਲਕ ਸ਼ਿਵ ਕੁਮਾਰ ਨੇ ਲੋੜਵੰਦ ਪਰਿਵਾਰਾਂ ਦੇ 23 ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਇਹ ਸਾਰਾ ਖਰਚਾ ਚੁੱਕਣ ਦਾ ਫ਼ੈਸਲਾ ਕੀਤਾ। ਐੱਸਬੀਬੀਐੱਸ ਖਾਲਸਾ ਸਕੂਲ, ਜਿੱਥੇ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਹੈ, ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਇਹ ਚੈੱਕ ਅੱਜ ਸ਼ਿਵ ਕੁਮਾਰ ਨੇ ਸੁਸਾਇਟੀ ਦੇ ਹੋਰਨਾਂ ਅਹੁਦੇਦਾਰਾਂ ਦੀ ਮੌਜੂਦਗੀ ‘ਚ ਸੌਂਪਿਆ। ਇਸ ਮੌਕੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਪਹੁੰਚੇ ਹੋਏ ਸਨ ਜਨਿ੍ਹਾਂ ਸੁਸਾਇਟੀ ਅਤੇ ਸ਼ਿਵ ਕੁਮਾਰ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਸਕੂਲ ਨੇ ਅੱਧੀ ਦਰਜਨ ਪਿੰਡਾਂ ਨਾਲ ਸਬੰਧਤ 27 ਵਿਦਿਆਰਥੀਆਂ ਦੀ ਬੋਰਡ ਕੋਲ ਫੀਸ ਨਹੀਂ ਸੀ ਭਰੀ ਜਿਸ ਕਰਕੇ ਇਹ ਰੱਫੜ ਪੈਦਾ ਹੋਇਆ ਅਤੇ ਵਿਦਿਆਰਥੀ ਸਾਲਾਨਾ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਇਸ ’ਤੇ ਬਾਅਦ ਲੋਕਾਂ ਨੇ ਧਰਨਾ ਮੁਜ਼ਾਹਰਾ ਕਰਨ ਤੋਂ ਇਲਾਵਾ ਘਿਰਾਓ ਵੀ ਕੀਤਾ ਸੀ। ਲੰਘੇ ਹਫ਼ਤੇ ਵਿਧਾਇਕ ਮਾਣੂੰਕੇ ਅਤੇ ਏਡੀਸੀ ਮੇਜਰ ਅਮਿਤ ਸਰੀਨ ਨੇ ਬੋਰਡ ਤੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਪੈਸ਼ਲ ਪੇਪਰਾਂ ਦਾ ਮੌਕਾ ਦਿਵਾਇਆ ਪਰ ਗੱਲ ਲੱਖਾਂ ਰੁਪਏ ਦੀ ਫੀਸ ’ਤੇ ਆ ਕੇ ਖੜ੍ਹ ਗਈ ਸੀ। ਇਸ ਫੀਸ ਵਾਲਾ ਅੜਿੱਕਾ ਅੱਜ ਸ਼ਿਵ ਕੁਮਾਰ ਦੇ ਸਹਿਯੋਗ ਨਾਲ ਦੂਰ ਹੋ ਗਿਆ ਹੈ ਅਤੇ ਹੁਣ ਇਹ ਸਾਰੇ ਵਿਦਿਆਰਥੀ ਗਿਆਰਾਂ ਅਗਸਤ ਤੋਂ ਦਸਵੀਂ ਦੀ ਵਿਸ਼ੇਸ਼ ਪ੍ਰੀਖਿਆ ’ਚ ਬੈਠ ਸਕਣਗੇ।