ਦਾਖਲਿਆਂ ਲਈ ਵਿਦਿਆਰਥੀਆਂ ਦੀ ਗਿਣਤੀ ਵਧੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਜੂਨ
ਯੂਟੀ ਦੇ 11 ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ 28 ਜੂਨ ਨੂੰ ਅੰਤਿਮ ਮਿਤੀ ਸੀ ਜਿਸ ਵਿਚ 20729 ਵਿਦਿਆਰਥੀਆਂ ਨੇ ਦਾਖਲਿਆਂ ਲਈ ਅਪਲਾਈ ਕੀਤਾ ਹੈ। ਕਾਲਜ ਵਿਚ ਦਾਖਲਿਆਂ ਲਈ ਪਿਛਲੇ ਤਿੰਨ ਸਾਲਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਸਾਲ ਦਰ ਸਾਲ ਵਧ ਰਹੀ ਹੈ। ਜਾਣਕਾਰੀ ਅਨੁਸਾਰ 2021-22 ਸੈਸ਼ਨ ਵਿਚ 19,711 ਵਿਦਿਆਰਥੀਆਂ ਨੇ ਕਾਲਜ ਵਿਚ ਦਾਖਲਿਆਂ ਲਈ ਅਪਲਾਈ ਕੀਤਾ ਸੀ ਜਦਕਿ 2022-23 ਲਈ 20411 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਇਸ ਵਾਰ ਬੀਬੀਏ, ਬੀਸੀਏ ਅਤੇ ਬੀਐੱਸਸੀ ਮੈਡੀਕਲ ਲਈ ਫਾਰਮ ਪਿਛਲੇ ਸੈਸ਼ਨ ਦੇ ਮੁਕਾਬਲੇ ਕਾਫੀ ਵਧੇ ਹਨ। ਪੰਜਾਬ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਦਾਖਲੇ ਲਈ ਚੰਡੀਗੜ੍ਹ ਦਾ ਕੋਟਾ ਖਤਮ ਕੀਤਾ ਜਾਵੇ ਤਾਂ ਕਿ ਉਚ ਅੰਕ ਲੈਣ ਵਾਲੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲਿਆਂ ਤੋਂ ਵਾਂਝਾ ਨਾ ਰਹਿਣਾ ਪਵੇ।
ਸਰਕਾਰੀ ਸਕੂਲਾਂ ‘ਚ 13875 ‘ਚੋਂ 13117 ਸੀਟਾਂ ਅਲਾਟ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਦੀਆਂ ਪਹਿਲੇ ਰਾਊਂਡ ਵਿਚ 13875 ਵਿਚੋਂ 13117 ਸੀਟਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਰਹਿੰਦੀਆਂ 758 ਸੀਟਾਂ ਦੂਜੀ ਜਾਂ ਤੀਜੀ ਕਾਊਂਸਲਿੰਗ ਤੋਂ ਬਾਅਦ ਭਰੀਆਂ ਜਾਣਗੀਆਂ ਜਿਸ ਲਈ ਕੰਪਾਰਟਮੈਂਟ ਤੇ ਹੋਰ ਨਤੀਜਿਆਂ ਦੀ ਉਡੀਕ ਕੀਤੀ ਜਾਵੇਗੀ ਪਰ ਇਨ੍ਹਾਂ ਸੀਟਾਂ ਵਿਚ ਵੀ ਸਰਕਾਰੀ ਸਕੂਲਾਂ ਵਿਚੋਂ ਦਸਵੀਂ ਜਮਾਤ ਪਾਸ ਚੁੱਕੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗਿਆਰ੍ਹਵੀਂ ਦੀਆਂ ਜਮਾਤਾਂ ਤਿੰਨ ਜੁਲਾਈ ਨੂੰ ਸ਼ੁਰੂ ਹੋਣਗੀਆਂ।