ਫੌਜੀਆਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ
ਅਜੈ ਬੈਨਰਜੀ
ਨਵੀਂ ਦਿੱਲੀ, 8 ਦਸੰਬਰ
ਦੇਸ਼ ਭਰ ਵਿੱਚ ਫੌਜੀਆਂ ਦੀਆਂ ਵਿਧਵਾਵਾਂ ਦੀ ਗਿਣਤੀ 6,98,252 ਹੈ ਜਿਨ੍ਹਾਂ ਵਿੱਚੋਂ ਤਿੰਨ ਲੱਖ ਦੇ ਕਰੀਬ ਵਿਧਵਾਵਾਂ ਉੱਤਰ-ਪੱਛਮੀ ਭਾਰਤ ਵਿੱਚ ਰਹਿੰਦੀਆਂ ਹਨ। ਇਸ ਖੇਤਰ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ ਸ਼ਾਮਲ ਹਨ। ਨਾ ਸਿਰਫ ਉੱਤਰ-ਪੱਛਮੀ ਖੇਤਰ ਬਲਕਿ ਦੇਸ਼ ਭਰ ’ਚੋਂ ਸਭ ਤੋਂ ਵੱਧ 74,253 ਫ਼ੌਜੀ ਵਿਧਵਾਵਾਂ ਪੰਜਾਬ ’ਚ ਰਹਿੰਦੀਆਂ ਹਨ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਅੱਜ ਲੋਕ ਸਭਾ ਵਿੱਚ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਬਾਅਦ ਦੂਜੇ ਨੰਬਰ ’ਤੇ ਕੇਰਲ ਅਤੇ ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਆਉਂਦਾ ਹੈ ਜਿਨ੍ਹਾਂ ਵਿੱਚ ਵਿਧਵਾਵਾਂ ਦੀ ਗਿਣਤੀ ਕ੍ਰਮਵਾਰ 69,507 ਤੇ 68,815 ਹੈ। ਇਸ ਤੋਂ ਬਾਅਦ ਵਿਧਵਾਵਾਂ ਦੀ ਗਿਣਤੀ ਹਰਿਆਣਾ ਵਿੱਚ 53546, ਉੱਤਰਾਖੰਡ ਵਿੱਚ 48924, ਰਾਜਸਥਾਨ ਵਿੱਚ 44665, ਹਿਮਾਚਲ ਪ੍ਰਦੇਸ਼ ਵਿੱਚ 39367, ਜੰਮੂ ਕਸ਼ਮੀਰ ਵਿੱਚ 21890, ਦਿੱਲੀ ਵਿੱਚ 14029 ਤੇ ਚੰਡੀਗੜ੍ਹ ਵਿੱਚ 2640 ਹੈ।
ਰੱਖਿਆ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਵਿਧਵਾਵਾਂ ਉਨ੍ਹਾਂ ਫੌਜੀਆਂ ਦੀਆਂ ਨਹੀਂ ਹਨ ਜਿਹੜੇ ਜੰਗ ਦੌਰਾਨ ਸ਼ਹੀਦ ਹੋਏ ਜਾਂ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ। ਇਹ ਅੰਕੜਾ ਦੇਸ਼ ਭਰ ਦੇ ਫੌਜੀਆਂ ਦੀਆਂ ਵਿਧਵਾਵਾਂ ਦਾ ਹੈ ਜਿਨ੍ਹਾਂ ਦੀ ਮੌਤ ਕਿਸੇ ਵੀ ਕਾਰਨ ਤੋਂ ਹੋਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਰਿਆਣਾ ਦੇਸ਼ ਭਰ ਵਿੱਚੋਂ ਛੇਵੇਂ ਸਥਾਨ ’ਤੇ ਹੈ ਅਤੇ ਇਸ ਸੂੁਬੇ ਵਿੱਚ ਵਿਧਵਾਵਾਂ ਦੀ ਗਿਣਤੀ 53,546 ਹੈ। ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਸੂਬਿਆਂ ਦੇ ਵੱਡੀ ਗਿਣਤੀ ਜਵਾਨ ਦੇਸ਼ ਦੇ ਸੁਰੱਖਿਆ ਬਲਾਂ ਵਿੱਚ ਤਾਇਨਾਤ ਹਨ।
ਦੱਸਣਾ ਬਣਦਾ ਹੈ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੰਸਦ ਮੈਂਬਰ ਸੁਨੀਲ ਦੱਤਾਤ੍ਰੇਅ ਤਤਕਰੇ ਨੇ ਸਾਬਕਾ ਫੌਜੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਧਵਾਵਾਂ ਪਰਿਵਾਰਕ ਪੈਨਸ਼ਨ ਦੀਆਂ ਹੱਕਦਾਰ ਹਨ ਜਿਹੜੀ ਕਿ ‘ਇਕ ਰੈਂਕ, ਇਕ ਪੈਨਸ਼ਨ’ ਤਹਿਤ ਹਰੇਕ ਪੰਜ ਸਾਲਾਂ ਬਾਅਦ ਸੋਧ ਕੇ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਲੋਕ ਸਭਾ ਨੂੰ ਜਾਣਕਾਰੀ ਦਿੱਤੀ ਕਿ ਪਰਿਵਾਰਕ ਪੈਨਸ਼ਨ ਨੂੰ ਮਹਿੰਗਾਈ ਰਾਹਤ ਭੱਤੇ ਨਾਲ ਜੋੜਿਆ ਗਿਆ ਹੈ ਜਿਸ ਵਿੱਚ ਹਰ ਛੇ ਮਹੀਨਿਆਂ ਬਾਅਦ ਸੋਧ ਕੀਤੀ ਜਾਂਦੀ ਹੈ।