ਧੂੰਏਂ ਕਾਰਨ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਧੀ
ਜਗਤਾਰ ਸਮਾਲਸਰ
ਏਲਨਾਬਾਦ, 10 ਨਵੰਬਰ
ਏਲਨਾਬਾਦ ਖੇਤਰ ਵਿੱਚ ਵਾਤਾਵਰਨ ਵਿੱਚ ਪ੍ਰਦੂਸ਼ਣ ਦੇ ਵਧਣ ਕਾਰਨ ਅੱਖਾਂ ਵਿੱਚ ਜਲਣ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਦਮਾ ਪੀੜਤ ਮਰੀਜ਼ਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ ਹਵਾ ਗੁਣਵੱਤਾ ਸੂਚਕ ਅੰਕ 300 ਨੂੰ ਪਾਰ ਕਰ ਗਿਆ। ਦੀਵਾਲੀ ਤੋਂ ਬਾਅਦ ਹਸਪਤਾਲਾਂ ਵਿੱਚ ਅੱਖਾਂ ਦੀ ਜਲਣ ਅਤੇ ਐਲਰਜੀ ਦੇ ਮਰੀਜ਼ਾਂ ਦੀ ਓਪੀਡੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅੱਖਾਂ ਦੇ ਮਾਹਿਰ ਡਾ. ਮੁਕੇਸ਼ ਚੌਧਰੀ ਦਾ ਕਹਿਣਾ ਹੈ ਕਿ ਵਾਤਾਵਰਨ ਵਿੱਚ ਇਸ ਧੂੰਏਂ ਕਾਰਨ ਲੋਕਾਂ ਨੂੰ ਅੱਖਾਂ ਸਬੰਧੀ ਵਧੇਰੇ ਸਮੱਸਿਆਵਾਂ ਆ ਰਹੀਆ ਹਨ। ਧੂੰਏਂ ਦੇ ਕਣ ਅੱਖਾਂ ਵਿੱਚ ਰਗੜ ਅਤੇ ਜਲਣ ਪੈਦਾ ਕਰਦੇ ਹਨ ਇਸ ਕਾਰਨ ਅੱਖਾਂ ਵਿੱਚ ਸੋਜ਼ਿਸ਼, ਲਾਲੀ ਅਤੇ ਜਲਣ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਸਕਦੀ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਦਨ ਜੈਨ ਦਾ ਕਹਿਣਾ ਹੈ ਕਿ ਇਹ ਇੱਕ ਕਿਸਮ ਦਾ ਜ਼ਹਿਰੀਲਾ ਧੂੰਆਂ ਹੈ ਜੋ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਜਿਨ੍ਹਾਂ ਲੋਕਾਂ ਨੂੰ ਚਮੜੀ, ਫੇਫੜਿਆਂ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਆਦਿ ਬਿਮਾਰੀਆਂ ਹਨ, ਉਨ੍ਹਾਂ ਨੂੰ ਸਵੇਰ ਦੀ ਸੈਰ ਕਰਨ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸਰੀਰਕ ਪਾਵਰ ਨੂੰ ਵਧਾਉਣ ਲਈ ਅਦਰਕ, ਤੁਲਸੀ ਅਤੇ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹਿਦਾ ਹੈ।
ਮੈਡੀਕਲ ਸਟੋਰਾਂ ’ਤੇ ਮਰੀਜ਼ਾਂ ਦੀਆਂ ਕਤਾਰਾਂ
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਆਮ ਲੋਕ ਧੂੁੰਏਂ ਦੀ ਲਪੇਟ ’ਚ ਆਉਣ ਲੱਗ ਪਏ ਹਨ। ਲੋਕਾਂ ਨੂੰ ਸਾਹ, ਖੰਘ, ਸਿਰਦਰਦ ਅਤੇ ਜੁਕਾਮ ਵਰਗੀਆਂ ਬਿਮਾਰੀਆਂ ਲੱਗ ਰਹੀਆਂ ਹਨ। ਜਿਹੜੇ ਲੋਕਾਂ ਨੂੰ ਧੂੰਏਂ ਤੋਂ ਐਲਰਜੀ ਹੈ ਉਹ ਜ਼ਿਆਦਾ ਪ੍ਰੇਸ਼ਾਨ ਹਨ। ਮੈਡੀਕਲ ਸਟੋਰਾਂ ’ਤੇ ਜ਼ਿਆਦਾ ਗਿਣਤੀ ਸਾਹ, ਦਮਾ, ਖੰਘ ਦੇ ਮਰੀਜ਼ਾਂ ਦੀ ਹੈ ਜੋ ਪਰਾਲੀ ਦੇ ਧੂੰਏਂ ਕਾਰਨ ਹੀ ਹਨ।