ਦਿੱਲੀ ਵਿੱਚ ਮਰੀਜ਼ਾਂ ਦੀ ਗਿਣਤੀ 16 ਲੱਖ ਤੋਂ ਟੱਪੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਗਸਤ
ਕੌਮੀ ਰਾਜਧਾਨੀ ਵਿੱਚ ਬੀਤੇ ਦਨਿਾਂ ਦੌਰਾਨ ਕੋਵਿਡ-19 ਦਾ ਸ਼ਿਕਾਰ ਬਣੇ ਮਰੀਜ਼ਾਂ ਦੀ ਜੋ ਗਿਣਤੀ ਹਜ਼ਾਰ ਤੋਂ ਹੇਠਾਂ ਆ ਗਈ ਸੀ ਹੁਣ ਮੁੜ ਰੋਜ਼ਾਨਾ ਹਜ਼ਾਰ ਤੋਂ ਉਪਰ ਹੋਣ ਲੱਗੀ ਹੈ। ਬੀਤੇ 24 ਘੰਟਿਆਂ ਦੌਰਾਨ ਦਿੱਲੀ ਅੰਦਰ 1412 ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤਕ ਕੁੱਲ ਮਰੀਜ਼ਾਂ ਦੀ ਗਿਣਤੀ 160016 ਹੋ ਚੁੱਕੀ ਹੈ। ਠੀਕ ਹੋਣ ਵਾਲੇ ਮਰੀਜ਼ 144138 ਹੋ ਹਨ, ਜਦਕਿ ਮ੍ਰਿਤਕਾਂ ਦੀ ਗਿਣਤੀ 4,284 ’ਤੇ ਪੁੱਜ ਗਈ ਹੈ। ਬੀਤੇ 24 ਘੰਟਿਆਂ ਦੌਰਾਨ 14 ਮੌਤਾਂ ਹੋਈਆਂ ਹਨ। ਸਰਗਰਮ ਮਰੀਜ਼ 11594 ਹਨ ਤੇ ਦਿੱਲੀ ਅੰਦਰ ਸੀਲ ਕੀਤੇ ਇਲਾਕਿਆਂ ਦੀ ਗਿਣਤੀ 591 ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਇਲਾਜ ਕਰਵਾਉਣ ਵਾਲੇ 5791 ਮਰੀਜ਼ ਹਨ। ਬੀਤੇ ਦਿਨ 1230 ਲੋਕ ਸਿਹਤਮੰਦ ਹੋ ਕੇ ਘਰਾਂ ਨੂੰ ਪਰਤੇ ਤੇ ਕੋਵਿਡ-19 ਤਹਿਤ ਮਿਲੀਆਂ ਹਦਾਇਤਾਂ ਮੁਤਾਬਕ ਜੀਅ ਰਹੇ ਹਨ।
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਧਿਆਨ ਹੁਣ ਰਾਜਧਾਨੀ ਅੰਦਰ ਮੌਤਾਂ ਦੀ ਦਰ ਘਟਾਉਣ ਵੱਲ ਹੈ। ਉਨ੍ਹਾਂ ਬੀਤੇ 24 ਘੰਟਿਆਂ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਮ੍ਰਿਤਕਾਂ ਦੀ ਗਿਣਤੀ ਘਟਾਉਣ ਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੋਟਲ ਤੇ ਹਫ਼ਤਾਵਾਰੀ ਬਾਜ਼ਾਰ ਸਮਾਜਕ ਦੂਰੀਆਂ ਰੱਖਣ ਦੇ ਨਿਯਮ ਲਾਗੂ ਕਰਕੇ ਖੋਲ੍ਹਣ ਦੀ ਹਦਾਇਤ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਕੋਵਿਡ-19 ਰੋਕੂ ਨਿਯਮਾਂ ਮੁਤਾਬਕ ਹੋਟਲ ਖੋਲ੍ਹਣ, ਸੈਨੇਟਾਈਜ਼ ਕਰਨ ਦੀ ਪ੍ਰਕਿਰਿਆ ਅਪਨਾਉਣ ਤੇ ਈ-ਬਟੂਏ ਰਾਹੀਂ ਪੈਸੇ ਦੀ ਅਦਾਇਗੀ ਕਰਨ, ਕਮਰਿਆਂ ਤੇ ਗੁਸਲਖ਼ਾਨਿਆਂ ਦੀ ਲਗਾਤਾਰ ਸਫ਼ਾਈ ਤੇ ਭੀੜ ਨਾ ਹੋਣ ਦੇਣ ਵਰਗੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੋਵੇਗੀ।
ਲੋਕਾਂ ਵਿੱਚ ਮਾਨਸਿਕ ਤਣਾਅ ਵਧਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਰਾਜਧਾਨੀ ਦੇ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਮਗਰੋਂ ਬਿਮਾਰੀ ਦਾ ਲੋਕਾਂ ’ਤੇ ਮਾਨਸਿਕ ਅਤੇ ਸਮਾਜਿਕ ਅਸਰ ਵੀ ਪੈਣ ਲੱਗਿਆ ਹੈ, ਜਿਸ ਕਰ ਕੇ ਉਹ ਤਣਾਅ ਭਰੀ ਜ਼ਿੰਦਗੀ ਜੀਣ ਲੱਗੇ ਹਨ। ਲੌਕਡਾਊਨ ਦੀ ਪ੍ਰਕਿਰਿਆ ਸ਼ੁਰੂ ਹੋਣ ਮਗਰੋਂ ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਤੇ ਕਈਆਂ ਦੀ ਆਮਦਨੀ ਉਪਰ ਖਾਸਾ ਅਸਰ ਪਿਆ, ਜਿਸ ਕਰ ਕੇ ਤਣਾਅ ਭਰੇ ਸਬੰਧਾਂ ਦੀ ਸ਼ੁਰੂਆਤ ਹੋਈ। ਅਜਿਹੇ ਹਾਲਾਤਾਂ ਵਿੱਚ ਲੋਕ ਆਪਣੇ-ਆਪ ਦਾ ਨੁਕਸਾਨ ਵੀ ਕਰਨ ਲੱਗੇ ਹਨ, ਜਿਸ ਵਿੱਚ ਸਰੀਰਕ ਸੱਟਾਂ ਸਮੇਤ ਮਾਨਸਿਕ ਪ੍ਰੇਸ਼ਾਨੀਆਂ ਵੀ ਸ਼ਾਮਲ ਹਨ। ਦਿੱਲੀ ਦੇ ਏਮਸ, ਪੜਪੜ ਗੰਜ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਤੇ ਵੈਸ਼ਾਲੀ ਖੇਤਰ ਵਿੱਚ ਬਣੇ ਮੈਕਸ ਹਸਪਤਾਲ ਵਿੱਚ ਅਜਿਹੇ ਮਰੀਜ਼ ਆਏ ਜੋ ਕੋਵਿਡ-19 ਮਗਰੋਂ ਲੱਗੇ ਲੌਕਡਾਊਨ ਦੌਰਾਨ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਘਿਰੇ ਹਏ ਸਨ। ਉਪਰੋਕਤ ਹਸਪਤਾਲਾਂ ਦੇ ਅੰਕੜੇ ਜ਼ਾਹਰ ਕਰਦੇ ਹਨ ਕਿ ਖ਼ੁਦ ਨੂੰ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਲੌਕਡਾਊਨ ਮਗਰੋਂ ਪੈਦਾ ਹੋਏ ਹਾਲਤਾਂ ਕਾਰਨ ਵਧੀਆਂ ਹਨ। ਮਾਹਰ ਡਾ. ਮਨੋਜ ਜੌਹਰ ਮੁਤਾਬਕ ਲੌਕਡਾਊਨ ਦੌਰਾਨ ਨਿਜੀ ਤੌਰ ‘ਤੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ 3 ਤੋਂ 4 ਗੁਣਾ ਵਧੀਆਂ ਹਨ। ਏਮਸ ਵਿਖੇ ਹੀ ਅਜਿਹੇ ਦੋ ਦਰਜਨ ਮਾਮਲੇ ਆਏ ਤੇ ਅਪਰੈਲ ਤੋਂ ਜੁਲਾਈ ਦੌਰਾਨ ਮਾਨਸਿਕ ਪੀੜਾ ਝੱਲ ਰਹੇ ਲੋਕਾਂ ਨੇ ਤੇਜ਼ਧਾਰਦਾਰ ਵਸਤਾਂ ਨਾਲ ਖ਼ੁਦ ਨੂੰ ਸੱਟਾਂ ਲਾਈਆਂ। ਮੈਕਸ ਦੇ ਦੋਨਾਂ ਹਸਪਤਾਲਾਂ ਵਿੱਚ ਮਈ ਤੋਂ ਜੁਲਾਈ ਸਮੇਂ 40 ਲੋਕਾਂ ਨੇ ਆਪਣੇ-ਆਪ ਨੂੰ ਸੱਟਾਂ ਲੁਆਈਆਂ। ਇਸ ਤੋਂ ਪਹਿਲਾਂ ਖ਼ੁਦ ਜ਼ਖ਼ਮੀ ਹੋਣ ਦੇ 7, 8 ਮਾਮਲੇ ਆਉਂਦੇ ਸਨ, ਹੁਣ 5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ਖ਼ੁਦ ਜ਼ਖ਼ਮੀ ਹੋਏ ਲੋਕਾਂ ਵਿੱਚ 20 ਸਾਲ ਦੀ ਉਮਰ ਦੇ ਨੇੜੇ-ਤੇੜੇ ਦੇ ਨੌਜਵਾਨ ਜ਼ਿਆਦਾ ਹਨ।