ਮਰੀਜ਼ਾਂ ਦੀ ਗਿਣਤੀ ਵਧਣ ਦਾ ਸਿਲਸਿਲਾ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਦਿੱਲੀ ਸਰਕਾਰ ਦੇ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ ਕੋਵਿਡ-19 ਦੇ 1250 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਕਰ ਕੇ ਮਰੀਜ਼ਾਂ ਦੀ ਕੁੱਲ ਗਿਣਤੀ 15,8,604 ਹੋ ਗਈ ਹੈ। 13 ਲੋਕ ਕਰੋਨਾਵਾਇਰਸ ਕਾਰਨ ਮਾਰੇ ਗਏ ਤੇ ਕੁੱਲ ਮ੍ਰਿਤਕਾਂ ਦਾ ਅੰਕੜਾ 4,270 ’ਤੇ ਪੁੱਜ ਗਿਆ ਹੈ। ਬੀਤੇ ਦਿਨ 1082 ਮਰੀਜ਼ ਠੀਕ ਹੋਏ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 142908 ਹੋ ਚੁੱਕੀ ਹੈ, ਜਦਕਿ ਸਰਗਰਮ ਮਰੀਜ਼ 11426 ਹਨ। ਇਸ ਤੋਂ ਇਲਾਵਾ ਦਿੱਲੀ ਅੰਦਰ 589 ਸੀਲ ਕੀਤੇ ਇਲਾਕੇ ਹਨ।
ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ ਹੁਣ 100 ਦਨਿਾਂ ਤੋਂ ਵੱਧ ਸਮੇਂ ਵਿੱਚ ਇਥੇ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। ਇਸ ਤੋਂ ਇਲਾਵਾ ਮੌਤ ਦਰ ਵੀ 1.4 ਫ਼ੀਸਦ ’ਤੇ ਆ ਗਈ। ਦੇਸ਼ ਵਿੱਚ ਹਰ 28.8 ਦਨਿਾਂ ਵਿਚ ਕੇਸ ਦੁੱਗਣੇ ਹੋ ਰਹੇ ਹਨ। ਦੇਸ਼ ਵਿਚ ਕਰੋਨਾ ਦੀ ਮੌਤ ਦਰ 1.89 ਫ਼ੀਸਦ ਹੈ ਜੋ ਕਿ ਦਿੱਲੀ ਨਾਲੋਂ ਕਿਤੇ ਵੱਧ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 62282 ਮਰੀਜ਼ ਠੀਕ ਹੋਏ ਹਨ। ਕੁੱਲ ਮਰੀਜ਼ਾਂ ਦੀ ਗਿਣਤੀ 21.5 ਲੱਖ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਿਕਵਰੀ ਦੀ ਦਰ 74.30 ਫ਼ੀਸਦ ਤੱਕ ਪਹੁੰਚ ਗਈ ਹੈ। ਦਿੱਲੀ ਪਹਿਲੇ ਨੰਬਰ ’ਤੇ ਹੈ ਜਿਥੇ 90 ਫ਼ੀਸਦ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਇੱਥੇ 12, 000 ਸਰਗਰਮ ਕੇਸ ਹਨ ਤੇ ਰਿਕਵਰੀ ਦੀ ਦਰ ਤੇਜ਼ੀ ਨਾਲ ਚੜ੍ਹ ਰਹੀ ਹੈ। 1 ਜੁਲਾਈ ਨੂੰ ਦਰ ਦੇਸ਼ ਦੇ ਬਰਾਬਰ ਸੀ ਯਾਨੀ 20 ਦਿਨ, 17 ਜੁਲਾਈ ਤੱਕ ਦਰ 58 ਦਿਨ ਹੋ ਗਈ, 1 ਅਗਸਤ ਨੂੰ ਇਹ 90 ਦਿਨ ਸੀ ਤੇ ਹੁਣ ਇਹ 101.5 ਦਿਨ ਹੈ।
ਕਰੀਬ ਚਾਰ ਲੱਖ ਮਰੀਜ਼ਾਂ ਨੇ ਟੈਲੀਮੈਡੀਸਨ ਰਾਹੀਂ ਇਲਾਜ ਕਰਵਾਇਆ
ਦਿੱਲੀ ਵਿੱਚ ਚਾਰ ਲੱਖ ਦੇ ਕਰੀਬ ਮਰੀਜ਼ਾਂ ਨੇ ਘਰਾਂ ਵਿੱਚ ਇਕਾਂਤਵਾਸ ਦੌਰਾਨ ਇਲਾਜ ਦੀ ਸਹੂਲਤ ਘਰ ਬੈਠੇ ਹੀ ਟੈਲੀਮੈਡੀਸਨ ਰਾਹੀਂ ਹਾਸਲ ਕੀਤੀ। ਦਿੱਲੀ ਸਰਕਾਰ ਦੀ ਇਸ ਸਹੂਲਤ ਦੇ ਉਕਤ ਅੰਕੜੇ ਜੂਨ ਅੱਧ ਤੋਂ ਛੇ ਅਗਸਤ ਦੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਇਕ ਰਿਪਰੋਟ ਆਨਲਾਈਨ ਜਾਰੀ ਕੀਤੀ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ 388000 ਲੋਕਾਂ ਨੇ ਸਹੂਲਤ ਦਾ ਲਾਭ ਲਿਆ। 20 ਹਜ਼ਾਰ ਬਿਸਤਰੇ ਭਰਨ ਤੋਂ ਇਸ ਸਹੂਲਤ ਰਾਹੀਂ ਬਚੇ ਤੇ 215000 ਨਵੇਂ ਮਾਮਲਿਆਂ ਵਿੱਚ ਘਰੇਲੂ ਇਕਾਂਤਵਾਸ ਜਾਂ ਕੋਵਿਡ ਕੇਅਰ ਕੇਂਦਰਾਂ ਵਿੱਚ ਭੇਜੇ ਜਾ ਸਕੇ।
ਯਮੁਨਾਨਗਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਲਪੇਟ ’ਚ ਆਏ
ਯਮੁਨਾਨਗਰ (ਪੱਤਰ ਪ੍ਰੇਰਕ): ਇਥ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਇੱਕ ਹੋਰ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਜ਼ਿਲ੍ਹੇ ਅੱਜ 107 ਕੇਸ ਸਾਹਮਣੇ ਆਏ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਦਾ ਪੁੱਤਰ ਵੀ ਕਰੋਨਾ ਪਾਜ਼ੇਟਿਵ ਆਇਆ ਹੈ । ਉਪ ਮੰਡਲ ਅਧਿਕਾਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੱਕ ਨਾਇਬ ਤਹਿਸੀਲਦਾਰ, ਡੀਐੱਸਪੀ, ਵਧੀਕ ਜ਼ਿਲ੍ਹਾ ਜੱਜ ਦੇ ਪਰਿਵਾਰ ਤੋਂ ਇਲਾਵਾ ਯਮੁਨਾਨਗਰ ਦੇ ਵਿਧਾਇਕ ਦੇ ਸਟਾਫ਼ ਮੈਂਬਰ ਵੀ ਕਰੋਨਾ ਪਾਜ਼ੇਟਿਵ ਹਨ।
ਟੋਹਾਣਾ (ਪੱਤਰ ਪ੍ਰੇਰਕ): ਨਗਰ ਪਰਿਸ਼ਦ ਫਤਿਹਾਬਾਦ ਦੇ ਪ੍ਰਧਾਨ ਦਰਸ਼ਨ ਨਾਗਪਾਲ ਕਰੋਨਾ ਪਾਜ਼ੇਟਿਵ ਮਿਲੇ ਹਨ। ਜ਼ਿਲ੍ਹੇ ਵਿੱਚ 11 ਨਵੇਂ ਕੇਸ ਆਉਣ ਕਾਰਨ ਪਾਜ਼ੇਟਿਵ ਮਰੀਜ਼ਾਂ ਤੀ ਗਿਣਤੀ 632 ਹੋ ਗਈ ਹੈ। ਜ਼ਿਲ੍ਹੇ ਵਿੱਚ 468 ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਚੁੱਕੇ ਹਨ ਅਤੇ 160 ਕੇਸ ਅਜੇ ਵੀ ਐਕਟਿਵ ਹਨ।