ਪਾਤੜਾਂ ਵਿੱਚ ਪੇਚਿਸ਼ ਦੇ ਮਰੀਜ਼ਾਂ ਦੀ ਗਿਣਤੀ ਵਧੀ, ਇਕ ਮੌਤ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 15 ਜੁਲਾਈ
ਇੱਥੇ ਪਟਿਆਲਾ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਨੇੜੇ ਬਸਤੀ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਫੈਲਿਆ ਪੇਚਿਸ਼ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਵਾਰਡ ਨੰਬਰ-15 ਦੇ ਇੱਕ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ 12 ਤੋਂ ਵੱਧ ਨਵੇਂ ਆਏ ਮਰੀਜ਼ਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਪਾਤੜਾਂ ਡਾਕਟਰ ਲਵਕੇਸ਼ ਕੁਮਾਰ ਨੇ ਦੱਸਿਆ ਕਿ ਪੇਚਿਸ਼ ਪ੍ਰਭਾਵਿਤ ਵਾਰਡ 15 ਤੇ 16 ਦੇ 41 ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ’ਚੋਂ 19 ਭਗਵਾਨ ਹੈਲਥ ਕੇਅਰ ਸੈਂਟਰ, 4 ਪ੍ਰਾਇਮਰੀ ਹੈਲਥ ਸੈਂਟਰ, 6 ਵਰਦਾਨ ਹਸਪਤਾਲ ਅਤੇ 2 ਸੰਧੂ ਹਸਪਤਾਲ ਅਤੇ 10 ਦੁਰਗਾ ਦਲ ਸੇਵਾ ਸੰਮਤੀ ਚੈਰੀਟੇਬਲ ਹਸਪਤਾਲ ਵਿੱਚ ਦਾਖ਼ਲ ਹਨ। ਇਨ੍ਹਾਂ ਵਿੱਚੋਂ ਇੱਕ ਬੱਚਾ ਤੇ ਨੌਜਵਾਨ ਲੜਕੀ ਹਾਲਤ ਗੰਭੀਰ ਹੋਣ ਕਾਰਨ ਭਗਵਾਨ ਹੈਲਥ ਸੈਂਟਰ ਦੇ ਆਈਸੀਯੂ ਵਿੱਚ ਹਨ। ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਇਨ੍ਹਾਂ ਦੋਵਾਂ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਖਤਰੇ ਤੋਂ ਬਾਹਰ ਹਨ ਜਦਕਿ ਵਾਰਡ ਨੰਬਰ 15 ਦੇ ਗੁਰੂ ਤੇਗ ਬਹਾਦਰ ਨਗਰ ਵਾਸੀ ਜਸਵੰਤ ਵਰਮਾ (85) ਦੀ ਦਸਤ ਤੇ ਉਲਟੀਆਂ ਲੱਗਣ ਕਾਰਨ ਮੌਤ ਹੋ ਗਈ। ਅੱਜ ਨਗਰ ਪੰਚਾਇਤ ਪਾਤੜਾਂ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਅਤੇ ਪ੍ਰਧਾਨ ਰਣਵੀਰ ਸਿੰਘ ਨੇ ਪ੍ਰਭਾਵਿਤ ਖੇਤਰਾਂ ਤੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲਾਂ ਦਾ ਦੌਰਾ ਕੀਤਾ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਦੀ ਸਫ਼ਾਈ ਵੱਲ ਨਗਰ ਕੌਂਸਲ ਦੇ ਕਰਮਚਾਰੀਆਂ ਰਾਹੀਂ ਇਨ੍ਹਾਂ ਮੁਹੱਲਿਆਂ ਦੀ ਸਫਾਈ ਕਰਵਾ ਕੇ ਪਾਣੀ ਦੀ ਸਪਲਾਈ ਦੇਣ ਵਾਲੀਆਂ ਪਾਈਪਾਂ ਦੀ ਲੀਕੇਜ ਦੀ ਮੁਰੰਮਤ ਕਰਵਾ ਕੇ ਨਵੀਆਂ ਟੂਟੀਆਂ ਲਗਵਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੀ ਸਪਲਾਈ ਵਿੱਚ ਰਲਣ ਕਾਰਨ 40 ਦੇ ਕਰੀਬ ਲੋਕ ਪੇਚਿਸ਼ ਤੋਂ ਪੀੜਤ ਹੋਏ ਗਏ ਸਨ ਤੇ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ।
ਪਟਿਆਲਾ ਵਿੱਚ ਪੇਚਿਸ਼ ਕਾਰਨ ਲੋਕਾਂ ਵਿੱਚ ਸਹਿਮ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਦੇ ਪਿੰਡ ਝਿੱਲ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਪੇਚਿਸ਼ ਕਾਰਨ ਲੋਕਾਂ ਵਿੱਚ ਸਹਿਮ ਹੈ। ਲੋਕਾਂ ਦਾ ਡਰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਸਰਵੇ ਕੀਤਾ ਤਾਂ ਸਰਵੇ ਵਿਚ ਪੇਚਿਸ਼ ਫੈਲਣ ਬਾਰੇ ਪਤਾ ਲੱਗਾ। ਇਸ ਸਬੰਧੀ ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ਼, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਪੇਚਿਸ਼ ਫੈਲਣ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ। ਪਾਣੀ ਦੇ ਨਮੂਨੇ ਲਏ ਗਏ ਅਤੇ ਓਆਰਐਸ ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ। ਇਸ ਤੋਂ ਡਾ. ਸੰਜੇ ਗੋਇਲ, ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਪਟਿਆਲਾ ਅਤੇ ਡਾ. ਦਿਵਜੋਤ ਸਿੰਘ ਇੰਚਾਰਜ ਦੀ ਦੇਖ-ਰੇਖ ਹੇਠ ਸਰਵੇ ਅਤੇ ਸੈਂਪਲਿੰਗ ਗਤੀਵਿਧੀਆਂ ਕਰਵਾਈਆਂ ਗਈਆਂ।
ਕਾਂਗਰਸੀ ਆਗੂ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ
ਪਾਤੜਾਂ (ਪੱਤਰ ਪ੍ਰੇਰਕ): ਸ਼ਹਿਰ ਦੇ ਦੋ ਵਾਰਡਾਂ ਵਿੱਚ ਫ਼ੈਲੇ ਪੇਚਿਸ਼ ਤੋਂ ਪੀੜਤ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ। ਕਾਂਗਰਸੀ ਆਗੂ ਦਰਬਾਰਾ ਸਿੰਘ ਬਣਵਾਲਾ ਨੇ ਆਪਣੇ ਸਾਥੀਆਂ ਨਾਲ ਭਗਵਾਨ ਹੈਲਥ ਕੇਅਰ ਸੈਂਟਰ, ਦੁਰਗਾ ਦਾਲ ਸੇਵਾ ਸਮਤੀ ਚੈਰੀਟੇਬਲ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ ਪਾਤੜਾਂ ਅਤੇ ਸੰਧੂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਬ ਸਾਬਤ ਹੋਈ ਹੈ।