ਲੰਮੀ ਹੁੰਦੀ ਜਾ ਰਹੀ ਨਸ਼ਿਆਂ ਦੀ ਰਾਤ
ਅਰਵਿੰਦਰ ਜੌਹਲ
"ਦਿਲ ਤਾਂ ਕਰਦਾ ਹੈ ਚਿੱਟਾ ਛੱਡ ਦਾਂ, ਪਰ ਹੁਣ ਦਰਦਾਂ ਬਹੁਤ ਹੁੰਦੀਆਂ ਨੇ। ਇਹ ਵੀ ਪਤਾ ਹੈ ਕਿ ਇੱਕ ਦਿਨ ਇਹਦੇ ਨਾਲ ਮਰ ਜਾਣਾ ਹੈ। ਹੁਣ ਏਥੇ ਹਸਪਤਾਲ ਵਿੱਚ ਆਈ ਹਾਂ, ਉਮੀਦ ਹੈ ਨਸ਼ਾ ਛੁੱਟ ਸਕਦਾ ਹੈ। ਹੋਰ ਵੀ ਕਈ ਕੁੜੀਆਂ ਨਸ਼ਾ ਲੈਂਦੀਆਂ ਨੇ ਸਾਡੇ ਮੁਹੱਲੇ ਵਿੱਚ। ਚਿੱਟਾ ਜਿੱਥੋਂ ਮਰਜ਼ੀ ਲੈ ਲਓ।’’
ਇਹ ਕਿਸੇ ਨਾਟਕ ਜਾਂ ‘ਉੜਤਾ ਪੰਜਾਬ’ ਵਰਗੀ ਕਿਸੇ ਫਿਲਮ ਦਾ ਡਾਇਲਾਗ ਨਹੀਂ। ਇਹ ਸ਼ਬਦ ਨਸ਼ਿਆਂ ਲਈ ਬਦਨਾਮ ਕਿਸੇ ਪਿੰਡ ਦੇ ਨਸ਼ੇੜੀ ਦੇ ਵੀ ਨਹੀਂ। ਇਹ ਸ਼ਬਦ ਹਨ 23 ਸਾਲ ਦੀ ਉਸ ਕੁੜੀ ਦੇ ਜਿਸ ਨੂੰ ਉਸ ਦੀ ਮਾਂ ਨੇ ਨਸ਼ਿਆਂ ਦੀ ਲਤ ਕਾਰਨ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਤੇ ਪੁਲੀਸ ਨੇ ਉਸ ਨੂੰ ‘ਕੈਦ’ ਤੋਂ ਛੁਡਵਾ ਕੇ ਪਿਛਲੇ ਦਿਨੀਂ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸੱਤ ਬੱਚਿਆਂ ’ਚੋਂ ਉਸ ਦੀ ਇਹ ਧੀ ਸਭ ਤੋਂ ਸੋਹਣੀ ਸੀ, ਪਰ ਹੁਣ ਹੱਡੀਆਂ ਦਾ ਢਾਂਚਾ ਰਹਿ ਗਈ ਹੈ। ਉਸ ਦੇ ਪਿੰਡੇ ਦੀ ਹਾਲਤ ਇਹ ਹੈ ਕਿ ਡਾਕਟਰਾਂ ਨੂੰ ਖ਼ੂੂਨ ਦਾ ਸੈਂਪਲ ਲੈਣ ਲਈ ਵੀ ਮੁਸ਼ਕਲ ਪੇਸ਼ ਆ ਰਹੀ ਹੈ। ਕਿਸੇ ਮਾਂ ਲਈ ਆਪਣੀ ਸਭ ਤੋਂ ਸੁਨੱਖੀ ਧੀ ਨੂੰ ਹੱਡੀਆਂ ਦੀ ਮੁੱਠ ਬਣੀ ਦੇਖਣ ਨਾਲ ਉਸ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ? ਸੋਚੋ, ਕਿਸ ਮਜਬੂਰੀ ’ਚ ਉਸ ਨੇ ਆਪਣੀ ਧੀ ਨੂੰ ‘ਕੈਦ’ ਕੀਤਾ ਹੋਵੇਗਾ ਜਦੋਂਕਿ ਕੈਦ ਵਿੱਚ ਤਾਂ ਉਸ ਤੱਕ ਨਸ਼ਾ ਪਹੁੰਚਾਉਣ ਵਾਲੇ ਹੋਣੇ ਚਾਹੀਦੇ ਸਨ।
ਹਫ਼ਤਾ ਕੁ ਪਹਿਲਾਂ ਜਦੋਂ ਨਸ਼ਿਆਂ ਕਾਰਨ 14 ਦਿਨਾਂ ਵਿੱਚ 14 ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਛਪੀਆਂ ਤਾਂ ਪੰਜਾਬ ਦਹਿਲ ਗਿਆ, ਜਿਵੇਂ ਇੱਕਾ-ਦੁੱਕਾ ਮੌਤਾਂ ਦੀ ਤਾਂ ਇਸ ਨੂੰ ਕੋਈ ਪਰਵਾਹ ਹੀ ਨਾ ਹੋਵੇ। ਪਠਾਨਕੋਟ ਨੇੜੇ ਇੱਕ ਪਿੰਡ ਦੀਆਂ ਝਾੜੀਆਂ ਵਿੱਚੋਂ ਨੌਜਵਾਨਾਂ ਦੀਆਂ ਗਲੀਆਂ-ਸੜੀਆਂ ਲਾਸ਼ਾਂ ਮਿਲੀਆਂ। ਸਾਰੇ ਪਾਸੇ ਹਾਹਾਕਾਰ ਮੱਚੀ ਅਤੇ ਨੇਤਾ ਲੋਕ ਮਿਹਣੋ-ਮਿਹਣੀ ਹੋਣ ਲੱਗੇ। ਇੱਕ-ਦੂਜੇ ’ਤੇ ਇਲਜ਼ਾਮ ਲਾਉਣ ਲੱਗੇ। ਸਰਕਾਰੇ-ਦਰਬਾਰੇ ਵੀ ਹਲਚਲ ਹੋਈ ਅਤੇ ਅੰਕੜੇ ਸਾਹਮਣੇ ਆਉਣ ਲੱਗੇ।
ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਅਸਲ ਵਿੱਚ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਤਾਂ ਸਿਆਸੀ ਖਿੱਦੋ-ਖੂੰਡੀ ਸ਼ੁਰੂ ਹੋ ਜਾਂਦੀ ਹੈ। ਇਸ ਖੇਡ ਦੇ ਚੱਲਦਿਆਂ ਫਿਰ ਕੋਈ ਨਵਾਂ ਮੁੱਦਾ ਸਾਹਮਣੇ ਆ ਜਾਂਦਾ ਹੈ ਤਾਂ ਪੁਰਾਣੇ ਨੂੰ ਭੁਲਾਉਣ ਲਈ ਸਿਆਸਤਦਾਨ ਨਵੀਂ ਖੇਡ ਖੇਡਣ ਲੱਗ ਜਾਂਦੇ ਹਨ। ਸਿਆਸਤਦਾਨ ਇਨ੍ਹਾਂ ਖੇਡਾਂ ਤੋਂ ਨਹੀਂ ਭਟਕਦੇ, ਮੁੱਦਿਆਂ ਨੂੰ ਭਟਕਾ ਦਿੱਤਾ ਜਾਂਦਾ ਹੈ।
ਨਸ਼ਿਆਂ ਦੇ ਸੰਤਾਪ ਦੀ ਇਹ ਕੋਈ ਇਕੱਲੀ ਕਹਾਣੀ ਥੋੜ੍ਹਾ ਹੈ। ਅਜਿਹੀਆਂ ਅਨੇਕਾਂ ਕਹਾਣੀਆਂ ਹਨ।
ਜਲੰਧਰ ’ਚ ਮਾਪਿਆਂ ਦੀ ਇਕਲੌਤੀ ਧੀ ਮਾੜੀ ਸੰਗਤ ਕਾਰਨ ਨਸ਼ਿਆਂ ਦੀ ਆਦੀ ਹੋ ਗਈ। ਘਰ ’ਚ ਜਦੋਂ ਮਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਅਖ਼ੀਰ ਮਾਂ ਏਨੀ ਤੰਗ ਆਈ ਕਿ ਉਸ ਨੇ ਧੀ ਨੂੰ ਕਿਹਾ ਕਿ ਜਾਂ ਤਾਂ ਉਹ ਖ਼ੁਦ ਨੂੰ ਜ਼ਹਿਰ ਦਾ ਟੀਕਾ ਲਾ ਲਵੇਗੀ ਜਾਂ ਫਿਰ ਉਸ ਦੇ ਲਾ ਦੇਵੇਗੀ। ਉਹ ਮਾਂ ਕਿਸ ਸੰਤਾਪ ’ਚੋਂ ਲੰਘ ਰਹੀ ਹੋਵੇਗੀ ਜੋ ਆਪਣੇ ਹੱਥੀਂ ਹੀ ਆਪਣੀ ਧੀ ਨੂੰ ਮਾਰਨ ਲਈ ਤਿਆਰ ਸੀ।
ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਿੰਨ-ਮੰਜ਼ਿਲੀ ਕੋਠੀ ਦੀ ਵਿਧਵਾ ਮਾਲਕਣ ਅਤੇ ਉਸ ਦੇ ਅੱਲ੍ਹੜ ਉਮਰ ਦੇ ਦੋਵੇਂ ਮੁੰਡੇ ਚਿੱਟੇ ਦੇ ਆਦੀ ਸਨ। ਉਨ੍ਹਾਂ ਦੀ ਮਦਦ ਲਈ ਜਦੋਂ ਇੱਕ ਐੱਨਜੀਓ ਦੀ ਟੀਮ ਗਈ ਤਾਂ ਉਸ ਨੇ ਦੇਖਿਆ ਕਿ ਉਸ ਘਰ ਦਾ ਸਾਰਾ ਸਾਮਾਨ, ਖਿੜਕੀਆਂ ਦੀਆਂ ਗਰਿੱਲਾਂ, ਟੂਟੀਆਂ, ਹੋਰ ਤਾਂ ਹੋਰ ਰਸੋਈ ਵਿਚਲਾ ਸਟੀਲ ਦਾ ਸਿੰਕ ਵੀ ਉਨ੍ਹਾਂ ਆਪਣੇ ਨਸ਼ਿਆਂ ਦੀ ਪੂੁਰਤੀ ਲਈ ਵੇਚ ਦਿੱਤਾ ਸੀ। ਉਸ ਘਰ ਵਿੱਚ ਕੋਈ ਸਾਮਾਨ ਨਹੀਂ ਸੀ ਬਚਿਆ। ਸਿਰਫ਼ ਇੱਕ ਕਮਰੇ ਵਿੱਚ ਤਿੰਨ ਸਾਧਾਰਨ ਮੰਜੇ ਸਨ। ਥਾਂ-ਥਾਂ ਗਰਿੱਲਾਂ ਤੋੜਨ ਕਾਰਨ ਮਲਬਾ ਫੈਲਿਆ ਹੋਇਆ ਸੀ।
ਇੱਕ ਸਹਿਕਰਮੀ ਨੇ ਮੈਨੂੰ ਦੱਸਿਆ ਕਿ ਇੱਕ ਵਿਆਹ ਸਮਾਗਮ ’ਚ ਉਸ ਦਾ ਮਿੱਤਰ ਆਪਣੇ ਨੌਜਵਾਨ ਪੁੱਤਰ ਨੂੰ ਜ਼ਰਾ ਵੀ ਆਸੇ-ਪਾਸੇ ਨਹੀਂ ਸੀ ਹੋਣ ਦੇ ਰਿਹਾ। ਜਦੋਂ ਮਿੱਤਰਾਂ ਨੇ ਵਾਰ-ਵਾਰ ਕਿਹਾ ਕਿ ਉਹ ਮੁੰਡੇ ਨੂੰ ਜ਼ਰਾ ਵਿਆਹ ਦੀ ਰੌਣਕ ਦੇਖ ਲੈਣ ਦੇਵੇ ਤਾਂ ਅੰਤ ਬੇਵੱਸ ਹੋ ਕੇ ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਚਿੱਟੇ ਦਾ ਆਦੀ ਹੈ। ਉਸ ਨੂੰ ਡਰ ਹੈ ਕਿ ਆਸੇ-ਪਾਸੇ ਹੋ ਕੇ ਉਹ ਕਿਤੋਂ ਹੋਰ ਵੱਧ ਡੋਜ਼ ਨਾ ਲੈ ਲਵੇ। ਉਸ ਕੋਲ ਪੁੱਤਰ ਲਈ ਚਿੱਟੇ ਦੀ ਮਿੱਥੀ ਡੋਜ਼ ਹੈ ਜੋ ਉਹ ਸਮੇਂ ਸਿਰ ਉਸ ਨੂੰ ਆਪਣੇ ਹੱਥੀਂ ਦੇਵੇਗਾ। ਜਵਾਨ ਪੁੱਤ ਨੂੰ ਹੱਥੀਂ ਚਿੱਟੇ ਦੀ ਡੋਜ਼ ਦੇਣ ਵਾਲੇ ਪਿਤਾ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ, ਉਹ ਕੋਈ ਹੋਰ ਨਹੀਂ ਸਮਝ ਸਕਦਾ।
ਨਸ਼ਿਆਂ ਦੇ ਜਾਲ ’ਚੋਂ ਸਫ਼ਲਤਾ ਨਾਲ ਬਾਹਰ ਨਿਕਲੇ ਇੱਕ ਚੰਗੇ ਸਰਦੇ-ਪੁੱਜਦੇ ਘਰ ਦੇ ਨੌਜਵਾਨ ਨੇ ਦੱਸਿਆ ਕਿ ਪਿੰਡ ਦੇ ਕੁਝ ਮੁੰਡੇ ਜਦੋਂ ਨਸ਼ਾ ਕਰਦੇ ਸਨ ਤਾਂ ਉਸ ਨੂੰ ਵੀ ਇੱਕ-ਦੋ ਸੂਟੇ ਲੁਆ ਦਿੰਦੇ ਸਨ ਅਤੇ ਹੌਲੀ ਹੌਲੀ ਉਹ ਨਸ਼ਿਆਂ ਦਾ ਆਦੀ ਹੋ ਗਿਆ। ਉਸ ਨੇ ਦੱਸਿਆ ਕਿ ਉਹ ਘੱਟੋ-ਘੱਟ 70-80 ਲੱਖ ਰੁਪਏ ਨਸ਼ਿਆਂ ਦੇ ਰਾਹ ਉਜਾੜ ਚੁੱਕਿਆ ਹੈ। ਉਹ ਦੱਸਦਾ ਹੈ ਕਿ ਜਦੋਂ ਨਸ਼ੇ ਦੀ ਤੋਟ ਲੱਗਦੀ ਹੈ, ਉਦੋਂ ਨਾ ਕੋਈ ਮਾਂ-ਬਾਪ ਦਿਸਦਾ ਹੈ ਤੇ ਨਾ ਕੋਈ ਭੈਣ-ਭਰਾ ਜਾਂ ਹੋਰ ਰਿਸ਼ਤੇਦਾਰ। ਸਿਰਫ਼ ਤੇ ਸਿਰਫ਼ ਨਸ਼ਾ ਚਾਹੀਦਾ ਹੈ, ਸਵੇਰੇ ਉੱਠ ਕੇ ਚਾਹ ਤੋਂ ਵੀ ਪਹਿਲਾਂ।
ਨਸ਼ਿਆਂ ਦੀ ਇਸ ਅਲਾਮਤ ਦਾ ਸਭ ਤੋਂ ਖ਼ੌਫ਼ਨਾਕ ਪਹਿਲੂ ਇਹ ਹੈ ਕਿ ਇਸ ਜਾਲ ਵਿੱਚ ਸਿਰਫ਼ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਫਸਦੀਆਂ ਜਾ ਰਹੀਆਂ ਹਨ। ਡਰੱਗ ਓਵਰਡੋਜ਼ ਜਾਂ ਮਿਲਾਵਟੀ ਡਰੱਗ ਨਾਲ ਹੋਣ ਵਾਲੀਆਂ ਬਹੁਤੀਆਂ ਮੌਤਾਂ ਵਿੱਚ ਤਾਂ ਸਰਿੰਜ ਨਸ਼ਾ ਲੈਣ ਵਾਲੇ ਨੌਜਵਾਨਾਂ ਦੀ ਬਾਂਹ ’ਚ ਹੀ ਰਹਿ ਜਾਂਦੀ ਹੈ। ਪੰਜਾਬ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਨੂੰ ਜਦੋਂ ਚਿੱਟੇ ਦੀ ਵਬਾਅ ਨੇ ਏਨੀ ਵੱਡੀ ਪੱਧਰ ’ਤੇ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ ਤਾਂ ਇਹ ਸੰਭਵ ਹੀ ਨਹੀਂ ਕਿ ਸਰਕਾਰੀ ਤੰਤਰ ਨੂੰ ਇਸ ਦੀ ਖ਼ਬਰ ਨਾ ਹੋਵੇ। ਪੁਲੀਸ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲੀ-ਭਾਂਤ ਜਾਣੂ ਹਨ। ਮੁੱਖ ਮੰਤਰੀ ਅਨੁਸਾਰ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਨਸ਼ਾ ਤਸਕਰਾਂ ਤੇ ਸਪਲਾਇਰਾਂ ਖ਼ਿਲਾਫ਼ ਕਾਰਵਾਈ ਕਰਨ ਵਾਲੀ ਪੁਲੀਸ ਪਾਰਟੀ ਵਿਚਲੀਆਂ ਹੀ ਕਈ ਕਾਲੀਆਂ ਭੇਡਾਂ ਉਨ੍ਹਾਂ ਨੂੰ ਅਗਾਊਂ ਚੌਕਸ ਕਰ ਦਿੰਦੀਆਂ ਹਨ ਤਾਂ ਜੋ ਉਹ ਪਹਿਲਾਂ ਹੀ ਉੱਥੋਂ ਪੱਤਰਾ ਵਾਚ ਜਾਣ। ਮੁੱਖ ਮੰਤਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਹੁਤ ਸਾਰੀਆਂ ਔਰਤਾਂ ਵੱਲੋਂ ਉਨ੍ਹਾਂ ਨੂੰ ਦੱਸਣ ਮੁਤਾਬਿਕ ਨਸ਼ਾ ਤਸਕਰਾਂ ਨੇ ਗਿਆਰਾਂ-ਬਾਰਾਂ ਸਾਲ ਦੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ਿਆਂ ਦਾ ਜਾਲ ਕਿੱਥੋਂ ਤੱਕ ਫੈਲ ਗਿਆ ਹੈ। ਪੰਜਾਬ ਕੋਈ ਬੀਆਬਾਨ ਜੰਗਲ ਜਾਂ ਪਹਾੜੀ ਇਲਾਕਾ ਨਹੀਂ ਜਿੱਥੇ ਨਸ਼ਿਆਂ ਦੀ ਆਮਦੋ-ਰਫ਼ਤ ਰੋਕੀ ਨਹੀਂ ਜਾ ਸਕਦੀ। ਪੰਜਾਬ ’ਚ ਆਮ ਤੌਰ ’ਤੇ ਨਸ਼ੇ ਸਰਹੱਦ ਪਾਰੋਂ ਆਉਂਦੇ ਹਨ ਅਤੇ ਕਈ ਵਾਰ ਗੁਜਰਾਤ ਦੀ ਇੱਕ ਬੰਦਰਗਾਹ ਦਾ ਨਾਂ ਵੀ ਨਸ਼ਿਆਂ ਨਾਲ ਜੁੜਦਾ ਹੈ। ਜਿਨ੍ਹਾਂ ਪਿੰਡਾਂ ਦੇ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਆਏ ਹੋਏ ਹਨ, ਉਨ੍ਹਾਂ ’ਚੋਂ ਬਹੁਤ ਸਾਰੇ ਪਿੰਡਾਂ ਦੇ ਵਾਸੀਆਂ ਨੇ ਆਪਣੇ ਬੱਚਿਆਂ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਠੀਕਰੀ ਪਹਿਰੇ ਵੀ ਲਾਏ ਪਰ ਨਸ਼ਿਆਂ ਦੇ ਤਸਕਰਾਂ ਦੀ ਤਾਕਤ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਸਾਲ 2023 ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ’ਚ ਖ਼ੁਦ ਮੰਨਿਆ ਸੀ ਕਿ ਪੰਜਾਬ ਵਿੱਚ 10 ਲੱਖ ਲੋਕ ਨਸ਼ਿਆਂ ਦੇ ਆਦੀ ਹਨ। ਇਹ ਸਮੱਸਿਆ ਹੁਣ ਦੀ ਨਹੀਂ, ਪਿਛਲੀਆਂ ਸਰਕਾਰਾਂ ਵੇਲੇ ਤੋਂ ਚੱਲੀ ਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2017 ਵਿੱਚ ਪੰਜਾਬ ’ਚ ਸੱਤਾ ਸੰਭਾਲੀ ਸੀ। ਕਾਂਗਰਸ ਤੋਂ ਪਹਿਲਾਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ। ਉਦੋਂ ਵੀ ਨਸ਼ਿਆਂ ਦੀ ਵਿਕਰੀ ਆਮ ਸੀ ਅਤੇ ਗੱਠਜੋੜ ਸਰਕਾਰ ਦੀ ਨਸ਼ਿਆਂ ਦੇ ਮੁੱਦੇ ’ਤੇ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਤੰਗ ਆਏ ਪਏ ਸਨ। ਕੈਪਟਨ ਨੇ ਉਹ ਚੋਣ ਬੇਅਦਬੀ ਦੇ ਮੁੱਦੇ ਦੇ ਨਾਲ ਹੀ ਨਸ਼ਿਆਂ ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਜਿੱਤੀ ਸੀ। ਕੈਪਟਨ ਨੇ ਉਦੋਂ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਸੱਤਾ ’ਚ ਆਈ ਤਾਂ ਚਾਰ ਹਫ਼ਤਿਆਂ ਅੰਦਰ ਹੀ ਪੰਜਾਬ ਨੂੰ ਨਸ਼ਾ-ਮੁਕਤ ਕਰ ਦੇਣਗੇ। ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ’ਤੇ ਨਸ਼ਿਆਂ ਦੇ ਤਸਕਰਾਂ ਤੇ ਸੌਦਾਗਰਾਂ ਦੀ ਸਰਪ੍ਰਸਤੀ ਦਾ ਦੋਸ਼ ਲੱਗਦਾ ਰਿਹਾ। ਨਸ਼ਾ ਤਸਕਰੀ ’ਚ ਫੜੇ ਗਏ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਵੱਲੋਂ 2014 ’ਚ ਕੀਤੇ ਗਏ ਖੁਲਾਸਿਆਂ ਮਗਰੋਂ ਸਿਆਸੀ ਸਰਪ੍ਰਸਤੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚਲਦੀਆਂ ਰਹੀਆਂ। ਅਜਿਹੇ ਹਾਲਾਤ ਵਿੱਚ ਲੋਕਾਂ ਨੇ ਕੈਪਟਨ ’ਤੇ ਯਕੀਨ ਕਰਦਿਆਂ ਕਾਂਗਰਸ ਦੇ ਹੱਕ ’ਚ ਫ਼ਤਵਾ ਦਿੱਤਾ ਪਰ ਨਸ਼ੇ ਖ਼ਤਮ ਕਰਨ ਦਾ ਇਹ ਵਾਅਦਾ ਵਫ਼ਾ ਨਾ ਹੋਇਆ। ਮੁੱਦੇ ਜਿਉਂ ਦੇ ਤਿਉਂ ਕਾਇਮ ਰਹੇ। ਨਿਰਾਸ਼ ਹੋਏ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਹੀ ਮੁੱਦਿਆਂ ’ਤੇ ‘ਆਪ’ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੂਬਾਈ ਸਿਆਸਤ ਦੇ ਵੱਡੇ-ਵੱਡੇ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ।
ਮੌਜੂਦਾ ਸਰਕਾਰ ਵੀ ਇਸ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ। ਨਸ਼ਿਆਂ ਨਾਲ ਇਨ੍ਹਾਂ ਮੌਤਾਂ ਮਗਰੋਂ ਵਿਰੋਧੀ ਧਿਰ ਦੇ ਆਗੂਆਂ ਨੇ ਸਰਕਾਰ ਨੂੰ ਭੰਡਣ ਲਈ ਬਿਆਨਾਂ ਦੀ ਝੜੀ ਲਾ ਦਿੱਤੀ ਹੈ। ਪੰਜਾਬ ’ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਨਾਅਹਿਲੀਅਤ ਕਾਰਨ ਹਰ ਦਿਨ ਇੱਕ ਜ਼ਿੰਦਗੀ ਮੌਤ ਦੇ ਮੂੰਹ ਪੈ ਰਹੀ ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚੋਂ ਨਸ਼ੇ ਦੇ ਖ਼ਾਤਮੇ ਲਈ ਮਿਥੀ ਸਮਾਂ-ਸੀਮਾ ਸਿਰਫ਼ ਅੱਗੇ ਵਧਾਉਣ ’ਚ ਮਾਹਿਰ ਹੈ। ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕੋਈ ਰੂਪ-ਰੇਖਾ ਕਦੋਂ ਉਲੀਕੇਗੀ? ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਡੂੰਘੀ ਨੀਂਦ ਤੋਂ ਜਾਗਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਢੁੱਕਵੇਂ ਕਦਮ ਚੁੱਕਣ ਲਈ ਆਖਿਆ ਹੈ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਸੂਬੇ ’ਚ ਪਹਿਲਾਂ ਕਾਂਗਰਸ ਤੇ ਫਿਰ ‘ਆਪ’ ਦਾ ਰਾਜ ਰਿਹਾ ਹੈ ਪਰ ਇਹ ਹਾਲੇ ਤੱਕ ਅਕਾਲੀ ਸਰਕਾਰ ਨੂੰ ਹੀ ਦੋਸ਼ ਦੇਈ ਜਾਂਦੇ ਹਨ।
ਨੇਤਾ ਭਾਵੇਂ ਸੱਤਾਧਾਰੀ ਹੋਣ ਜਾਂ ਵਿਰੋਧੀ ਧਿਰ ਦੇ, ਕੀ ਇਸ ਗੰਭੀਰ ਤੇ ਸੰਵੇਦਨਸ਼ੀਲ ਮਸਲੇ ਦੇ ਹੱਲ ਲਈ ਇਕੱਠੇ ਨਹੀਂ ਹੋ ਸਕਦੇ? ਪੰਜਾਬ ’ਚ ਅਜਿਹੇ ਬਹੁਤ ਸਾਰੇ ਮਾਹਿਰ ਹਨ ਜੋ ਇਸ ਸਮੱਸਿਆ ਦੇ ਸਥਾਈ ਹੱਲ ਲਈ ਸੁਹਿਰਦ ਅਤੇ ਠੋਸ ਸੁਝਾਅ ਦੇ ਸਕਦੇ ਹਨ। ਕੀ ਉਨ੍ਹਾਂ ਨੂੰ ਇਸ ਵਿਚਾਰ-ਵਟਾਂਦਰੇ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ? ਵਿਰੋਧੀ ਅਤੇ ਸੱਤਾਧਾਰੀ ਧਿਰ ਦੇ ਨੇਤਾਵਾਂ ਨੂੰ ਮਿਹਣੋ-ਮਿਹਣੀ ਹੋਣ ਦੀ ਬਜਾਏ ਇਸ ਮਸਲੇ ਦੇ ਹੱਲ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਇਸ ਅਲਾਮਤ ਤੋਂ ਬਚਾਇਆ ਜਾ ਸਕੇ। ਬਹੁਤ ਸਾਰੀਆਂ ਗ਼ੈਰ-ਸਰਕਾਰੀ ਸੰਸਥਾਵਾਂ ਵੀ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਇਉਂ ਹੀ ਸੀਨੀਅਰ ਅਤੇ ਰਿਟਾਇਰ ਹੋ ਚੁੱਕੇ ਪੁਲੀਸ ਅਧਿਕਾਰੀ ਵੀ ਬਹੁਤ ਅਹਿਮ ਸੁਝਾਅ ਦੇ ਸਕਦੇ ਹਨ। ਕੀ ਨਸ਼ਿਆਂ ਦੇ ਮੁੱਦੇ ’ਤੇ ਸਾਂਝੀ ਮੀਟਿੰਗ ਨਹੀਂ ਹੋ ਸਕਦੀ? ਇਸ ਮਾਮਲੇ ’ਚ ਪਹਿਲ ਤਾਂ ਸਰਕਾਰ ਨੂੰ ਹੀ ਕਰਨੀ ਬਣਦੀ ਹੈ। ਮੌਜੂਦਾ ਸਰਕਾਰ ਤੇ ਸਮੁੱਚੀਆਂ ਵਿਰੋਧੀ ਪਾਰਟੀਆਂ ਇਸ ਮਾਮਲੇ ’ਤੇ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ। ਇਹ ਮੁੱਦਾ ਸੱਤਾਧਾਰੀ ਜਾਂ ਵਿਰੋਧੀ ਧਿਰ ਦਾ ਨਹੀਂ। ਇੱਕ-ਦੂਜੇ ’ਤੇ ਦੋਸ਼ ਲਾ ਕੇ ਸਮੱਸਿਆ ਤੋਂ ਨਜ਼ਰ ਨਹੀਂ ਫੇਰੀ ਜਾ ਸਕਦੀ। ਇਸ ਮਸਲੇ ’ਤੇ ਅੱਗੇ ਵਧ ਕੇ ਸਾਰਿਆਂ ਨੂੰ ਆਪੋ-ਆਪਣੀ ਭੂਮਿਕਾ ਇਮਾਨਦਾਰੀ ਨਾਲ ਨਿਭਾਉਣ ਦੀ ਲੋੜ ਹੈ। ਸਾਰੇ ਸਿਆਸੀ ਆਗੂ ਆਪਣੀ ਜ਼ਮੀਰ ਅਤੇ ਉਨ੍ਹਾਂ ਮਾਵਾਂ ਅੱਗੇ ਜਵਾਬਦੇਹ ਹਨ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ ਹਨ। ਇਹ ਹਨੇਰਾ ਉਨ੍ਹਾਂ ਘਰਾਂ ’ਚ ਹੀ ਨਹੀਂ ਪੱਸਰਿਆ ਸਗੋਂ ਇਸ ਨੇ ਸਮੁੱਚੇ ਪੰਜਾਬ ਦਾ ਭਵਿੱਖ ਹਨੇਰੀਆਂ ਰਾਹਾਂ ’ਤੇ ਤੋਰ ਦਿੱਤਾ ਹੈ। ਇਸ ਦਾ ਕੋਈ ਤਾਂ ਅੰਤ ਹੋਵੇਗਾ, ਕਦੇ ਤਾਂ ਨਸ਼ਿਆਂ ਦੀ ਇਹ ਰਾਤ ਮੁੱਕੇਗੀ ਤੇ ਰੌਸ਼ਨ ਸਵੇਰ ਹੋਵੇਗੀ।
ਆਮੀਨ!