ਸਰਹਿੰਦ ਨਹਿਰ ਵਿੱਚ ਵਾਧੂ ਪਾਣੀ ਛੱਡਣ ਦੀਆਂ ਖਬਰਾਂ ਨੇ ਲੋਕਾਂ ਦੇ ਸਾਹ ਸੂਤੇ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 11 ਜੁਲਾਈ
ਭਾਵੇਂ ਅੱਜ ਸਾਰਾ ਦਨਿ ਅਸਮਾਨ ਸਾਫ਼ ਰਿਹਾ ਪਰ ਸ਼ਹਿਰ ਕੋਲੋਂ ਲੰਘਦੀ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਦੇ ਲਗਾਤਾਰ ਵਧਦੇ ਪਾਣੀ ਦੇ ਪੱਧਰ ਨੇ ਇਲਾਕਾ ਨਿਵਾਸੀਆਂ ਦੇ ਸਾਹ ਸੂਤੀ ਰੱਖੇ।
ਮਾਲੇਰਕੋਟਲਾ ਅਤੇ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਇਸ ਖੇਤਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਲਗਾਤਾਰ ਪੱਬਾਂ ਭਾਰ ਰਹੇ ਅਤੇ ਮੁੱਖ ਨਹਿਰਾਂ ਤੋਂ ਇਲ਼ਾਵਾ ਇਨ੍ਹਾਂ ਵਿੱਚੋਂ ਨਿਕਲਦੀਆਂ ਕੱਸੀਆਂ ਤੇ ਸੂਇਆਂ ਦੇ ਕੰਢਿਆਂ ਦੀ ਮਜ਼ਬੂਤੀ ਬਰਕਰਾਰ ਰਖਵਾਉਣ ਵਿੱਚ ਮਸ਼ਰੂਫ਼ ਰਹੇ। ਡੀਸੀ ਮਾਲੇਰਕੋਟਲਾ ਸੰਯਮ ਅੱਗਰਵਾਲ ਤੇ ਡੀਸੀ ਲੁਧਿਆਣਾ ਸੁਰਭੀ ਮਲਿਕ ਵੱਲੋਂ ਵੀ ਆਪਣੇ ਆਪਣੇ ਖੇਤਰ ਵਿੱਚ ਨਿਗਰਾਨੀ ਰੱਖੀ ਗਈ।
ਬੀਤੀ ਰਾਤ ਪ੍ਰਸ਼ਾਸਨ ਵੱਲੋਂ ਸਰਹਿੰਦ ਨਹਿਰ ਵਿੱਚ ਵਾਧੂ ਪਾਣੀ ਛੱਡੇ ਜਾਣ ਦੀਆਂ ਖਬਰਾਂ ਆਉਣ ਤੋਂ ਬਾਅਦ ਅਹਿਮਦਗੜ੍ਹ ਸਬ ਡਵੀਜ਼ਨ ਤੋਂ ਇਲਾਵਾ ਲਾਗਲੀਆਂ ਸਬ ਡਵੀਜ਼ਨਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਵੱਲੋਂ ਸਰਹਿੰਦ ਨਹਿਰ ਦੀਆਂ ਇਸ ਖੇਤਰ ਵਿੱਚੋਂ ਲੰਘਦੀਆਂ ਸ਼ਾਖਾਵਾਂ ਦੇ ਦੋਵੇਂ ਪਾਸੇ ਵਸੇ ਪਿੰਡਾਂ ਦੇ ਵਸਨੀਕਾਂ ਨੂੰ ਲਗਾਤਾਰ ਸੁੂਚੇਤ ਕਰਕੇ ਕਿਸੇ ਵੇਲੇ ਵੀ ਨਹਿਰ ਦਾ ਕੰਢਾ ਟੁੱਟਣ ਦੀ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।
ਬੁਟਾਹਰੀ, ਲਹਿਰਾ, ਪੋਹੀੜ, ਜਗੇੜਾ, ਝੱਮਟ, ਸਿਆੜ੍ਹ, ਕਲਾੜ੍ਹ, ਜੰਡਾਲੀ ਖੁਰਦ, ਜੰਡਾਲੀ ਕਲਾਂ, ਬੌੜ੍ਹਾਈ ਕਲਾਂ, ਬੋੜ੍ਹਾਈ ਖੁਰਦ, ਦਲੀਜ ਕਲਾਂ, ਦਲੀਜ ਖੁਰਦ, ਮਹੇਰਨਾ, ਮਹੋਲੀ, ਰਛੀਣ, ਬੜੂੰਦੀ, ਲਤਾਲਾ ਅਤੇ ਲੋਹਟਬੱਦੀ ਆਦਿ ਉਨ੍ਹਾਂ ਪਿੰਡਾਂ ਵਿੱਚ ਦੱਸੇ ਗਏ ਜਨਿ੍ਹਾਂ ਦੇ ਸਰਪੰਚਾਂ ਅਤੇ ਨੰਬੜਦਾਰਾਂ ਨੂੰ ਆਪਣੇ ਪੱਧਰ ’ਤੇ ਰੇਤੇ ਦੀਆਂ ਬੋਰੀਆਂ ਭਰ ਕੇ ਤਿਆਰ ਰੱਖਣ ਅਤੇ ਸਹਿਕਾਰੀ ਸੁਸਾਇਟੀਆਂ ਦੀ ਮਸ਼ਨਿਰੀ ਤਿਆਰ ਰੱਖਣ ਤੋਂ ਇਲਾਵਾ ਧਾਰਮਿਕ ਅਸਥਾਨਾਂ ਦੇ ਲਾਊਡਸਪੀਕਰਾਂ ਰਾਹੀਂ ਆਮ ਪਬਲਿਕ ਨੂੰ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਆਖਣ ਨੂੰ ਕਿਹਾ ਗਿਆ ਹੈ। ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ ਕਿ ਬਿਰਧ ਵਿਅਕਤੀ, ਮਹਿਲਾਵਾਂ ਅਤੇ ਬੱਚਿਆਂ ਨੂੰ ਨਹਿਰਾਂ ਦੇ ਕੰਢਿਆਂ ਨੇੜੇ ਨਾ ਜਾਣ ਦਿੱਤਾ ਜਾਵੇ।
ਖੇਤਰ ਦੀਆਂ ਦੋਵੇਂ ਨਹਿਰਾਂ ਦੇ ਇਲਾਕੇ ਨਾਲ ਨਾਲ ਲੱਗਦੇ ਹੋਣ ਕਰਕੇ ਰਾਏਕੋਟ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ, ਪਾਇਲ ਐੱਸਡੀਐੱਮ ਜਸਲੀਨ ਕੌਰ ਭੁੱਲਰ ਅਤੇ ਅਹਿਮਦਗੜ੍ਹ ਐੱਸਡੀਐੱਮ ਹਰਬੰਸ ਸਿੰਘ ਨੇ ਆਪਸ ਵਿੱਚ ਤਾਲਮੇਲ ਬਣਾਇਆ ਹੋਇਆ ਹੈ ਅਤੇ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ਨੂੰ ਵੀ ਆਪਸੀ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਹੈ।
ਇਲਾਕਾ ਨਿਵਾਸੀਆਂ ਦਾ ਇਹ ਵੀ ਮੰਨਣਾ ਹੈ ਕਿ ਬੀਤੀ ਰਾਤ ਚਮਕੌਰ ਸਾਹਿਬ ਖੇਤਰ ਦੇ ਲੋਕਾਂ ਵੱਲੋਂ ਸਰਹਿੰਦ ਨਹਿਰ ਵਿੱਚ ਵਾਧੂ ਪਾਣੀ ਛੱਡਣ ਦੇ ਫੈਸਲੇ ਦੀ ਵਿਰੋਧਤਾ ਕੀਤੇ ਜਾਣ ਕਰਕੇ ਅੱਜ ਹਾਲਾਤ ਵਿਗੜਣ ਤੋਂ ਬਚੇ ਰਹੇ ਪਰ ਜੇ ਹੋਰ ਪਾਣੀ ਛੱਡ ਦਿੱਤਾ ਜਾਂਦਾ ਹੈ ਤਾਂ ਕਿਸੇ ਵੀ ਇਲਾਕੇ ਵਿੱਚ ਕੰਢੇ ਟੁੱਟਣ ਜਾਂ ਓਵਰਫਲੋ ਨਾਲ ਪਾਣੀ ਆਉਣ ਦਾ ਖਦਸ਼ਾ ਬਣਿਆ ਰਹੇਗਾ। ਐੱਸਡੀਐੱਮ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਨਿਜੀ ਤੌਰ ‘ਤੇ ਸਰਹਿੰਦ ਨਹਿਰ ਦੀਆਂ ਸ਼ਾਖਾਵਾਂ ਅਤੇ ਇਸ ਵਿੱਚੋਂ ਨਿਕਲਦੀਆਂ ਕੱਸੀਆਂ ਆਦਿ ਦੇ ਕੰਢਿਆਂ ਅਤੇ ਪਾਣੀ ਦੇ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਥਾਂ ਤੋਂ ਕੰਢੇ ਕਮਜ਼ੋਰ ਜਾਪਦੇ ਹਨ।