ਬੋਰਡ ਜਮਾਤਾਂ ਦਾ ਸਿਲੇਬਸ ਘਟਾਉਣ ਦੀਆਂ ਖਬਰਾਂ ਗਲਤ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਨਵੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਸਿਲੇਬਸ ਘਟਾਉਣ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਬੋਰਡ ਨੇ ਇਹ ਸਪਸ਼ਟ ਕਰਦਿਆਂ ਕਿਹਾ ਕਿ ਇਸ ਸੈਸ਼ਨ ਦੀ ਪ੍ਰੀਖਿਆ ਵਿਚ ਸਿਲੇਬਸ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ। ਬੋਰਡ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕਿਹਾ ਕਿ ਉਹ ਸੀਬੀਐਸਈ ਦੀ ਕੋਈ ਵੀ ਜਾਣਕਾਰੀ ਲੈਣ ਲਈ ਅਧਿਕਾਰਤ ਵੈਬਸਾਈਟ ਹੀ ਦੇਖਣ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਗਿਆ ਸੀ ਕਿ ਬੋਰਡ ਜਮਾਤਾਂ ਲਈ ਇੰਟਰਲ ਅਸੈਸਮੈਂਟ ਦੇ ਅੰਕ ਵੀ 40 ਫੀਸਦੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਅੱਜ ਪੋਸਟਾਂ ਵਾਇਰਲ ਹੋਈਆਂ ਕਿ ਸੀਬੀਐਸਈ ਭੋਪਾਲ ਦੇ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਬੀਐਸਈ ਨੇ ਅਗਲੇ ਸਾਲ ਮਾਰਚ ਵਿਚ ਹੋਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਸਿਲੇਬਸ 15 ਫੀਸਦੀ ਘਟਾ ਦਿੱਤਾ ਹੈ। ਇਹ ਬਦਲਾਅ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਵਿਚ ਤਣਾਅ ਘੱਟ ਕਰਨ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਲੀ ਸਿੱਖਿਆ ਨੂੰ ਵੀ ਜ਼ਿਆਦਾ ਜ਼ੋਰ ਦੇਣ ਤਹਿਤ ਪ੍ਰੈਕਟੀਕਲ ਤੇ ਇੰਟਰਨਲ ਅਸੈਸਮੈਂਟ ਦੇ ਅੰਕਾਂ ਨੂੰ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ ਦੇ 60 ਫੀਸਦੀ ਅੰਕ ਕੀਤੇ ਗਏ ਹਨ। ਇਸ ਤੋਂ ਬਾਅਦ ਸੀਬੀਐਸਈ ਬੋਰਡ ਨੇ ਸਪਸ਼ਟ ਕੀਤਾ ਕਿ ਇਹ ਖਬਰਾਂ ਗਲਤ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਵਿਦਿਆਰਥੀਆਂ ਵਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਫਰਵਰੀ ਤੇ ਮਾਰਚ ਵਿਚ ਹੋਣ ਵਾਲੀ ਪ੍ਰੀਖਿਆ ਦੀ ਡੇਟਸ਼ੀਟ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ ਤੇ ਇਸ ਡੇਟਸ਼ੀਟ ਦੇ ਦਸੰਬਰ ਦੇ ਪਹਿਲੇ ਹਫਤੇ ਜਾਰੀ ਹੋਣ ਦੀ ਉਮੀਦ ਹੈ।