ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਬੇ ਦੀ ਸਭ ਤੋਂ ਵੱਡੀ ਨਿਗਮ ਦੀ ਨਵੀਂ ਵਾਰਡਬੰਦੀ ਜਾਰੀ

08:33 AM Aug 05, 2023 IST

ਗਗਨਦੀਪ ਅਰੋੜਾ
ਲੁਧਿਆਣਾ, 4 ਅਗਸਤ
ਆਖ਼ਿਰ ਚਾਰ ਮਹੀਨਿਆਂ ਤੋਂ ਬਾਅਦ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਦੀ ਨਵੀਂ ਵਾਰਡਬੰਦੀ ਤੇ ਹੱਦਬੰਦੀ ਦੀ ਸੂਚੀ ਅੱਜ ਜਾਰੀ ਕਰ ਦਿੱਤੀ ਗਈ ਹੈ। ਨਿਗਮ ਦੇ ਸਰਾਭਾ ਨਗਰ ਸਥਿਤ ਡੀ ਜ਼ੋਨ ਦਫ਼ਤਰ ਵਿੱਚ ਵਾਰਡਬੰਦੀ ਦਾ ਵੱਡਾ ਨਕਸ਼ਾ ਲਗਾਇਆ ਗਿਆ ਹੈ। ਨਗਰ ਨਿਗਮ ਨੇ ਲੋਕਾਂ ਨੂੰ ਇਤਰਾਜ਼ ਦੇਣ ਦੇ ਲਈ 7 ਦਿਨਾਂ ਦਾ ਸਮਾਂ ਦਿੱਤਾ ਹੈ। ਵਾਰਡਬੰਦੀ ਦੀ ਲਿਸਟ ਲੱਗਣ ਦੀ ਖ਼ਬਰ ਮਿਲਦੇ ਹੀ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਇਛੁੱਕ ਨਿਗਮ ਦਫ਼ਤਰ ਵਿੱਚ ਪੁੱਜੇ, ਜਿਥੇ ਕਈ ਲੋਕ ਵਾਰਡ ਦੀ ਕੈਟਾਗਿਰੀ ਬਦਲਣ ਕਾਰਨ ਮਾਯੂਸ ਨਜ਼ਰ ਆਏ।
ਨਗਰ ਨਿਗਮ ਲੁਧਿਆਣਾ ਵਿੱਚ 95 ਵਾਰਡ ਹਨ, ਜਿਨ੍ਹਾਂ ਵਿੱਚੋਂ 48 ਵਾਰਡ ਔਰਤਾਂ ਤੇ 47 ਵਾਰਡ ਪੁਰਸ਼ਾਂ ਲਈ ਹਨ। ਇਨ੍ਹਾਂ ਵਿੱਚ ਵੀ 14 ਵਾਰਡ ਅਨੁਸੂਚਿਤ ਜਾਤੀ (ਜਿਨ੍ਹਾਂ ਵਿੱਚੋਂ 7 ਮਹਿਲਾਵਾਂ ਲਈ ਰਾਖਵੇਂ) ਤੇ 2 ਵਾਰਡ ਪਛੜੀ ਸ਼੍ਰੇਣੀਆਂ ਲਈ ਰਾਖਵੇਂ (ਜਿਨ੍ਹਾਂ ਵਿੱਚੋਂ 1 ਵਾਰਡ ਮਹਿਲਾ ਲਈ ਰਾਖਵਾਂ) ਰੱਖੇ ਗਏ ਹਨ। ਇਸ ਵਾਰ ‘ਆਪ’ ਸਰਕਾਰ ਦੇ ਆਉਣ ਤੋਂ ਬਾਅਦ ਦੁਬਾਰਾ ਵਾਰਡਬੰਦੀ ਕਰਨ ’ਤੇ ਇਲਾਕਿਆਂ ਦੇ ਵਾਰਡ ਨੰਬਰ ਬਦਲ ਦਿੱਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ 4 ਅਗਸਤ ਤੋਂ ਇੱਕ ਹਫ਼ਤੇ ਦਾ ਸਮਾਂ ਲੋਕਾਂ ਨੂੰ ਇਤਰਾਜ਼ ਦੇਣ ਲਈ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ ਫਾਈਨਲ ਕਰ ਕੇ ਲਾਗੂ ਕਰ ਦਿੱਤਾ ਜਾਵੇਗਾ।
ਭਾਜਪਾ ਦੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਨੇ ਨਗਰ ਨਿਗਮ ਦੀ ਇਸ ਵਾਰਡਬੰਦੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਸਿਰਫ਼ ਸ਼ਹਿਰੀ ਇਲਾਕਿਆਂ ਦੇ ਵਾਰਡ ਨੰਬਰ ਹੀ ਬਦਲਣੇ ਸਨ ਤਾਂ ਫਿਰ ਵਾਰਡਬੰਦੀ ਕਿਉਂ ਕੀਤੀ ਗਈ। ਇਸ ਦੇ ਨਾਲ ਸਰਕਾਰ ਨੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਕੌਂਸਲਰਾਂ ਨੇ ਵਾਰਡ ਨੰਬਰ ਦੇ ਜੋ ਬੋਰਡ ਲਗਾਏ ਸਨ, ਉਹ ਬਰਬਾਦ ਹੋ ਗਏ, ਜਿਸ ਕਰ ਕੇ ਲੋਕਾਂ ਨੂੰ ਆਪਣੇ ਅਡਰੈਸ ਪਰੂਫ਼ ਦੁਬਾਰਾ ਬਣਾਉਣ ਪੈਣਗੇ।
ਚੋਣਾਂ ਤੋਂ ਪਹਿਲਾਂ ਹੀ ਕਈ ਵੱਡੇ ਚਿਹਰੇ ਮੈਦਾਨ ਵਿੱਚੋਂ ਆਊਟ
ਮਾਰਚ ਵਿੱਚ ਕਾਂਗਰਸ ਦੇ ਹਾਊਸ ਦਾ ਨਗਰ ਨਿਗਮ ਲੁਧਿਆਣਾ ਦਾ ਕਾਰਜਕਾਲ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ ਸੂਬਾ ਸਰਕਾਰ ਨੇ ਚੋਣਾਂ ਨੂੰ ਪੈਡਿੰਗ ਪਾਇਆ ਹੋਇਆ ਸੀ। ਹੁਣ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਕੀਤੀ ਗਈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਸਰਕਰ ਨੇ ਚੋਣਾਂ ਤੋਂ ਪਹਿਲਾਂ ਹੀ ਨਗਰ ਨਿਗਮ ਹਾਊਸ ਦੇ ਕਈ ਵੱਡੇ ਚਿਹਰਿਆਂ ਨੂੰ ਮੈਦਾਨ ’ਚੋਂ ਬਾਹਰ ਕਰ ਦਿੱਤਾ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਪਿਛਲੀ ਟਰਮ ਵੇਲੇ ਨਿਗਮ ਹਾਊਸ ਵਿੱਚ ਸਭ ਤੋਂ ਮਜ਼ਬੂਤ ਕੌਂਸਲਰ ਸੀ। ਇਸ ਵਾਰ ਮਮਤਾ ਆਸ਼ੂ ਦਾ ਬਹੁਤਾ ਇਲਾਕਾ ਐੱਸਸੀ ਵਾਰਡ ਵਿੱਚ ਪਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਸ਼ੂ ਦੇ ਨਜ਼ਦੀਕੀ ਸੰਨੀ ਭੱਲਾ ਦਾ ਵਾਰਡ ਇਸਤਰੀਆਂ ਲਈ ਰਾਖਵਾਂ, ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਦੇ ਵਾਰਡ ਦਾ ਬਹੁਤਾ ਹਿੱਸਾ ਵੀ ਹੋਰਾਂ ਵਾਰਡਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਕੌਂਸਲਰ ਅਸ਼ਵਨੀ ਸ਼ਰਮਾ ਦਾ ਵੀ ਵਾਰਡ ਜਨਰਲ ਤੋਂ ਬੀਸੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਮੇਅਰ ਦੇ ਵਾਰਡ ਵਿੱਚ ਵੀ ਇਸੇ ਤਰ੍ਹਾਂ ਕਾਫ਼ੀ ਇਲਾਕੇ ਨਵੇਂ ਵਾਰਡਾਂ ਵਿੱਚ ਸ਼ਿਫਟ ਕਰ ਦਿੱਤੇ ਗਏ ਹਨ। ਭਾਜਪਾ ਆਗੂ ਗੁਰਦੀਪ ਸਿੰਘ ਨੀਟੂ ਤੇ ਕਾਂਗਰਸੀ ਸਾਬਕਾ ਕੌਂਸਲਰ ਘਾਇਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਾਬਕਾ ਕੌਂਸਲਰ ਤੇ ਸਾਬਕਾ ਮੇਅਰ ਦੇ ਪੁੱਤਰ ਜਸਪਾਲ ਸਿੰਘ ਗਿਆਸਪੁਰਾ ਦਾ ਵਾਰਡ ਵੀ ਮਹਿਲਾਵਾਂ ਲਈ ਰਾਖਵਾਂ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਮਮਤਾ ਆਸ਼ੂ ਦਾ ਕਹਿਣਾ ਹੈ ਕਿ 2018 ਵਿੱਚ ਜੋ ਵਾਰਡ ਜਨਰਲ ਸੀ, ਉਸ ਨੂੰ ਅੱਜ ਸਰਕਾਰ ਨੇ ਐੱਸਸੀ ਕਰ ਦਿੱਤਾ ਹੈ ਪਰ ਉਹ ਹਰ ਹਾਲ ਵਿੱਚ ਇਹ ਚੋਣਾਂ ਜ਼ਰੂਰ ਲੜਨਗੇ, ਚਾਹੇ ਦੂਜੇ ਇਲਾਕੇ ਤੋਂ ਲੜਨੀਆਂ ਪੈਣ। ਮਮਤਾ ਆਸ਼ੂ ਨੇ ਕਿਹਾ ਕਿ ਇਹ ਵਾਰਡਬੰਦੀ ਸਿਰਫ਼ ਕਾਂਗਰਸ ਦੇ ਮਜ਼ਬੂਤ ਕੌਂਸਲਰਾਂ ਦੇ ਇਲਾਕੇ ਬਦਲਣ ਲਈ ਕੀਤੀ ਗਈ ਹੈ। ਇਸ ਤਰੀਕੇ ਨਾਲ ਸਰਕਾਰ ਸਿੱਧੇ ਤੌਰ ’ਤੇ ਧੱਕਾ ਕਰ ਰਹੀ ਹੈ।
ਕਾਂਗਰਸੀ ਆਗੂ ਨੇ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਕਾਂਗਰਸ ਦੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨਗਰ ਨਿਗਮ ਨੇ ਦੂਜੀ ਮੰਜ਼ਿਲ ’ਤੇ ਇਹ ਨਕਸ਼ਾ ਲਟਕਾ ਦਿੱਤਾ ਹੈ, ਉਥੇ ਕੋਈ ਕਿਵੇਂ ਪੜ੍ਹ ਕੇ ਆਪਣਾ ਇਤਰਾਜ਼ ਦੇਵੇਗਾ। ਉਨ੍ਹਾਂ ਕਿਹਾ ਕਿ ਜੋ ਲਿਸਟਾਂ ਨਗਰ ਨਿਗਮ ਨੇ ਦਿੱਤੀਆਂ ਹਨ, ਉਸ ਵਿੱਚ ਸਪੱਸ਼ਟ ਹੀ ਨਹੀਂ ਹੈ ਕਿ ਕਿਹੜਾ ਇਲਾਕਾ ਕਿਸ ਵਾਰਡ ਵਿੱਚ ਚਲਾ ਗਿਆ ਹੈ।

Advertisement

Advertisement