ਥੋੜ੍ਹੇ ਜਿਹੇ ਮੀਂਹ ਮਗਰੋਂ ਹੀ ਭੁਰ ਗਈ ਨਵੀਂ ਸੜਕ
ਸ਼ਗਨ ਕਟਾਰੀਆ
ਜੈਤੋ, 1 ਸਤੰਬਰ
ਦਹਾਕੇ ਮਗਰੋਂ ਬਣੀ ਸੜਕ ਦਾ ਚਾਅ ਹਾਲੇ ਲੋਕ ਮਨਾ ਹੀ ਰਹੇ ਸਨ ਕਿ ਮੀਂਹ ਦੀਆਂ ਚਾਰ ਛਿੱਟਾਂ ਪੈਣ ਨਾਲ ਕਰੋੜਾਂ ਦੀ ਲਾਗਤ ਨਾਲ ਬਣੀ ਸੜਕ ਥਾਂ-ਥਾਂ ਤੋਂ ਭੁਰ ਗਈ। ਇਹ ਦਾਸਤਾਨ ਹੈ ਬਠਿੰਡਾ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਜੈਤੋ ਤੋਂ ਪਿੰਡ ਚੰਦਭਾਨ ਦਰਮਿਆਨ ਦੀ। ਸੜਕ ਦੇ ਇਸ ਟੋਟੇ ਦੀ ਹਾਲਤ ਪਿਛਲੇ ਇੱਕ ਅਰਸੇ ਤੋਂ ਇੰਨੀ ਕੁ ਖਸਤਾ ਸੀ ਕਿ ਕਿਤੇ-ਕਿਤੇ ਟੋਇਆ ਵਿੱਚ ਸੜਕ ਦਿਸਦੀ ਸੀ। ਇੱਥੇ ਹੁੰਦੇ ਹਾਦਸਿਆਂ ਨੇ ਕਈਆਂ ਦੀਆਂ ਜਾਨਾਂ ਲਈਆਂ ਤੇ ਕਈਆਂ ਨੂੰ ਅਪਾਹਜ ਕੀਤਾ। ਲੋਕਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ’ਤੇ ਹਕੂਮਤ ਨੇ ਇਸ ਦੀ ਪੁਨਰਉਸਾਰੀ ਲਈ 4.77 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਤਾਂ ਹਾਲੇ 6 ਕੁ ਮਹੀਨੇ ਪਹਿਲਾਂ ਹੀ ਇਸ ਦੀ ਉਸਾਰੀ ਮੁਕੰਮਲ ਹੋਈ ਹੈ।
ਪਿਛਲੇ ਦਿਨੀਂ ਮੀਂਹ ਦੇ ਛਰਾਟਿਆਂ ਨਾਲ ਪ੍ਰੀਮਿਕਸ ਨਾਲ ਤਿਆਰ ਹੋਈ ਇਸ ਸੜਕ ਤੋਂ ਪ੍ਰੀਮਿਕਸ ਉੱਖੜ ਕੇ ਦਰਜਨਾਂ ਦੀ ਗਿਣਤੀ ’ਚ ਥਾਂ-ਥਾਂ ’ਤੇ ਡੂੰਘੇ ਖੱਡੇ ਪੈ ਗਏ। ਇਸ ਸੜਕ ਦਾ ਲੰਮਾ ਸੰਤਾਪ ਭੋਗ ਚੁੱਕੇ ਲੋਕਾਂ ਨੇ ਇੱਕ ਵਾਰ ਫਿਰ ਸੜਕ ਦੇ ਤਾਜ਼ਾ ਹਾਲਾਤ ਦੇ ਜ਼ਿੰਮੇਵਾਰਾਂ ਨੂੰ ਜਨਤਕ ਤੌਰ ’ਤੇ ਨਸ਼ਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਲੋਕ ਸਾਫ਼ ਲਫ਼ਜ਼ਾਂ ’ਚ ਆਪਣੀਆਂ ਉਂਗਲਾਂ ਸੜਕ ਬਣਾਉਣ ਵਾਲੇ ਠੇਕੇਦਾਰ ਤਰਫ਼ ਚੁੱਕ ਰਹੇ ਹਨ ਅਤੇ ਸੜਕ ਦੀ ਵਿਜੀਲੈਂਸ ਜਾਂਚ ਮੰਗੀ ਜਾ ਰਹੀ ਹੈ। ਭਾਵੇਂ ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਲੋਕ ਇਸ ਕਵਾਇਦ ਤੋਂ ਸੰਤੁਸ਼ਟ ਨਹੀਂ।