ਜੰਮੂ ਕਸ਼ਮੀਰ ’ਚ ਧਾਰਾ 370 ਬਹਾਲ ਕਰੇ ਨਵੀਂ ਸਰਕਾਰ: ਹਵਾਰਾ ਕਮੇਟੀ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਅਕਤੂਬਰ
ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੀ ਭਾਈਵਾਲ ਪਾਰਟੀਆਂ ਨੂੰ ਸੂਬੇ ਦੇ ਲੋਕਾਂ ਨੇ ਜਿੱਤ ਦਾ ਫ਼ਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਅਗਸਤ 2019 ’ਚ ਧਾਰਾ 370 ਰੱਦ ਕਰ ਕੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨਾ ਗ਼ਲਤ ਫ਼ੈਸਲਾ ਸੀ। ਖੇਤਰੀ ਪਾਰਟੀ ਦਾ ਸੱਤਾ ਵਿੱਚ ਆਉਣ ਨੂੰ ਚੰਗਾ ਕਦਮ ਦੱਸਦੇ ਹੋਏ ਕਸ਼ਮੀਰੀ ਲੋਕਾਂ ਨੂੰ ਹਵਾਰਾ ਕਮੇਟੀ ਨੇ ਸਿੱਖ ਭਾਈਚਾਰੇ ਵੱਲੋਂ ਵਧਾਈ ਦਿੱਤੀ। ਕਮੇਟੀ ਮੈਂਬਰ ਡਾ. ਸੁਖਦੇਵ ਸਿੰਘ, ਬਲਦੇਵ ਸਿੰਘ ਨਵਾਂਪਿੰਡ, ਮਹਾਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ ਨੇ ਡਾ. ਫਾਰੂਖ ਅਬਦੁੱਲਾ ਅਤੇ ਉਮਰ ਅਬਦੁੱਲਾ ਨੂੰ ਅਪੀਲ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ ’ਤੇ ਧਾਰਾ 370 ਬਹਾਲ ਕਰਨ ਦਾ ਫ਼ੈਸਲਾ ਲੈ ਕੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਅਤੇ ਆਪਣੀ ਸਰਕਾਰ ਵਿੱਚ ਸੂਬੇ ਦੇ ਸਿੱਖਾਂ ਨੂੰ ਨੁਮਾਇੰਦਗੀ ਦੇਣ।
ਉਨ੍ਹਾਂ ਕਿਹਾ ਕਿ ਕੇਂਦਰ ਨੇ ਜਨਤਾ ਦੀ ਰਾਏ ਲਏ ਬਿਨਾਂ ਜ਼ਬਰਦਸਤੀ ਧਾਰਾ 370 ਰੱਦ ਕਰਨ ਦਾ ਫ਼ੈਸਲਾ ਥੋਪਿਆ ਸੀ। ਪੰਜ ਸਾਲ ਬੀਤਣ ਦੇ ਬਾਅਦ ਕਸ਼ਮੀਰੀ ਲੋਕਾਂ ਨੇ ਲੋਕਤੰਤਰ ਰਾਹੀਂ ਭਾਜਪਾ ਵੱਲੋਂ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਖਤਮ ਕਰਨ ਦੇ ਫੈਸਲੇ ਨੂੰ ਨਕਾਰ ਕੇ ਮੁੜ ਧਾਰਾ 370 ਦੀ ਬਹਾਲੀ ਦੇ ਹੱਕ ’ਚ ਫ਼ਤਵਾ ਦਿੱਤਾ ਹੈ। ਕਸ਼ਮੀਰ ਘਾਟੀ ’ਚ ਭਾਜਪਾ ਨੂੰ 47 ਸੀਟਾਂ ਵਿੱਚੋਂ ਕੇਵਲ 19 ਉਮੀਦਵਾਰ ਚੋਣ ਲੜਨ ਲਈ ਮਿਲੇ ਸਨ, ਜਿਨ੍ਹਾਂ ਵਿੱਚੋਂ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ। ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਧਾਰਾ 370 ਕਸ਼ਮੀਰ ਅਤੇ ਭਾਰਤ ਦਰਮਿਆਨ ਇੱਕ ਪੁਲ਼ ਦਾ ਕੰਮ ਕਰਦੀ ਹੈ, ਜਿਸ ਦਾ ਮੁੜ ਬਹਾਲ ਕੀਤਾ ਜਾਣਾ ਸਮੇਂ ਦੀ ਲੋੜ ਹੈ।