For the best experience, open
https://m.punjabitribuneonline.com
on your mobile browser.
Advertisement

ਪੀਯੂ ਦੀ ਨਵੀਂ ਡੇਟਸ਼ੀਟ ਨੇ ਕਾਲਜਾਂ ਦੇ ਵਿਦਿਆਰਥੀ ਉਲਝਾਏ

05:16 AM Nov 30, 2024 IST
ਪੀਯੂ ਦੀ ਨਵੀਂ ਡੇਟਸ਼ੀਟ ਨੇ ਕਾਲਜਾਂ ਦੇ ਵਿਦਿਆਰਥੀ ਉਲਝਾਏ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਨਵੰਬਰ
ਪੰਜਾਬ ਯੂਨੀਵਰਸਿਟੀ (ਪੀਯੂ) ਵੱਲੋਂ ਬੀਏ ਭਾਗ ਪਹਿਲਾ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ ਪਰ ਇਸ ਡੇਟਸ਼ੀਟ ਵਿਚ ਚੰਡੀਗੜ੍ਹ ਦੇ ਕਾਲਜਾਂ ਦੇ ਕਈ ਵਿਦਿਆਰਥੀਆਂ ਦੇ ਦੋ-ਦੋ ਪੇਪਰ ਇੱਕ ਹੀ ਦਿਨ ਵਿੱਚ ਆ ਗਏ ਹਨ ਜਿਸ ਕਾਰਨ ਵਿਦਿਆਰਥੀਆਂ ’ਚ ਭੰਬਲਭੂਸਾ ਬਣਿਆ ਹੋਇਆ ਹੈ ਕਿ ਇਹ ਡੇਟਸ਼ੀਟ ਸਹੀ ਹੈ ਕਿ ਨਹੀਂ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਕੋਲ ਦੋ ਦਿਨਾਂ ਵਿੱਚ ਹੀ ਕਈ ਸ਼ਿਕਾਇਤਾਂ ਪੁੱਜ ਗਈਆਂ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਬੀਏ ਭਾਗ ਪਹਿਲਾ ਦੀ ਪੜ੍ਹਾਈ ਇਸ ਸਾਲ ਨਵੀਂ ਸਿੱਖਿਆ ਨੀਤੀ ਤਹਿਤ ਕਰਵਾਈ ਜਾਵੇਗੀ ਜਿਸ ਤਹਿਤ ਹੀ ਇਹ ਡੇਟਸ਼ੀਟ ਤਿਆਰ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਨੇ 27 ਨਵੰਬਰ ਨੂੰ ਬੀਏ ਭਾਗ ਪਹਿਲਾ ਦੀ ਡੇਟਸ਼ੀਟ ਜਾਰੀ ਕੀਤੀ ਹੈ। ਇਸ ਅਨੁਸਾਰ ਪ੍ਰੀਖਿਆਵਾਂ 9 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਬੀਏ ਭਾਗ ਦੂਜਾ ਤੇ ਤੀਜਾ ਦੀ ਡੇਟਸ਼ੀਟ ਵੀ ਜਾਰੀ ਹੋ ਚੁੱਕੀ ਹੈ ਤੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ 19 ਨਵੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਐੱਸਡੀ ਕਾਲਜ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਦੇ 16 ਦਸੰਬਰ ਨੂੰ ਜਿਓਗਰਫੀ ਤੇ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਇਕ ਹੀ ਦਿਨ ਵਿਚ ਆ ਰਹੇ ਹਨ, ਉਸ ਨੂੰ ਸ਼ੱਕ ਹੈ ਕਿ ਕਿਤੇ ਇਹ ਡੇਟਸ਼ੀਟ ਫਰਜ਼ੀ ਤਾਂ ਨਹੀਂ। ਡੀਏਵੀ ਕਾਲਜ ਦੇ ਇੱਕ ਲੈਕਚਰਾਰ ਨੇ ਦੱਸਿਆ ਕਿ ਬੀਏ ਭਾਗ ਪਹਿਲਾ ਦੀ ਡੇਟਸ਼ੀਟ ਵਿਚ ਕਈ ਵਿਸ਼ਿਆਂ ਦੇ ਪੇਪਰ ਇਕ ਦਿਨ ਆ ਰਹੇ ਹਨ ਜਿਸ ਕਾਰਨ ਰੋਜ਼ਾਨਾ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਕਾਲਜ ਦੇ ਇੱਕ ਲੈਕਚਰਾਰ ਨੇ ਦੱਸਿਆ ਕਿ ਬੀਏ ਭਾਗ ਪਹਿਲਾ ਦੀ ਡੇਟਸ਼ੀਟ ਦੇ ਕਈ ਵਿਸ਼ਿਆਂ ਦੇ ਪੇਪਰ ਇੱਕ ਦਿਨ ਆਉਣ ਸਬੰਧੀ ਸ਼ਿਕਾਇਤਾਂ ਪੰਜਾਬ ਯੂਨੀਵਰਸਿਟੀ ਕੋਲ ਪੁੱਜਦੀਆਂ ਕੀਤੀਆਂ ਜਾਣਗੀਆਂ।

Advertisement

ਪੰਜਾਬ ਯੂਨੀਵਰਸਿਟੀ ਨੇ ਸੈਸ਼ਨ 2024-25 ਵਿੱਚ ਲਾਗੂ ਕੀਤੀ ਹੈ ਨਵੀਂ ਸਿੱਖਿਆ ਨੀਤੀ

ਪੰਜਾਬ ਯੂਨੀਵਰਸਿਟੀ ਨੇ ਨਵੀਂ ਸਿੱਖਿਆ ਨੀਤੀ ਸੈਸ਼ਨ 2024-25 ਸੈਸ਼ਨ ਤੋਂ ਲਾਗੂ ਕੀਤੀ ਹੈ ਜਿਸ ਤਹਿਤ ਇਸ ਸਾਲ ਤੋਂ ਬੀਏ, ਬੀਐੱਸਸੀ ਤੇ ਬੀਕਾਮ ਪਹਿਲੇ ਸਾਲ ’ਤੇ ਇਹ ਨੀਤੀ ਲਾਗੂ ਕੀਤੀ ਜਾਵੇਗੀ ਤੇ ਅਗਲੇ ਸਾਲ ਦੇ ਸੈਸ਼ਨ 2025-26 ਤੋਂ ਦੂਜੇ ਸਾਲ ਦੇ ਵਿਦਿਆਰਥੀਆਂ ਤੇ ਉਸ ਤੋਂ ਅਗਲੇ ਸਾਲ ਦੇ ਸੈਸ਼ਨ 2026-27 ਵਿਚ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਇਹ ਨੀਤੀ ਲਾਗੂ ਕੀਤੀ ਜਾਵੇਗੀ। ਨਵੀਂ ਸਿੱਖਿਆ ਨੀਤੀ ਤਹਿਤ ਪਹਿਲਾਂ ਨਾਲੋਂ ਸਬਜੈਕਟ ਕੰਬੀਨੇਸ਼ਨ ਕਈ ਗੁਣਾਂ ਵਧ ਗਏ ਹਨ ਜਿਸ ਕਾਰਨ ਡੇਟਸ਼ੀਟ ਬਣਾਉਣ ਵਿਚ ਦਿੱਕਤ ਆਈ ਹੈ ਤੇ ਕਈ ਵਿਸ਼ਿਆਂ ਦੇ ਪੇਪਰ ਇਕ ਹੀ ਦਿਨ ਵਿਚ ਆ ਗਏ ਹਨ।

Advertisement

ਇਕ-ਦੋ ਦਿਨ ਵਿੱਚ ਸੋਧੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ: ਕੰਟਰੋਲਰ

ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ਕੰਟਰੋਲਰ ਡਾ. ਜਗਤ ਭੂਸ਼ਨ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ-ਦੋ ਦਿਨ ਵਿਚ ਹੀ ਸੋਧ ਕੇ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੇ ਹੋਰ ਕਈ ਵਿਦਿਆਰਥੀਆਂ ਨੂੰ ਡੇਟਸ਼ੀਟ ਅਨੁਸਾਰ ਇਕ ਦਿਨ ਵਿਚ ਦੋ ਦੋ ਪੇਪਰ ਆ ਰਹੇ ਹਨ ਤਾਂ ਉਹ ਇਸ ਸਬੰਧੀ ਆਪੋ-ਆਪਣੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸ਼ਿਕਾਇਤ ਕਰਨ।

Advertisement
Author Image

Balwant Singh

View all posts

Advertisement