ਬਲੈਕਮੇਲ ਦਾ ਨਵਾਂ ਧੰਦਾ
ਕਾਮੁਕਤਾ ਭਰੇ ਸੰਦੇਸ਼ ਭੇਜ ਕੇ ਕਰੋੜਾਂ ਰੁਪਏ ਦੀ ਜਬਰੀ ਵਸੂਲੀ ਦਾ ਧੰਦਾ ਬੇਨਕਾਬ ਹੋਇਆ ਹੈ। ਹਰਿਆਣਾ ਦੇ ਭਿਵਾਨੀ ਸ਼ਹਿਰ ਦਾ ਇਕ ਬਜ਼ੁਰਗ ਅਜਿਹੇ ਹੀ ਧੰਦੇ ਦਾ ਸ਼ਿਕਾਰ ਹੋ ਗਿਆ ਅਤੇ ਵਟਸਐਪ ’ਤੇ ਸਰਗਰਮ ਅਜਿਹੇ ਇਕ ਗਰੋਹ ਨੇ ਪਿਛਲੇ ਮਹੀਨੇ ਉਸ ਨੂੰ ਬਲੈਕਮੇਲ ਕਰ ਕੇ ਦੋ ਕਿਸ਼ਤਾਂ ਵਿਚ 36.84 ਲੱਖ ਰੁਪਏ ਵਸੂਲ ਲਏ ਸਨ। ਇਸ ਤੋਂ ਸਮਾਰਟਫੋਨਾਂ ਦੀ ਵਰਤੋਂ ਕਰਨ ਵਾਲਿਆਂ ਲਈ ਸਖ਼ਤ ਸਬਕ ਹੈ ਕਿ ਇਸ ਕਿਸਮ ਦੀਆਂ ਕਾਲਾਂ ਤੋਂ ਸਚੇਤ ਰਿਹਾ ਜਾਵੇ। ਆਨਲਾਈਨ ਅਪਰਾਧ ਕਰਨ ਵਾਲਿਆਂ ਦਾ ਇਹ ਆਮ ਜਿਹਾ ਤਰੀਕਾਕਾਰ ਹੈ। ਸੁਣਨ ਵਿਚ ਆਇਆ ਹੈ ਕਿ ਜਦੋਂ ਉਸ ਨੇ ਵੀਡੀਓ ਕਾਲ ਚੁੱਕੀ ਤਾਂ ਉਸ ਦੇ ਫੋਨ ’ਤੇ ਨਿਰਵਸਤਰ ਔਰਤ ਨਜ਼ਰ ਆ ਰਹੀ ਸੀ। ਅਗਲੀ ਵਾਰ ਜਦੋਂ ਉਸ ਨੂੰ ਵੀਡੀਓ ਕਲਿਪ ਮਿਲੀ ਤਾਂ ਉਸ ਔਰਤ ਨਾਲ ਉਸ ਸ਼ਖ਼ਸ ਦਾ ਚਿਹਰਾ ਚਸਪਾ ਕਰ ਕੇ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਜਾਅਲਸਾਜ਼ਾਂ ਨੇ ਆਪਣੇ ਆਪ ਨੂੰ ਪੁਲੀਸ ਅਫਸਰ ਦੇ ਤੌਰ ’ਤੇ ਪੇਸ਼ ਕਰ ਕੇ ਉਸ ਨੂੰ ਧਮਕੀ ਭਰੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਜਾਣ ਲੱਗੀ।
ਇਸ ਦੇ ਨਾਲ ਹੀ ਇਸ ਕੇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਮ ਲੋਕ ਆਪਣੇ ਆਪ ਨੂੰ ਅਜਿਹੇ ਮਾੜੇ ਅਨਸਰਾਂ ਦੇ ਧੱਕੇ ਚੜ੍ਹਨ ਤੋਂ ਕਿਵੇਂ ਬਚਾ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਦਬੋਚਣ ਵਿਚ ਪੁਲੀਸ ਦੀ ਮਦਦ ਕਰ ਕੇ ਕਿਵੇਂ ਆਪਣੇ ਜੀਵਨ ਭਰ ਦੀ ਕਮਾਈ ਵੀ ਸੁਰੱਖਿਅਤ ਕਰ ਸਕਦੇ ਹਨ। ਪੀੜਤ ਬਜ਼ੁਰਗ ਨੇ ਅਗਲੀ ਵਾਰ ਆਪਣੇ ਪਰਿਵਾਰ ਨਾਲ ਗੱਲ ਕਰ ਕੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਕੇ 20 ਲੱਖ ਰੁਪਏ ਦੀ ਠੱਗੀ ਤੋਂ ਬਚਾਅ ਕਰ ਲਿਆ। ਤਿੰਨ ਹਫ਼ਤਿਆਂ ਦੇ ਅੰਦਰ ਅੰਦਰ ਪੁਲੀਸ ਨੇ ਅੱਠ ਮਸ਼ਕੂਕ ਅਨਸਰ ਕਾਬੂ ਕਰ ਲਏ ਅਤੇ ਉਨ੍ਹਾਂ ਕੋਲੋਂ 19 ਮੋਬਾਈਲ ਫੋਨ ਅਤੇ ਲੋਕਾਂ ਕੋਲੋਂ ਠੱਗੇ ਤਿੰਨ ਕਰੋੜ ਰੁਪਏ ਬਰਾਮਦ ਕਰ ਲਏ ਹਨ। ਪਤਾ ਲੱਗਿਆ ਹੈ ਕਿ ਇਸ ਗਰੋਹ ਨੇ ਵੱਖ ਵੱਖ ਸੂਬਿਆਂ ਵਿਚ 728 ਲੋਕਾਂ ਨੂੰ ਕਾਲਾਂ ਕੀਤੀਆਂ ਸਨ।
ਪਿਛਲੇ ਕੁਝ ਸਾਲਾਂ ਤੋਂ ਸਾਈਬਰ ਅਪਰਾਧ ਸਾਰੇ ਹੱਦਾਂ ਬੰਨੇ ਟੱਪ ਰਿਹਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਅਪਰਾਧੀਆਂ ਨੇ ਆਮ ਲੋਕਾਂ ਤੋਂ 10 ਹਜ਼ਾਰ ਕਰੋੜ ਰੁਪਏ ਠੱਗ ਲਏ ਹਨ। ਬੈਂਕਿੰਗ ਹੇਰਾਫੇਰੀਆਂ ਤੋਂ ਇਲਾਵਾ ਹੁਣ ਸੈਕਸ ਦੇ ਨਾਂ ’ਤੇ ਫਿਰੌਤੀ ਦਾ ਇਹ ਧੰਦਾ ਕਾਫ਼ੀ ਜ਼ੋਰ ਫੜ ਰਿਹਾ ਹੈ। ਪੁਲੀਸ ਨੂੰ ਇਸ ਰੁਝਾਨ ਨਾਲ ਜੁੜੇ ਸਾਰੇ ਤੱਥ ਲੋਕਾਂ ਸਾਹਮਣੇ ਲਿਆ ਕੇ ਇਸ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਇਸ ਬਾਰੇ ਖਾਸ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਭਾਵੇਂ ਵੱਖਰੇ ਸੈੱਲ ਬਣਾਏ ਗਏ ਹਨ ਪਰ ਅਜਿਹੇ ਸੈੱਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਕਾਰਗਰ ਬਣਾਉਣ ਦੀ ਜ਼ਰੂਰਤ ਹੈ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਮਿਲ ਸਕੇ ਅਤੇ ਨਾਲ ਹੀ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ।