ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਨੇ ਲਈ ਮਜ਼ਦੂਰ ਦੀ ਜਾਨ

07:00 AM Sep 08, 2023 IST

ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਲੁਧਿਆਣਾ ਦੇ ਲਾਰਡ ਮਹਾਵੀਰ ਸਿਵਲ ਹਸਪਤਾਲ ਵਿੱਚ ਪਰਵਾਸੀ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ’ਚ ਦੋ ਡਾਕਟਰਾਂ ਸਮੇਤ ਅੱਧੀ ਦਰਜਨ ਸਟਾਫ਼ ਮੈਂਬਰਾਂ ਦੀ ਅਣਗਹਿਲੀ ਸਾਹਮਣੇ ਆਈ ਹੈ। ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਜ਼ਿੰਮੇਵਾਰ ਡਾਕਟਰਾਂ ਅਤੇ ਹੋਰਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਪ੍ਰਮੁੱਖ ਸਕੱਤਰ ਨੂੰ ਨਿੱਜੀ ਤੌਰ ’ਤੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਨ ਦੀ ਹਦਾਇਤ ਵੀ ਕੀਤੀ ਹੈ।
ਦੱਸਣਯੋਗ ਹੈ ਕਿ 27 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਗੋਂਦਾ ਜ਼ਿਲ੍ਹੇ ਦੇ ਵਸਨੀਕ ਅਜੈ ਕੁਮਾਰ ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਮਗਰੋਂ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਸੀ। ਜਿਥੇ ਡਾਕਟਰਾਂ ਨੇ ਐਮਰਜੈਂਸੀ ਵਾਰਡ ਵਿੱਚ ਟਾਂਕੇ ਆਦਿ ਲਗਾਉਣ ਮਗਰੋਂ ਉਸ ਨੂੰ ਅਣਪਛਾਤੇ ਮਰੀਜ਼ਾਂ ਲਈ ਬਣੇ ਵਾਰਡ ਵਿੱਚ ਭੇਜ ਦਿੱਤਾ। ਇਥੇ ਬੈੱਡ ਖਾਲੀ ਨਾ ਹੋਣ ਕਾਰਨ ਮਰੀਜ਼ ਸਟਰੈਚਰ ’ਤੇ ਹੀ ਪਿਆ ਰਿਹਾ। ਕੁਝ ਸਮੇਂ ਬਾਅਦ ਇਹ ਮਰੀਜ਼ ਸਟਰੈਚਰ ਤੋਂ ਥੱਲੇ ਡਿੱਗਿਆ ਹੋਇਆ ਮ੍ਰਿਤ ਹਾਲਤ ਵਿੱਚ ਵੇਖਿਆ ਗਿਆ।
ਮੁੱਖ ਸਕੱਤਰ ਨੇ ਮਾਮਲੇ ਦੀ ਪੜਤਾਲ ਦੇ ਹੁਕਮ ਜਾਰੀ ਕੀਤੇ ਸਨ ਤੇ ਡੀਸੀ ਲੁਧਿਆਣਾ ਦੀ ਅਗਵਾਈ ਹੇਠ ਬਣੀ ਕਮੇਟੀ ਨੇ ਜਾਂਚ ਰਿਪੋਰਟ ਮੁੱਖ ਸਕੱਤਰ ਨੂੰ ਭੇਜੀ ਸੀ। ਇਸ ਰਿਪੋਰਟ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਲਵਪ੍ਰੀਤ ਸਿੰਘ ਗਿੱਲ, ਡਾ. ਧਨੰਜੈ (ਹਾਊਸ ਸਰਜਨ), ਸਟਾਫ਼ ਨਰਸ ਕੁਲਦੀਪ ਕੌਰ ਤੇ ਅਮਨਪ੍ਰੀਤ ਕੌਰ ਸਮੇਤ ਦਰਜਾ ਚਾਰ ਮੁਲਾਜ਼ਮ ਮਨੋਜ ਕੁਮਾਰ ਤੇ ਸਫ਼ਾਈ ਸੇਵਕ ਸ਼ੰਕਰ ਸਿੰਘ ’ਤੇ ਅਣਗਹਿਲੀ ਕਰਨ ਦਾ ਦੋਸ਼ ਲਾਇਆ ਗਿਆ ਹੈ, ਜਦਕਿ ਐੱਸਐੱਮਓ ਅਤੇ ਹੋਰਨਾਂ ਡਾਕਟਰਾਂ ’ਤੇ ਢੁਕਵਾਂ ਕੰਟਰੋਲ ਤੇ ਮੌਨੀਟਰਿੰਗ ਠੀਕ ਨਾ ਰੱਖਣ ਦਾ ਦੋਸ਼ ਲਾਇਆ ਗਿਆ ਹੈ।
ਰਿਪੋਰਟ ਅਨੁਸਾਰ ਕੁਲਦੀਪ ਕੌਰ ਨੇ ਐਮਰਜੈਂਸੀ ਮੈਡੀਕਲ ਅਫ਼ਸਰ ਨੂੰ ਪੁੱਛੇ ਬਿਨਾਂ ਅਤੇ ਖਾਲੀ ਬੈੱਡ ਚੈੱਕ ਕੀਤੇ ਬਿਨਾਂ ਹੀ ਜ਼ਖ਼ਮੀ ਨੂੰ ਅਣਪਛਾਤੇ ਮਰੀਜ਼ਾਂ ਵਾਲੇ ਵਾਰਡ ’ਚ ਭੇਜ ਦਿੱਤਾ। ਦਰਜਾ ਚਾਰ ਮਨੋਜ ਕੁਮਾਰ ਨੇ ਬਿਨਾਂ ਲਿਖਤੀ ਹੁਕਮਾਂ ਤੋਂ ਮਰੀਜ਼ ਨੂੰ ਅਣਪਛਾਤੇ ਮਰੀਜ਼ਾਂ ਲਈ ਬਣੇ ਵਾਰਡ ’ਚ ਸਟਾਫ਼ ਨਰਸ ਅਮਨਪ੍ਰੀਤ ਕੌਰ ਹਵਾਲੇ ਕਰ ਦਿੱਤਾ ਤੇ ਜ਼ਖ਼ਮੀ ਨੂੰ ਸਟਰੈਚਰ ’ਤੇ ਹੀ ਛੱਡ ਦਿੱਤਾ ਗਿਆ। ਜਾਂਚ ਟੀਮ ਨੇ ਸੀਸੀਟੀਵੀ ਕੈਮਰੇ ਵੀ ਦੇਖੇ ਹਨ, ਜਿਨ੍ਹਾਂ ’ਚ ਮਰੀਜ਼ ਸਟਰੈਚਰ ’ਤੇ ਪਿਆ ਅਤੇ ਹਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਸਟਾਫ਼ ਨਰਸ ਅਮਨਪ੍ਰੀਤ ਕੌਰ ਨੇ ਮਰੀਜ਼ ਦੀ ਸਥਿਤੀ ਗੰਭੀਰ ਹੋਣ ਦੇ ਬਾਵਜੂਦ ਸਬੰਧਤ ਡਾਕਟਰਾਂ ਨੂੰ ਸੂਚਿਤ ਨਹੀਂ ਕੀਤਾ ਤੇ ਖ਼ੁਦ ਡਿਊਟੀ ਖ਼ਤਮ ਹੋਣ ਤੋਂ ਪਹਿਲਾਂ ਚਲੀ ਗਈ। ਸਟਾਫ਼ ਨਰਸ ਨੇ ਮਰੀਜ਼ ਦੀ ਸ਼ਿਫਟਿੰਗ ਦੇ ਆਰਡਰ ਵੀ ਚੈੱਕ ਨਹੀਂ ਕੀਤੇ।
ਪੜਤਾਲ ਰਿਪੋਰਟ ਅਨੁਸਾਰ ਹਾਊਸ ਸਰਜਨ ਡਾ. ਧਨੰਜੈ ਨੇ ਮਰੀਜ਼ ਦੇ ਸਿਰ ਵਿੱਚ ਸੱਟ ਲੱਗੀ ਹੋਣ ਕਾਰਨ ਸੀਟੀ ਸਕੈਨ ਤਾਂ ਲਿਖਿਆ ਪਰ ਸਕੈਨ ਕਰਾਉਣ ਵਾਸਤੇ ਕੋਈ ਉਪਰਾਲਾ ਨਾ ਕੀਤਾ ਤੇ ਨਾ ਹੀ ਫਾਲੋਅੱਪ ਕੀਤਾ। ਇਸ ਤੋਂ ਇਲਾਵਾ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਲਵਪ੍ਰੀਤ ਸਿੰਘ ਗਿੱਲ ’ਤੇ ਵਾਰਡ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਾ ਨਿਭਾਉਣ ਦਾ ਦੋਸ਼ ਹੈ।

Advertisement

ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ: ਮੁੱਖ ਸਕੱਤਰ

ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਹਦਾਇਤ ਹੈ ਕਿ ਸਿਹਤ ਸਹੂਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਹੁਕਮ ਦਿੱਤੇ ਗਏ ਹਨ।

Advertisement
Advertisement
Advertisement