For the best experience, open
https://m.punjabitribuneonline.com
on your mobile browser.
Advertisement

ਸੰਤਾਲੀ ਦੀ ਵੰਡ ਦਾ ਅਣਗੌਲਿਆ ਵਰਕਾ

07:17 PM Jun 23, 2023 IST
ਸੰਤਾਲੀ ਦੀ ਵੰਡ ਦਾ ਅਣਗੌਲਿਆ ਵਰਕਾ
Advertisement

ਧਨਵੰਤ ਕੌਰ

Advertisement

Advertisement

ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਸੰਤਾਲੀ ਦੀ ਵੰਡ ਨੂੰ ਬਿਰਤਾਂਤਾਂ ਨੇ ਇਤਿਹਾਸ ਨਾਲੋਂ ਕਿਤੇ ਵੱਧ ਸੰਵੇਦਨਸ਼ੀਲਤਾ ਨਾਲ ਮਹਿਸੂਸਿਆ, ਸਮਝਿਆ ਅਤੇ ਸਾਂਭਿਆ ਹੈ। ਇਤਿਹਾਸ ਵੱਲੋਂ ਹੋਏ ਬੀਤੇ ‘ਤੇ ਘੱਟਾ ਪਾ, ਅੱਗੇ ਵਧਣ ਦੀ ਕਾਹਲ ਅਤੇ ਨਸੀਹਤ ਦੇ ਸਮਵਿੱਥ ਸੰਤਾਲੀ ਦੇ ਸੰਤਾਪਾਂ ਨੂੰ ਨਵੇਂ ਸਿਰਿਉਂ ਪੜ੍ਹਣ ਅਤੇ ਲਿਖਣ ਵਾਲੀਆਂ ਕਲਮਾਂ ਦੀ ਸਿਆਹੀ ਅਜੇ ਸੁੱਕੀ ਨਹੀਂ। ਸਗੋਂ ਸੱਚ ਤਾਂ ਇਹ ਹੈ ਕਿ ਪੌਣੀ ਸਦੀ ਦੀ ਅਉਧ ਹੰਢਾਉਂਦਿਆਂ ਜੰਮ ਚੁੱਕੇ ਹਉਕਿਆਂ, ਜਿਊਂਦੀਆਂ ਚੁੱਪਾਂ ਅਤੇ ਡੱਕੇ ਡੁਬੋਏ ਸਵਾਲਾਂ ਨੇ ਸੰਵੇਦਨਸ਼ੀਲ ਅਤੇ ਸਮਰੱਥਾਵਾਨ ਕਲਮਾਂ ਨੂੰ, ਏਧਰ ਵੀ ਅਤੇ ਓਧਰ ਵੀ, ਹੋਰ ਡਾਹਢੀਆਂ ਹੋ ਗਈਆਂ ਪੁੱਛਾਂ ਦੇ ਰੂਬਰੂ ਕੀਤਾ ਹੋਇਆ ਹੈ।

ਇਹੋ ਜਿਹੀ ਹੀ ਇੱਕ ਨਿਵੇਕਲੀ, ਸਮਰੱਥ ਅਤੇ ਸੰਵੇਦਨਸ਼ੀਲ ਕਲਮ ਸਾਹਮਣੇ ਆਈ ਹੈ ਡਾਕਟਰ ਅਨਿਰੁੱਧ ਕਾਲਾ ਦੀ, ਜਿਨ੍ਹਾਂ ਦੀ ਅੰਗਰੇਜ਼ੀ ਵਿੱਚ ਛਪੀ ਕਹਾਣੀਆਂ ਦੀ ਕਿਤਾਬ The Unsafe Asylum ਨੂੰ ਡਾਕਟਰ ਕੁਲਵੀਰ ਗੋਜਰਾ ਨੇ ਲਾਹੌਰ ਦਾ ਪਾਗਲਖ਼ਾਨਾ ਸਿਰਨਾਵੇਂ ਹੇਠ ਬੜੀ ਰੂਹ ਨਾਲ ਅਨੁਵਾਦ ਕੀਤਾ ਹੈ ਅਤੇ ਆੱਟਮ ਆਰਟ ਵਾਲਿਆਂ ਨੇ ਹੁਣੇ ਹੁਣੇ ਛਾਪਿਆ ਹੈ। ਇਨ੍ਹਾਂ ਕਹਾਣੀਆਂ ਨੇ ਵੰਡ ਦੇ ਕੁਝ ਹੋਰ ਅਣਫੋਲੇ ਵਰਕੇ ਫਰੋਲਦਿਆਂ ਸਾਨੂੰ ਹੁਣ ਤੱਕ ਲਗਭਗ ਅਣਗੌਲੇ, ਅਣਪਛਾਤੇ ਇੱਕ ਹੋਰ ਸੱਚ ਦੇ ਸਨਮੁੱਖ ਕੀਤਾ ਹੈ ਅਤੇ ਸਾਡੀਆਂ ਸਭਿਅਕ, ਨਿਆਂਇਕ, ਅਣਖੀ ਅਤੇ ਹੋਰ ਬਹੁਤ ਕੁਝ ਕਹਾਉਣ ਵਾਲੀਆਂ ਸਮਝਾਂ/ ਤਰਕਾਂ/ ਤਲਾਫ਼ੀਆਂ ਨੂੰ ਇੱਕ ਵਾਰ ਫਿਰ ਸ਼ੀਸ਼ਾ ਦਿਖਾਇਆ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਆਜ਼ਾਦੀ ਵੇਲੇ ਅਸੀਂ ਮੁਲਕ ਵੰਡਿਆ। ਧਰਤੀ ਵੰਡੀ, ਪਾਣੀ ਵੰਡੇ, ਖ਼ਜ਼ਾਨੇ ਵੰਡੇ। ਫ਼ੌਜ, ਪੁਲੀਸ ਜਾਂ ਸਰਕਾਰੀ ਅਮਲਾ ਹੀ ਨਹੀਂ, ਅਸਤਬਲਾਂ ਵਿਚਲੇ ਘੋੜੇ ਬੱਗੀਆਂ, ਅਜਾਇਬਘਰ ਵਿਚਲੀਆਂ ਚੀਜ਼ਾਂ ਵਸਤਾਂ, ਰੇਲਾਂ ਦੇ ਡੱਬੇ ਇੰਜਣ, ਮੇਜ਼ ਕੁਰਸੀਆਂ ਆਦਿ ਵੀ ਵੰਡੇ ਗਏ। ਪਰ ਸਾਡੇ ਵਿੱਚੋਂ ਸ਼ਾਇਦ ਹੀ ਕਿਸੇ ਦੇ ਚਿਤ ਚੇਤੇ ਹੋਵੇ ਕਿ ਦੋਹਾਂ ਮੁਲਕਾਂ ਦੇ ਨਿਆਂਕਾਰਾਂ ਨੇ ਨਿਆਂਇਕ ਰਹਿਣ ਲਈ ਪਾਗਲਖ਼ਾਨਿਆਂ ਵਿੱਚ ਭਰਤੀ ਜ਼ੇਰੇ ਇਲਾਜ ਪਾਗ਼ਲ ਵੀ ਵੰਡੇ। ਮਾਨਸਿਕ ਤੌਰ ‘ਤੇ ਬਿਮਾਰ ਇਹ ਵਿਅਕਤੀ ਜਿਨ੍ਹਾਂ ਨੂੰ ਆਪਣੇ ਦੇਸ਼ ਕੌਮ ਧਰਮ ਦੀ ਤਾਂ ਕੀ, ਆਪਣੇ ਆਪ ਦੀ ਸੁਰਤ ਨਹੀਂ ਸੀ, ਦੇ ਨਾਂਵਾਂ ਤੋਂ ਉਨ੍ਹਾਂ ਦੇ ਮਜ਼ਹਬਾਂ ਦੀ ਪਛਾਣ ਕੀਤੀ ਗਈ ਅਤੇ ਇਸ ਮਿਸਾਲੀ ਵਟਾਂਦਰੇ ਨੂੰ ਅੰਜਾਮ ਦੇਣ ਲਈ ਨਵੇਂ ਨਵੇਂ ਆਜ਼ਾਦ ਹੋਏ ਦੋ ਮੁਲਕਾਂ ਦੀਆਂ ਸਰਕਾਰਾਂ ਨੂੰ ਕਰੀਬ ਤਿੰਨ ਵਰ੍ਹਿਆਂ ਦਾ ਸਮਾਂ ਲੱਗਾ। ਮਜ਼ਹਬਾਂ ਦੇ ਨਾਂ ‘ਤੇ ਸਿਰਫ਼ ਪਾਗਲਾਂ ਦੇ ਵਟਾਂਦਰੇ ਹੀ ਨਾ ਹੋਏ, ਜੇਲ੍ਹਾਂ ਵਿੱਚ ਡੱਕੇ ਮੁਜਰਮਾਂ ਕੈਦੀਆਂ ਦੇ ਤਬਾਦਲੇ ਵੀ ਹੋਏ ਅਤੇ ਅਣਖ ਦੇ ਨਾਂ ‘ਤੇ ਮਜ਼ਹਬੀ ਦਰਿੰਦਗੀ ਹੱਥੋਂ ਬੇਪੱਤ ਹੋਈਆਂ ਅਤੇ ਉਧਾਲੀਆਂ ਔਰਤਾਂ ਵੀ ਇੱਕ ਵਾਰ ਫਿਰ ਸਭਿਅਕ ਹੋ ਗਏ ਸਮਾਜਾਂ ਨੇ ਲੱਭ-ਲੱਭ ਕੇ ਮੋੜੀਆਂ/ ਜ਼ਬਰਦਸਤੀ ਮੁੜਵਾਈਆਂ।

ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਪਲਾਟ ਮੁੱਖ ਰੂਪ ਵਿੱਚ ਮਜ਼ਹਬੀ ਸ਼ਨਾਖ਼ਤਾਂ ਅਤੇ ਅਣਖਾਂ ਦੇ ਨਾਂ ‘ਤੇ ਹੋਏ ਇਨ੍ਹਾਂ ਅਜਬ ਵਟਾਂਦਰਿਆਂ ਨੇ ਹੀ ਘੜੇ ਹਨ। ਪਰ ਇਨ੍ਹਾਂ ਪਾਤਰਾਂ ਦੇ ਬਹਾਨੇ ਮਨੁੱਖੀ ਫਿਤਰਤਾਂ ਦੇ ਸੱਚ ਅਤੇ ਸੁਹਜ ਨੂੰ ਹੀ ਨਹੀਂ, ਮਨੁੱਖੀ ਫਿਤਰਤਾਂ ਦੇ ਹੁੜਦੰਗ ਅਤੇ ਕੁਹਰਾਮ ਨੂੰ ਲੱਭ ਲਿਆਉਣ ਵਿੱਚ ਜਿਹੜੀ ਇਤਿਹਾਸਕ ਸੂਝ, ਪੇਸ਼ੇਵਰ ਸੁਹਿਰਦਤਾ ਅਤੇ ਕਲਾਤਮਿਕ ਸਮਰੱਥਾ ਡਾਕਟਰ ਅਨਿਰੁੱਧ ਕਾਲਾ ਨੇ ਵਿਖਾਈ ਹੈ, ਉਹ ਕਿਸੇ ਕਿਸੇ ਕਲਮ ਦੇ ਹਿੱਸੇ ਆਉਣ ਵਾਲੀ ਵਡਿਆਈ ਹੈ। ਇਨ੍ਹਾਂ ਕਹਾਣੀਆਂ ਦੀ ਅਲੋਕਾਰੀ ਲੱਭਤ ਇਹ ਵੀ ਹੈ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ ਜਗਤ ਵਿੱਚ ਮਨੋਰੋਗੀ ਪਾਤਰ ਨਾ ਕੇਵਲ ਆਪਣੀਆਂ ਮਨੋਗੁੰਝਲਾਂ ਨਾਲ ਪਛਾਣ ਪਾ ਰਹੇ ਹਨ ਸਗੋਂ ਕਹਾਣੀਕਾਰ ਬਹੁਤੀ ਵਾਰ ਇਨ੍ਹਾਂ ਅਸਾਧਾਰਨ ਪਾਤਰਾਂ ਰਾਹੀਂ ਹੀ ਮਨੁੱਖ ਦੇ ਪ੍ਰਮਾਣਿਕ ਆਪੇ ਦੇ ਸਮੇਂ/ਸਥਾਨ/ਧਰਮ/ਦੇਸ਼/ਕੌਮ ਆਦਿ ਨਾਲ ਅਸਲ ਸੰਬੰਧਾਂ ਨੂੰ ਉਜਾਗਰ ਕਰ ਰਿਹਾ ਹੈ।

ਪੁਸਤਕ ਦੇ ਸਰਵਰਕ ਤੇ ਲੇਖਕ ਬਾਰੇ ਦਰਜ ਸੰਖਿਪਤ ਜਿਹੀ ਜਾਣਕਾਰੀ ਦੱਸਦੀ ਹੈ ਕਿ ਡਾਕਟਰ ਅਨਿਰੁੱਧ ਕਾਲਾ ਪੇਸ਼ੇ ਵਜੋਂ ਮਨੋਚਕਿਤਸਕ ਹਨ ਅਤੇ ਮਨੋਰੋਗੀਆਂ ਦੇ ਮਨਾਂ ‘ਤੇ ਪਏ ਸੰਤਾਲੀ ਦੀ ਵੰਡ ਦੇ ਪ੍ਰਭਾਵਾਂ ਦਬਾਵਾਂ ਨੂੰ ਸਮਝਣ ਵਿੱਚ ਉਨ੍ਹਾਂ ਨੇ ਵਿਸ਼ੇਸ਼ ਦਿਲਚਸਪੀ ਲਈ ਹੈ। ਇਨ੍ਹਾਂ ਕਹਾਣੀਆਂ ਦੇ ਸਰੋਤਾਂ, ਘਟਨਾਵਾਂ, ਪਾਤਰਾਂ, ਤੱਥਾਂ, ਤਾਰੀਖ਼ਾਂ ਨੂੰ ਲਗਭਗ ਤਸਦੀਕਦਿਆਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਉਨ੍ਹਾਂ ਵੱਲੋਂ ਕੀਤੇ ਪਾਕਿਸਤਾਨ ਦੀਆਂ ਸਿਹਤ ਸੰਸਥਾਵਾਂ ਦੇ ਦੌਰਿਆਂ ਦੀਆਂ ਲੱਭਤਾਂ ਹਨ। ਇਹ ਜਾਣਕਾਰੀ ਹੀ ਪਾਠਕਾਂ ਨੂੰ ਕਹਾਣੀਆਂ ਦੀ ਵਾਸਤਵਿਕ ਹੋਣ ਦੇ ਯਕੀਨ ਵਿੱਚ ਨਹੀਂ ਲਿਜਾਂਦੀ, ਇਨ੍ਹਾਂ ਕਹਾਣੀਆਂ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਮਨੋਰੋਗੀਆਂ ਜਾਂ ਮਨੋਰੋਗਾਂ ਦੇ ਮਾਹਿਰ ਡਾਕਟਰਾਂ ਵਜੋਂ ਵਿਚਰਦੇ ਕਈ ਪਾਤਰ, ਆਪਣੀ ਲਗਾਤਾਰਤਾ ਕਰਕੇ ਬਿਰਤਾਂਤ ਨੂੰ ਆਤਮਪਰਕ ਕਥਾ ਵਾਲੀ ਨਿੱਜਤਾ ਅਤੇ ਭਰੋਸਗੀ ਵਿੱਚ ਲੈ ਜਾਂਦੇ ਹਨ।

ਇਨ੍ਹਾਂ ਕਹਾਣੀਆਂ ਦੀ ਗਾਲਪਨਿਕਤਾ ਨੂੰ ਆਤਮਪਰਕਤਾ ਦੇ ਨਾਲ ਨਾਲ ਵਾਸਤਵਿਕਤਾ ਦੇ ਆਲਮ ਵਿੱਚ ਲੈ ਜਾਣ ਵਾਲੀ ਮੁੱਖ ਜੁਗਤਿ ਇਤਿਹਾਸਕ ਹਵਾਲਿਆਂ ਦੀ ਵੀ ਹੈ। ਕਹਾਣੀਆਂ ਦੇ ਅੰਦਰੂਨੀ ਵੇਰਵਿਆਂ ਵਿੱਚ ਪਾਤਰਾਂ ਦੇ ਬੋਲਾਂ/ਸੋਚਾਂ ਰਾਹੀਂ ਜਿਵੇਂ ਤੱਥਾਂ ਤਾਰੀਖ਼ਾਂ ‘ਤੇ ਸਹੀ ਪਾਈ ਗਈ ਹੈ, ਉਹ ਇਨ੍ਹਾਂ ਬਿਰਤਾਤਾਂ ਦੀ ਇਤਿਹਾਸਕ ਪ੍ਰਮਾਣਿਕਤਾ ਨੂੰ ਖੋਜਣ ਦੇ ਤਰੱਦਦ ਦੀ ਗਵਾਹੀ ਭਰਦੀ ਨਜ਼ਰ ਆਉਂਦੀ ਹੈ। ਮਸਲਨ ਮੁਆਫ਼ੀ ਜ਼ਰੂਰੀ ਨਈਂ ਦਾ ਪਾਤਰ ਡਾਕਟਰ ਇਕਬਾਲ ਜੁਨੈਦ ਹੁਸੈਨ, ਜਿਹੜਾ ਸੰਤਾਲੀ ਦੀ ਵੰਡ ਵੇਲੇ ਲਾਹੌਰ ਦੇ ਪਾਗਲਖ਼ਾਨੇ ਵਿੱਚ ਡਿਪਟੀ ਸੁਪਰਡੈਂਟ ਵਜੋਂ ਤੈਨਾਤ ਹੈ ਅਤੇ ਜਿਸ ਨੂੰ ਮਜ਼ਹਬ ਦੇ ਆਧਾਰ ‘ਤੇ ਮਰੀਜ਼ਾਂ ਦੀ ਅੱਡ ਅੱਡ ਸੂਚੀ ਤਿਆਰ ਕਰਨ ਦੇ ਆਦੇਸ਼ ਮਿਲੇ ਹਨ, ਆਪਣੇ ਰਿਕਾਰਡ ਦੇ ਸਿਰ ‘ਤੇ ਦੱਸ ਰਿਹਾ ਹੈ ਕਿ ਉਸ ਵੇਲੇ ਉੱਥੇ ਕੁੱਲ 1267 ਮਰੀਜ਼ ਦਾਖਲ ਹਨ। ਇਨ੍ਹਾਂ ਵਿੱਚੋਂ 678 ਹਿੰਦੂ ਅਤੇ ਸਿੱਖ ਹਨ। ਬਾਕੀ ਦੇ 589 ਮਰੀਜ਼ਾਂ ਵਿੱਚੋਂ 560 ਮੁਸਲਮਾਨ, 20 ਇਸਾਈ ਅਤੇ 9 ਪਾਰਸੀ ਹਨ। ਪਾਗਲਾਂ ਦਾ ਵਟਾਂਦਰਾ ਨਾਮੀਂ ਕਹਾਣੀ ਦਾ ਮੁੱਖ ਪਾਤਰ ਰੁਲਦਾ ਸਿੰਘ, ਉਨ੍ਹਾਂ 450 ਗੈਰ ਮੁਸਲਮਾਨ ਪਾਗਲਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵੰਡ ਦੇ ਕਰੀਬ ਤਿੰਨ ਵਰ੍ਹਿਆਂ ਪਿੱਛੋਂ ਹਿੰਦੋਸਤਾਨ ਭੇਜਿਆ ਗਿਆ ਹੈ। ਇਸੇ ਤਰ੍ਹਾਂ ਉਹ ਕੌਣ ਸੀ ਕਹਾਣੀ ਵਿੱਚ ਰਾਮ ਅਵਤਾਰ ਮਿਸ਼ਰਾ ਤੋਂ ਜ਼ਾਫਰ ਹੁਸੈਨ ਬਣ ਕੇ ਪਾਕਿਸਤਾਨ ਜਾਣ ਵਾਲਾ ਮੁਜਰਮ ਦੱਸ ਰਿਹਾ ਹੈ ਕਿ 1948 ਵਿੱਚ ਅਪਰੈਲ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਦੋ ਵਾਰ ਕੈਦੀਆਂ ਦੀ ਅਦਲਾ ਬਦਲੀ ਹੋਈ ਸੀ। ਚਾਰ ਹਜ਼ਾਰ ਦੇ ਕਰੀਬ ਕੈਦੀ ਪਾਕਿਸਤਾਨ ਤੋਂ ਹਿੰਦੋਸਤਾਨ ਆਏ ਸਨ ਅਤੇ ਲਗਭਗ ਏਨੇ ਹੀ ਹਿੰਦੋਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿੱਚੋਂ ਇਕੱਠੇ ਕਰਕੇ ਓਧਰ ਭੇਜੇ ਗਏ ਸਨ। ਇਹੀ ਨਹੀਂ, ਵੱਖ ਵੱਖ ਕਹਾਣੀਆਂ ਵਿੱਚ ਸੰਤਾਲੀ ਵੇਲੇ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ, ਸੰਪਾਦਕੀਆਂ ਦਾ ਜ਼ਿਕਰ, 1965 ਅਤੇ 1971 ਦੀਆਂ ਹਿੰਦ ਪਾਕਿ ਲੜਾਈਆਂ, ਸ਼ਿਮਲਾ ਸਮਝੌਤਾ, ਪੋਖਰਣ ਤਜਰਬਾ, ਪੰਜਾਬ ਸੰਕਟ, ਚੁਰਾਸੀ ਦੇ ਦੰਗਿਆਂ ਵਰਗੀਆਂ ਘਟਨਾਵਾਂ ਦੀ ਸਿਲਸਿਲੇਵਾਰ ਪੇਸ਼ਕਾਰੀ ਇਨ੍ਹਾਂ ਕਹਾਣੀਆਂ ਨੂੰ ਇਤਿਹਾਸਕ ਦਸਤਾਵੇਜ਼ ਵਾਂਗ ਨਿਰੰਤਰਤਾ ਵਿੱਚ ਪੜ੍ਹਨ ਦੀ ਗੁੰਜਾਇਸ਼ ਵੀ ਬਣਾਉਂਦੀ ਹੈ।

ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਲਾਹੌਰ, ਰਾਂਚੀ ਜਾਂ ਅੰਮ੍ਰਿਤਸਰ ਵਿੱਚ ਨਵੇਂ ਖੋਲ੍ਹੇ ਪਾਗਲਖ਼ਾਨੇ ਦਾ ਘਟਨਾ ਸਥਲ ਬਣਨਾ, ਲਗਭਗ ਹਰੇਕ ਕਹਾਣੀ ਵਿੱਚ ਮਨੋਰੋਗੀਆਂ (ਜਿਨ੍ਹਾਂ ਨੂੰ ਅਸੀਂ ਆਮ ਤੌਰ ‘ਤੇ ਪਾਗ਼ਲ ਹੀ ਕਹਿੰਦੇ ਹਾਂ), ਜਾਂ ਮਨੋਚਕਿਤਸਕਾਂ ਦਾ ਪਾਤਰਾਂ ਵਜੋਂ ਹਾਜ਼ਰ ਰਹਿਣਾ ਪਹਿਲੀ ਨਜ਼ਰੇ ਪਾਠਕਾਂ ਨੂੰ ਇਹ ਭੁਲੇਖਾ ਪਾ ਸਕਦਾ ਹੈ ਕਿ ਇਹ ਸ਼ਾਇਦ ਪਾਗਲਾਂ ਦੀਆਂ ਕਹਾਣੀਆਂ ਹਨ, ਉਨ੍ਹਾਂ ਦੇ ਅਸਾਧਾਰਨ ਅਵੱਲੇ ਵਿਹਾਰ ਦੀਆਂ, ਉਨ੍ਹਾਂ ਪ੍ਰਤੀ ਪਰਿਵਾਰਾਂ ਦੀ ਬੇਰੁਖ਼ੀ ਦੀਆਂ ਜਾਂ ਸਮਾਜ ਵੱਲੋਂ ਉਨ੍ਹਾਂ ਨਾਲ ਹੁੰਦੇ ਨਿਰਦਈਪੁਣੇ ਦੀਆਂ ਕਹਾਣੀਆਂ ਹਨ। ਇਹ ਨਹੀਂ ਕਿ ਇਨ੍ਹਾਂ ਕਹਾਣੀਆਂ ਵਿੱਚ ਇਹ ਸਭ ਕੁਝ ਨਹੀਂ, ਪਰ ਕਹਾਣੀਕਾਰ ਦੀ ਆਪਣੇ ਵਿਸ਼ੇ ‘ਤੇ ਪਕੜ ਅਤੇ ਥੀਮ ਪ੍ਰਤੀ ਸੁਚੇਤਤਾ ਪਾਠਕਾਂ ਨੂੰ ਵਾਰ ਵਾਰ ਯਾਦ ਕਰਵਾਉਂਦੀ ਹੈ ਕਿ ਇਹ ਕਹਾਣੀਆਂ ਪਾਗ਼ਲਾਂ ਦੀਆਂ ਨਹੀਂ, ਪਾਗਲਪਣ ਦੀਆਂ ਹਨ। ਵਿਸ਼ੇਸ਼ ਕਰਕੇ ਉਸ ਪਾਗਲਪਣ ਦੀਆਂ ਜਿਹੜਾ ਧਾਰਮਿਕ ਕੱਟੜਵਾਦ ਅਤੇ ਗੁੰਡਿਆਂ ਦੇ ਗੱਠਜੋੜ ਵਿੱਚੋਂ ਮਜ਼ਹਬੀ ਫਤੂਰ ਦੀ ਲੂਤੀ ਬਣ ਕੇ ਉੱਠਦਾ ਹੈ ਅਤੇ ਪਾਗਲਖਾਨਿਆਂ ਵਿੱਚ ਹਿੰਸਕ ਗ਼ਰਦਾਨ ਕੇ ਡੱਕੇ ਪਾਗਲਾਂ ਨਾਲੋਂ ਗਿਣਤੀ ਵਿੱਚ ਹੀ ਕਿਤੇ ਵੱਧ ਨਹੀਂ ਹੁੰਦਾ, ਕਿਤੇ ਵੱਧ ਖ਼ਤਰਨਾਕ ਵੀ ਹੁੰਦਾ ਹੈ।

ਮੁਆਫ਼ੀ ਜ਼ਰੂਰੀ ਨਈਂ ਕਹਾਣੀ ਵਿੱਚ ਸੰਤਾਲੀ ਦੇ ਅਤੇ ਰੁਲਦੇ ਦੀ ਪਾਗ਼ਲ ਖਾਨਿਓਂ ਛੁੱਟੀ ਕਹਾਣੀ ਵਿੱਚ ਚੁਰਾਸੀ ਦੇ ਦੁਖਾਂਤਕ ਹਵਾਲਿਆਂ ਨਾਲ ਇਸ ਪਾਗਲਪਣ ਦੇ ਭਿਆਨਕ ਅਤੇ ਵਿਆਪਕ ਦ੍ਰਿਸ਼ ਸਿਰਜਦਿਆਂ ਕਹਾਣੀਆਂ ਇਹ ਵੀ ਸਪੱਸ਼ਟ ਕਰਦੀਆਂ ਹਨ ਕਿ ਇਹ ਲੂਤੀ ਆਮ ਲੋਕਾਂ ਵਿੱਚੋਂ ਹੀ ਦੰਗਾਕਾਰੀਆਂ, ਫਸਾਦੀਆਂ ਦੀ ਭੀੜ ਨੂੰ ਨਿਖੇੜ ਲੈਂਦੀ ਹੈ। ਅਤੇ ਵਿਹੰਦਿਆਂ ਵਿਹੰਦਿਆਂ ਗਲੀਆਂ ਬਜ਼ਾਰਾਂ ਵਿੱਚ ਦਨਦਨਾਉਂਦੇ ਕਾਤਲਾਂ ਲੁਟੇਰਿਆਂ ਦੀ ਇਹ ਭੀੜ ਤਬਾਹੀ ਮਚਾਉਂਦੀ, ਨਿਰਛਲ ਅਤੇ ਮਾਸੂਮ ਲੋਕਾਈ ਨੂੰ ਤਾਉਮਰ ਦੇ ਸੰਤਾਪਾਂ ਸਦਮਿਆਂ ਦੇ ਸੈਲਾਬ ਹਵਾਲੇ ਕਰ ਓਝਲ ਹੋ ਜਾਂਦੀ ਹੈ।

ਵੰਡ ਵੇਲੇ ਘਰੋਂ ਬੇਘਰ ਹੋਏ, ਆਪਣੇ ਜੱਦੀ ਟਿਕਾਣਿਆਂ ਤੋਂ ਉੱਖੜ ਉੱਜੜ ਕੇ ਆਪਣੇ ਹੀ ਦੇਸ਼ ਵਿੱਚ ਰਫਿਊਜੀ ਬਣੇ ਲੋਕਾਂ ਦੇ ਜ਼ਾਤੀ ਜਜ਼ਬਾਤੀ ਸੰਕਟਾਂ ਸੰਤਾਪਾਂ ਦੀਆਂ ਹੀ ਨਹੀਂ, ਲੁੱਟਾਂ ਖੋਹਾਂ ਕਤਲਾਂ ਅੱਗਜ਼ਨੀਆਂ ਦੀ ਦਹਿਸ਼ਤ ਅਤੇ ਵਹਿਸ਼ਤ ਵਿੱਚੋਂ ਉਪਜੇ ਸਦਮਿਆਂ ਦੀਆਂ ਵੀ ਇਨ੍ਹਾਂ ਕਹਾਣੀਆਂ ਵਿੱਚ ਮਹੀਨ ਛੋਹਾਂ ਹਨ। ਕਥਾਨਕੀ ਵੇਰਵਿਆਂ

ਵਿੱਚ ਬਹੁਗਿਣਤੀ ਉਨ੍ਹਾਂ ਸਾਧਾਰਨ ਜਾਪਦੇ ਲੋਕਾਂ ਦੀ ਹੈ, ਜਿਨ੍ਹਾਂ ਨੇ ਸਭ ਕੁਝ ਝੱਲ ਕੇ ਜ਼ਿੰਦਗੀ ਨੂੰ ਅਗਾਂਹ ਤੋਰਿਆ। ਪਰ ਇਨ੍ਹਾਂ ਕਹਾਣੀਆਂ ਦੇ ਫੋਕਸ ਉਨ੍ਹਾਂ ਵਿਰਲਿਆਂ ਟਾਵਿਆਂ ‘ਤੇ ਹਨ, ਜਿਨ੍ਹਾਂ ਦਾ ਜ਼ਿਹਨ ਅਤੇ ਜ਼ਿੰਦਗੀ ਕਿਸੇ ਪਲ ਵਿਸ਼ੇਸ਼ ‘ਤੇ ਅਜਿਹੀ ਅਟਕੀ ਕਿ ਉਹ ਫਿਰ ਸਾਵੇਂ ਹੋ ਹੀ ਨਾ ਸਕੇ।

ਮਨੋਰੋਗਾਂ ਦੇ ਮਾਹਿਰ ਡਾਕਟਰ ਅਨਿਰੁੱਧ ਕਾਲਾ ਦੀ ਡਾਕਟਰੀ ਸਮਝ ਵੰਡ ਵੇਲੇ ਦੀ ਦਹਿਸ਼ਤ ਅਤੇ ਵਹਿਸ਼ਤ ਦੇ ਡਰਾਂ ਅਤੇ ਤਣਾਵਾਂ ਵਿੱਚ ਧੁਰ ਅੰਦਰ ਤੱਕ ਸਹਿਮੇ ਲੋਕਾਂ ਦੀ ਆਵਾਜ਼ ਚਲੇ ਜਾਣ, ਅਧਰੰਗ ਹੋਣ, ਡਰਾਉਣੇ ਸੁਪਨਿਆਂ ਤੋਂ ਨਿਜਾਤ ਹਾਸਿਲ ਨਾ ਕਰ ਪਾਉਣ ਨੂੰ ਆਮ ਅਲਾਮਤਾਂ ਵਜੋਂ ਦਰਜ ਕਰਦੀ ਹੈ। ਪਿੱਛਾ ਕਰਦੀਆਂ ਆਵਾਜ਼ਾਂ ਨਾਮੀਂ ਕਹਾਣੀ ਕਿਤੇ ਕਿਤੇ ਇਸ ਸਹਿਮ ਦੇ ਜੈਨੇਟਿਕ ਵਿਰਾਸਤ ਬਣ ਜਾਣ ਦੀ ਗਾਥਾ ਵੀ ਕਹਿ ਰਹੀ ਹੈ। ਪਰ ਇਨ੍ਹਾਂ ਕਹਾਣੀਆਂ ਨੂੰ ਜਿਹੜੀਆਂ ਲੱਭਤਾਂ ਵਿਸ਼ੇਸ਼ ਬਣਾ ਰਹੀਆਂ ਹਨ, ਉਹ ਇਹ ਮੈਡੀਕਲ ਖੋਜਾਂ ਨਹੀਂ, ਡਾਕਟਰ ਅਨਿਰੁੱਧ ਕਾਲਾ ਦੀ ਕਲਾਕਾਰੀ ਅੱਖ ਵੱਲੋਂ ਪ੍ਰਤੱਖੀਆਂ ਮਨੁੱਖੀ ਫਿਤਰਤ ਦੀਆਂ ਕੁਝ ਗੁੱਝੀਆਂ ਰਮਜ਼ਾਂ ਅਤੇ ਨਿਵੇਕਲੀਆਂ ਪ੍ਰਤੀਤੀਆਂ ਹਨ। ਇਸ ਪ੍ਰਥਾਇ ਇਨ੍ਹਾਂ ਕਹਾਣੀਆਂ ਦੇ ਪ੍ਰਤੱਖਣ ਦਾ ਪਹਿਲਾ ਇੰਕਸ਼ਾਫ ਸਾਡੀਆਂ ਸੱਭਿਆਚਾਰਕ ਘਾੜਤਾਂ ਵਿੱਚ ਗੁੰਨ੍ਹੇ ਜਾਂਦੇ ਧਾਰਮਿਕ ਸੰਸਕਾਰਾਂ ਬਾਰੇ ਹੈ ਅਤੇ ਦੂਜਾ ਸਾਡੀ ਆਪਣੇ ਘਰ ਵਸੇਬ ਨਾਲ ਜੁੜੀ ਸਾਂਝ ਬਾਰੇ। ਧਰਮ ਨੂੰ ਸਨਾਖ਼ਤਾਂ ਦਾ ਜਮਾਂਦਰੂ, ਅਤਿ ਨਿੱਜੀ, ਧੁਰ ਅੰਦਰਲੀ ਘਾੜਤ ਦਾ ਸਭ ਤੋਂ ਸੰਵੇਦਨਸ਼ੀਲ ਪਹਿਲੂ ਬਣਾਉਣ ਵਾਲਾ ਫ਼ਿਰਕੂਵਾਦ ਅਕਸਰ ਆਪਣੀ ਟੇਕ ਧਾਰਮਿਕ ਸੰਸਕਾਰਾਂ ‘ਤੇ ਰੱਖਦਾ ਹੈ। ਸੰਤਾਲੀ ਚੁਰਾਸੀ ਵਰਗੇ ਸਾਰੇ ਵਰਤਾਰਿਆਂ ਵਿੱਚ ਮਜ਼ਹਬੀ ਪਛਾਣਾਂ ਨੂੰ ਲੱਗੇ ਲਾਂਬੂਆਂ ਨੇ ਹੀ ਹੁੜਦੰਗ ਮਚਾਏ ਹਨ। ਪਰ ਇਸ ਸੰਗ੍ਰਹਿ ਵਿੱਚ ਸ਼ਾਮਿਲ ਰੌਸਾਂ ਦਾਈ, ਆਗੇ ਪੀਛੇ ਕੁਛ ਨਈਂ, ਜਾਸੂਸ ਗੋਪਾਲ ਪੰਜਾਬੀ, ਬੇਨਜ਼ੀਰ ਇਸ਼ਕ, ਤਿੰਨ ਪਾਸਪੋਰਟ, ਉਹ ਕੌਣ ਸੀ ਵਰਗੀਆਂ ਕਈ ਕਹਾਣੀਆਂ ਮਜ਼ਹਬੀ ਪਛਾਣਾਂ ਦੇ ਅਤਿ ਆਰਜ਼ੀ, ਤਰਲ ਅਤੇ ਮਹੱਤਵਹੀਣ ਹੋਣ ਦਾ ਦਮ ਬੜੀ ਕਲਾਤਮਿਕਤਾ ਨਾਲ ਭਰਦੀਆਂ ਹਨ। ਰੌਸਾਂ ਦਾਈ ਕਹਾਣੀ ਵਿੱਚ ਮਜ਼ਹਬ ਬਦਲ ਕੇ ਸੁੁਰੱਖਿਆ ਦਾ ਜ਼ਿੰਮਾ ਲੈਣ ਵਾਲੇ ਸੁਝਾਅ ‘ਤੇ ਪਾਤਰ ਦਾ ਤੱਤ ਫਟ ਜਵਾਬ ਹੈ:

ਮਜ਼ਹਬ ਮੇਰੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ।

ਇਹ ਤਾਂ ਜ਼ੁਰਾਬਾਂ ਬਦਲਣ ਵਾਂਗ ਹੀ ਹੋਵੇਗਾ।

ਆਗੇ ਪੀਛੇ ਕੁਛ ਨਈਂ ਕਹਾਣੀ ਵਿੱਚ ਵੰਡ ਵੇਲੇ ਦੀਆਂ ਲੁੱਟਾਂ ਖੋਹਾਂ ਵਿੱਚ ਉਧਾਲੀ, ਧੱਕੇ ਨਾਲ ਹਰਪ੍ਰੀਤ ਚੀਮਾ ਤੋਂ ਫਿਰਦੌਸ ਚੀਮਾ ਬਣਾ ਲਈ ਗਈ ਮੁੱਖ ਪਾਤਰ, ਜਿਸ ਨੂੰ ਲੱਭ ਕੇ, ਜਬਰੀ ਵਾਪਸ ਲਿਆ ਕੇ, ਗਰਭਪਾਤ ਕਰਕੇ ਘਰਦਿਆਂ ਦੇ ਹਵਾਲੇ ਕੀਤਾ ਜਾਣਾ ਹੈ, ਗਲੇ ਅਤੇ ਗੁੱਟ ਵਿੱਚ ਪਹਿਨੇ ਪਹਿਨਾਏ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਪਖ਼ਾਨੇ ਵਿੱਚ ਵਹਾ, ਧਰਮ ਜਾਤ ਗੋਤ ਦੀਆਂ ਪਛਾਣਾਂ ਨੂੰ ਛੰਡ, ਜ਼ਿੰਦਗੀ ਦੇ ਨਵੇਂ ਸਫ਼ਰ ‘ਤੇ ਨਿਕਲ ਪਈ ਹੈ। ਜਾਸੂਸ ਗੋਪਾਲ ਪੰਜਾਬੀ ਕਹਾਣੀ ਵਿੱਚ ਤਾਉਮਰ ਆਪਣੀ ਪਛਾਣ ਨੂੰ ਲੁਕੋ ਕੇ ਰੱਖਣ ਵਾਲਾ ਸੈਮੀ ਆਪਣੇ ਜੀਵਨ ਦੀਆਂ ਅੰਤਿਮ ਘੜੀਆਂ ਵਿੱਚ ਆਪਣਾ ਸੱਚ ਆਪਣੀ ਪਤਨੀ ਨੂੰ ਦੱਸਦਿਆਂ ਮਨੁੱਖੀ ਫਿਤਰਤਾਂ ਦੇ ਆਪਣੇ ਘਰਾਂ ਨਾਲ ਲਗਾਓ ਦੇ ਡੂੰਘੇ ਰਹੱਸ ਨੂੰ ਇਨ੍ਹਾਂ ਬੋਲਾਂ ਵਿੱਚ ਉਜਾਗਰ ਕਰ ਰਿਹਾ ਹੈ:

“ਬੰਦਿਆਂ ਨੂੰ ਕਦੇ ਇਸ ਮੁਸ਼ਕਲ ਵਿੱਚ ਨਈਂ ਪਾਉਣਾ ਚਾਹੀਦਾ, ਜਿੱਥੇ ਉਨ੍ਹਾਂ ਨੂੰ ਆਪਣੇ ਝੰਡੇ ਅਤੇ ਆਪਣੇ ਘਰ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇ।

ਜੇ ਕਿਤੇ ਉਹ ਸੱਚੀਂ ਮੁੱਚੀਂ ਚੋਣ ਕਰਨ ਲਈ ਆਜ਼ਾਦ ਹੁੰਦੇ ਤਾਂ ਜ਼ਿਆਦਾਤਰ ਮੇਰੇ ਵਾਂਗੂੰ ਘਰ ਨੂੰ ਚੁਣਦੇ, ਜਿਵੇਂ ਮੈਂ ਚੁਣਿਆ।”

ਡਾਕਟਰ ਅਨਿਰੁੱਧ ਕਾਲਾ ਨੇ ਇਹ ਕਹਾਣੀਆਂ ਅੰਗਰੇਜ਼ੀ ਵਿੱਚ ਲਿਖੀਆਂ ਹਨ, ਪਰ ਇਨ੍ਹਾਂ ਕਹਾਣੀਆਂ ਵਿੱਚਲਾ ਈਥੌਸ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ ਕਿ ਇਹ ਕਹਾਣੀਆਂ ਪੰਜਾਬ ਦੀਆਂ ਹਨ, ਬਹੁਨਸਲੀ ਬਹੁਧਰਮੀ ਪਿਛੋਕੜ ਰੱਖਦੇ ਪੰਜਾਬੀਆਂ ਦੀਆਂ ਹਨ। ਇਸ ਕਲੇਮ ਨੂੰ ਪੱਕਿਆਂ ਕਰਨ ਵਿੱਚ ਵੱਡਾ ਯੋਗਦਾਨ ਡਾਕਟਰ ਕੁਲਵੀਰ ਗੋਜਰਾ ਦਾ ਹੈ, ਜਿਸ ਨੇ ਇਨ੍ਹਾਂ ਨੂੰ ਲੱਭ ਕੇ ਅਨੁਵਾਦ ਕੀਤਾ। ਬਲਕਿ ਅਨਿਰੁੱਧ ਕਾਲਾ ਦੁਆਰਾ ਅਨੁਵਾਦੇ ਨੂੰ ਮੁੜ ਪੰਜਾਬੀਆਂ ਦੇ ਆਪਣੇ ਅਹਿਸਾਸਾਂ ਅਤੇ ਅਨਭੁਵਾਂ ਦੇ ਮੂਲ ਪ੍ਰਗਟਾਵੇ ਵਿੱਚ ਲਿਆ ਕੇ ਹੱਕੀ ਦਾਅਵਾ ਜਤਾਇਆ। ਹਰ ਭਾਸ਼ਾਈ ਸਮੂਹ ਕੋਲ ਆਪਣੇ ਦੁੱਖਾਂ ਸੁੱਖਾਂ, ਹਉਕਿਆਂ ਹਾਵਿਆਂ, ਖ਼ੁਸ਼ੀਆਂ ਖੇੜਿਆਂ ਨੂੰ ਪ੍ਰਗਟਾਉਣ ਲਈ ਆਪਣਾ ਨਿੱਗਰ ਸ਼ਬਦ ਭੰਡਾਰ ਹੁੰਦਾ ਹੈ ਅਤੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਨੂੰ ਆਪਣੀ ਗੱਲ ਸਹੀ ਸ਼ਬਦਾਂ ਅਤੇ ਪ੍ਰਮਾਣਿਕ ਰੂਪ ਵਿੱਚ ਕਹਿਣ ਦਾ ਮਜ਼ਾ ਇਸੇ ਜਾਮੇ ਵਿੱਚ ਆਇਆ ਹੋਵੇਗਾ। ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਪਾਠਕਾਂ ਨੂੰ ਇਹ ਨਿਸ਼ਚਿਤ ਰੂਪ ਵਿੱਚ ਵਿਸਰ ਹੀ ਜਾਵੇਗਾ ਕਿ ਉਹ ਅਨੁਵਾਦ ਪੜ੍ਹ ਰਹੇ ਹਨ। ਏਨੇ ਢੁੱਕਵੇਂ ਸ਼ਬਦਾਂ, ਮੁਹਾਵਰਿਆਂ ਜਾਂ ਚੜ੍ਹਦੇ ਲਹਿੰਦੇ ਪੰਜਾਬ ਦੇ ਭਾਸ਼ਾਈ ਲਹਿਜੇ ਦੀ ਵਰਤੋਂ ਲਈ ਹੀ ਨਹੀਂ, ਏਨੇ ਗੁੱਝੇ ਭੇਤਾਂ ਨੂੰ ਥੀਮਕ ਇਕਾਈਆਂ ਵਿੱਚ ਬੰਨ੍ਹਣ ਵਾਲੇ ਬਿਰਤਾਂਤ ਦੀ ਮੌਲਿਕਤਾ ਨੂੰ ਬਚਾਉਣ ਲਈ ਵੀ ਡਾਕਟਰ ਕੁਲਵੀਰ ਗੋਜਰਾ ਵਧਾਈ ਦੇ ਹੱਕਦਾਰ ਹਨ। ਪੰਜਾਬੀ ਪਾਠਕ ਨਿਸ਼ਚੇ ਹੀ ਇਨ੍ਹਾਂ ਜਾਨਦਾਰ ਕਹਾਣੀਆਂ ਨੂੰ ਆਪਣੀਆਂ ਜਾਣ ਕੇ ਪੜ੍ਹਨਗੇ ਅਤੇ ਸਾਂਂਭਣਗੇ।

ਸੰਪਰਕ: 94172-43245

Advertisement
Advertisement