ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਮਿਲਣਗੇ ਛੇ ਕਰੋੜ: ਜਗਰੂਪ ਗਿੱਲ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਅਗਸਤ
ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਜ਼ਿਲ੍ਹਾ ਬਠਿੰਡਾ ਦੇ 2285 ਲੋੜਵੰਦ ਪਰਿਵਾਰਾਂ ਨੂੰ ਮਕਾਨ ਉਸਾਰੀ ਅਤੇ ਨਵੀਨੀਕਰਨ ਲਈ 651.198 ਲੱਖ ਰੁਪਏ ਦਿੱਤੇ ਜਾਣਗੇ। ਇਹ ਇੰਕਸ਼ਾਫ਼ ਸ੍ਰੀ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜ ਪੱਧਰੀ ਵੀਡੀਓ ਕਾਨਫਰੰਸ ਤੋਂ ਬਾਅਦ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਜ਼ਰੂਰਤਮੰਦਾਂ ਨੂੰ ਸਿਰ ਢਕਣ ਲਈ ਛੱਤ ਦੇਣ ਵਰਗੇ ਇਤਿਹਾਸਕ ਫੈਸਲੇ ਲੈਣ ਵਾਲੀ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ 1 ਲੱਖ 75 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਵਲੋਂ 342.19 ਲੱਖ ਰੁਪਏ ਦੀ ਰਾਸ਼ੀ 724 ਬੇ-ਘਰੇ ਲੋੜਵੰਦਾਂ ਨੂੰ ਘਰਾਂ ਦੇ ਨਵੀਨੀਕਰਨ ਲਈ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਰਮਨ ਗੋਇਲ, ਕਮਿਸ਼ਨਰ ਨਗਰ ਨਿਗਮ ਰਾਹੁਲ ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ ਸਮੇਤ ਕਈ ਅਧਿਕਾਰੀ ਅਤੇ ਲਾਭਪਾਤਰੀ ਹਾਜ਼ਰ ਸਨ।