ਖੋਜ ਪ੍ਰਣਾਲੀ ਨੂੰ ਦਰਪੇਸ਼ ਅੜਿੱਕੇ ਪਛਾਣ ਕੇ ਦੂਰ ਕਰਨ ਦੀ ਲੋੜ: ਮੋਦੀ
ਨਵੀਂ ਦਿੱਲੀ, 10 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੋਜ ਪ੍ਰਣਾਲੀ ’ਚ ਅੜਿੱਕਿਆਂ ਨੂੰ ਪਛਾਣਨ ਤੇ ਇਨ੍ਹਾਂ ਨੂੰ ਦੂਰ ਕਰਨ ਤੋਂ ਇਲਾਵਾ ਆਲਮੀ ਸਮੱਸਿਆਵਾਂ ਦੇ ਸਥਾਨਕ ਪੱਧਰ ’ਤੇ ਹੱਲ ਲੱਭਣ ਦੀ ਲੋੜ ’ਤੇ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿੱਤਾ ਹੈ। ਉਹ ਅੱਜ ਨਵੀਂ ਬਣੀ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਦੀ ਪ੍ਰਬੰਧਕੀ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਨੇ ਪਲੈਟਫਾਰਮ ਵਿਕਸਤ ਕਰਨ ਦੀ ਗੱਲ ਵੀ ਆਖੀ ਜਿਸ ਤੋਂ ਦੇਸ਼ ’ਚ ਹੋ ਰਹੀਆਂ ਖੋਜਾਂ ਅਤੇ ਵਿਕਾਸ ਸਬੰਧੀ ਜਾਣਕਾਰੀ ਸੌਖੇ ਤਰੀਕੇ ਹਾਸਲ ਕੀਤੀ ਜਾ ਸਕੇਗੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਮੁਤਾਬਕ ਮੀਟਿੰਗ ’ਚ ਭਾਰਤ ਵਿੱਚ ਵਿਗਿਆਨ ਅਤੇ ਤਕਨੀਕ ਅਤੇ ਖੋਜ ਤੇ ਵਿਕਾਸ ਪ੍ਰੋਗਰਾਮ ਮੁੜ ਤਿਆਰ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ। ਮੀਟਿੰਗ ਦੌਰਾਨ ਮੋਦੀ ਨੇ ਕਿਹਾ ਕਿ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਪਹਿਲੀ ਮੀਟਿੰਗ ਨਾਲ ਨਵੀਂ ਸ਼ੁਰੂਆਤ ਹੋਈ ਹੈ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਖੋਜ ਪ੍ਰਣਾਲੀ ’ਚ ਅੜਿੱਕਿਆਂ ਨੂੰ ਪਛਾਣਨ ਤੇ ਇਨ੍ਹਾਂ ਨੂੰ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਵੱਡੇ ਨਿਸ਼ਾਨੇ ਮਿਥਣ, ਉਨ੍ਹਾਂ ਦੀ ਪ੍ਰਾਪਤੀ ਲਈ ਧਿਆਨ ਕੇਂਦਰਤ ਕਰਨ ਤੇ ਰਾਹ ਦਸੇਰੀਆਂ ਖੋਜਾਂ ਕਰਨ ਦੀ ਗੱਲ ਆਖੀ। ਬਿਆਨ ਮੁਤਾਬਕ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਮੱਸਿਆਵਾਂ ਦੀ ਪ੍ਰਕਿਰਤੀ ਆਲਮੀ ਹੋ ਸਕਦੀ ਹੈ ਪਰ ਉਨ੍ਹਾਂ ਦਾ ਹੱਲ ਭਾਰਤ ਦੀਆਂ ਲੋੜਾਂ ਮੁਤਾਬਕ ਸਥਾਨਕ ਪੱਧਰ ’ਤੇ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਸਾਧਨਾਂ ਦੇ ਵਿਕਾਸ ਦੀ ਲੋੜ ’ਤੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਦੀ ਵਿਸ਼ੇਸ਼ਤਾ ਦੇ ਆਧਾਰ ’ਤੇ ਮਾਹਿਰਾਂ ਦੀ ਸੂਚੀ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਖੋਜ ਤੇ ਨਵੀਨੀਕਰਨ ਲਈ ਸਰੋਤਾਂ ਦੀ ਵਰਤੋਂ ਦੀ ਵਿਗਿਆਨਕ ਨਿਗਰਾਨੀ ਦੀ ਲੋੜ ’ਤੇ ਜ਼ੋਰ ਦਿੱਤਾ। -ਪੀਟੀਆਈ
ਭਾਰਤ ਸੈਮੀਕੰਡਕਟਰਾਂ ਦੀ ਸਪਲਾਈ ’ਚ ਭਰੋਸੇਯੋਗ ਭਾਈਵਾਲ ਬਣਨ ਦੇ ਸਮਰੱਥ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਜਮਹੂਰੀਅਤ ਤੇ ਤਕਨੀਕ ਇਕੱਠਿਆਂ ਮਿਲ ਕੇ ਮਨੁੱਖਤਾ ਦੀ ਭਲਾਈ ਯਕੀਨੀ ਬਣਾ ਸਕਦੀਆਂ ਹਨ ਅਤੇ ਭਾਰਤ ਵਿੱਚ ਵਿਭਿੰਨ ਸੈਮੀਕੰਡਕਟਰਾਂ ਦੇ ਖੇਤਰ ਦੀ ਸਪਲਾਈ ਚੇਨ ’ਚ ਭਰੋਸੇਯੋਗ ਭਾਈਵਾਲ ਬਣਨ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਇੱਥੇ ਲੋਕ ਕਲਿਆਣ ਮਾਰਗ ਸਥਿਤ ਆਪਣੀ ਰਿਹਾਇਸ਼ ’ਤੇ ਸੈਮੀਕੰਡਕਟਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਸਰਕਾਰ ਸਥਿਰ ਨੀਤੀ ਪ੍ਰਬੰਧ ਦੀ ਪਾਲਣਾ ਕਰੇਗੀ। -ਪੀਟੀਆਈ