ਨਸ਼ਿਆਂ ਵਿਰੁੱਧ ਉੱਠੀ ਲਹਿਰ ਨੂੰ ਸੰਭਾਲਣ ਦੀ ਲੋੜ
ਗੁਰਪ੍ਰੀਤ ਸਿੰਘ ਤੂਰ
'ਹੁਣ ਸਾਢੇ ਛੇ ਵੱਜੇ ਆ ਮੰਮੀ, ਜੇ ਤੁਸੀਂ ਸੱਤ ਵਜੇ ਤਕ ਏ.ਟੀ.ਐੱਮ. ਵਿਚ ਪੈਸੇ ਨਾ ਪਾਏ ਤਾਂ ਮੈਂ ਲੁੱਟਣ ਚਲੇ ਜਾਣਾ।’ ਇਕ ਸੂਬੇ ਦੀ ਨਾਮਵਾਰ ਵਿੱਦਿਅਕ ਸੰਸਥਾ ਵਿਚ ਪੜ੍ਹਦੇ ਤੇ ਹੋਸਟਲ ਵਿਚ ਰਹਿੰਦੇ ਇਕ ਵਿਦਿਆਰਥੀ ਨੇ ਨਸ਼ਿਆਂ ਦੀ ਤੋੜ ਨਾ ਸਹਾਰਦੇ ਹੋਏ ਆਪਣੀ ਮਾਂ ਨੂੰ ਫੋਨ ਕੀਤਾ। ਇਹ ਸਥਿਤੀ ਨਸ਼ਿਆਂ ਦੇ ਨੌਜਵਾਨਾਂ ’ਤੇ ਘਾਤਕ ਪ੍ਰਭਾਵ, ਨਸ਼ੇ ਦੀ ਤੋੜ ਦੇ ਮਾਨਸਿਕ ਤੇ ਸਰੀਰਕ ਪ੍ਰਭਾਵ ਅਤੇ ਨਸ਼ੇ ਦੀ ਲੋੜ ਲਈ ਜੁਰਮ ਦੀਆਂ ਪੈੜਾਂ ਦਾ ਮੁਕੰਮਲ ਖਾਕਾ ਉਲੀਕਦੀ ਹੈ। ਨਸ਼ਿਆਂ ਵਾਂਗ ਵਿਚਾਰ-ਵਟਾਂਦਰੇ ਲਈ ਨਸ਼ਿਆਂ ਦੀ ਉਲਝੀ ਤਾਣੀ ਨੂੰ ਖੋਲ੍ਹਣਾ ਵੀ ਗੁੰਝਲਦਾਰ ਪ੍ਰਕਿਰਿਆ ਹੈ।
ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੀਆਂ ਕਈ ਪਰਤਾਂ ਖੋਲ੍ਹਦੀਆਂ ਹਨ। ਇਸ ਵਰ੍ਹੇ ਓਵਰ ਡੋਜ਼ ਕਾਰਨ ਹੁੰਦੀਆਂ ਮੌਤਾਂ ਦੀਆਂ ਖ਼ਬਰਾਂ ਨਿਰੰਤਰ ਆ ਰਹੀਆਂ ਹਨ। ਅਜਿਹੀਆਂ ਮੌਤਾਂ ਦੀਆਂ ਵੀਡੀਓ ਕਲਿਪਸ ਸੋਸ਼ਲ ਮੀਡੀਆ ’ਤੇ ਸਾਂਝੀਆਂ ਹੋ ਰਹੀਆਂ ਹਨ। ‘ਨਸ਼ਿਆਂ ਕਾਰਨ ਵਿਧਵਾ ਮਾਂ ਨੇ ਦੋਵੇਂ ਪੁੱਤ ਗੁਆਏ’ ਅਜਿਹੀਆਂ ਖਬ਼ਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਅਜਿਹੇ ਗਹਿਰੇ ਦਰਦ ਲਈ ਕਈ ਕਾਵਿ ਪੰਕਤੀਆਂ ਹੋਂਦ ਵਿਚ ਆਈਆਂ। ਅਜਿਹੇ ਹਾਲਾਤ ਨੇ ਲੋਕਾਂ ਵਿਚ ਰੋਹ ਭਰਿਆ। ਇਕੱਠਾ ਹੋਇਆ ਪਾਣੀ ਜਵਿੇਂ ਵਹਿ ਤੁਰਦਾ ਹੈ ਇਵੇਂ ਹੀ ਇਹ ਰੋਹ ਆਵਾਜ਼ ਬਣ ਕੇ ਸੜਕਾਂ ’ਤੇ ਉਤਰ ਆਇਆ ਹੈ। ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿਚ ਨਸ਼ਾ ਰੋਕੂ ਕਮੇਟੀਆਂ ਬਣਨ ਲੱਗੀਆਂ ਹਨ।
ਸ਼ੁਰੂ ਵਿਚ ਨਸ਼ਿਆਂ ਵਿਰੁੱਧ ਅਜਿਹੀ ਆਵਾਜ਼ ਸ਼੍ਰੀ ਦਮਦਮਾ ਸਾਹਿਬ ਦੇ ਆਸੇ-ਪਾਸੇ ਦੇ ਪਿੰਡਾਂ ਵਿਚ ਉੱਠੀ ਤੇ ਫੇਰ ਮਾਨਸਾ, ਬਠਿੰਡਾ ਜ਼ਿਲ੍ਹਿਆਂ ਅਤੇ ਮਾਲਵੇ ਦੇ ਹੋਰ ਪਿੰਡਾਂ ਵਿਚ ਫੈਲ ਗਈ। ਇਸ ਲਹਿਰ ਤਹਿਤ ਪਿੰਡਾਂ ਵਿਚ ਨਸ਼ਾ ਰੋਕੂ ਕਮੇਟੀਆਂ ਬਣੀਆਂ ਤੇ ਲੋਕ ਪਿੰਡਾਂ ਵਿਚੋਂ ਲੰਘਦੀਆਂ ਸੜਕਾਂ ’ਤੇ ਨਾਕਾਬੰਦੀ ਕਰਨ ਲੱਗੇ। ਬਿਨਾ ਸ਼ੱਕ ਅਜਿਹੇ ਯਤਨਾਂ ਨਾਲ ਨਸ਼ਾ ਸਪਲਾਈ ਕਰਨ ਵਾਲਿਆਂ ’ਤੇ ਵੱਡੀ ਰੋਕ ਲੱਗੀ ਹੋਵੇਗੀ। ਦਿਨਾਂ ਵਿਚ ਹੀ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਵਿਚ ਰੋਹ ਜਾਗਿਆ, ਪਰ ਕੁਝ ਥਾਵਾਂ ’ਤੇ ਨਾਕਿਆਂ ’ਤੇ ਖੜ੍ਹੇ ਲੋਕਾਂ ਨਾਲ ਲੰਘਣ ਵਾਲਿਆਂ ਦੀਆਂ ਝੜਪਾਂ ਹੋਈਆਂ। ਕਈ ਭਰਮ-ਭੁਲੇਖੇ ਵੀ ਪਏ। ਅਜਿਹੇ ਹਾਲਾਤ ’ਚ ਮਾਲਵੇ ਦੇ ਇਕ ਪਿੰਡ ਵਿਚ ਇਕ ਵਿਅਕਤੀ ਦੀ ਮੌਤ ਵੀ ਹੋਈ।
ਇਸੇ ਰੋਸ ਵਜੋਂ ਸਤੰਬਰ ਮਹੀਨੇ ਲੋਕਾਂ ਨੇ ਬਠਿੰਡਾ-ਪਟਿਆਲਾ ਮੁੱਖ ਸੜਕ ’ਤੇ ਜਾਮ ਵੀ ਲਾਇਆ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਨਸਾ ਜ਼ਿਲ੍ਹੇ ਵਿਚ ਵੀ ਅਗਸਤ-ਸਤੰਬਰ ਮਹੀਨੇ ਕਾਨੂੰਨ ਵਿਵਸਥਾ ਦੀ ਸਥਿਤੀ ਗੰਭੀਰ ਬਣੀ ਰਹੀ। ਨਸ਼ਿਆਂ ਵਿਰੁੱਧ ਉੱਠੀ ਲਹਿਰ ਤਹਿਤ ਪਿੰਡਾਂ ਵਿਚ ਬਣੀਆਂ ਨਸ਼ਾ ਰੋਕੂ ਕਮੇਟੀਆਂ ਦੀ ਕਾਰਜਸ਼ੈਲੀ ਨੂੰ ਇਸ ਪੱਖ ਤੋਂ ਵਿਚਾਰਿਆ ਜਾ ਰਿਹਾ ਹੈ।
ਇਹ ਲਹਿਰ ਸਾਰਥਿਕ, ਪ੍ਰਭਾਵਸ਼ਾਲੀ ਤੇ ਫੈਸਲਾਕੁਨ ਯੋਗਦਾਨ ਕਵਿੇਂ ਪਾ ਸਕਦੀ ਹੈ? ਇਹ ਪੱਖ ਵਿਚਾਰਨ ਲਈ ਨਸ਼ਿਆਂ ਦੀ ਰੋਕਥਾਮ ਦੇ ਮੂਲ ਸਿਧਾਂਤਾਂ ’ਤੇ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਨਸ਼ਿਆਂ ਦੀ ਸਪਲਾਈ ਨੂੰ ਖ਼ਤਮ ਕਰਨਾ, ਨਸ਼ਈ ਵਿਅਕਤੀ ਦਾ ਇਲਾਜ ਕਰਾਉਣਾ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਨਸ਼ਿਆਂ ਦੀ ਰੋਕਥਾਮ ਦੇ ਮੂਲ ਸਿਧਾਂਤ ਹਨ। ਨਸ਼ਿਆਂ ਦੀ ਸਪਲਾਈ ਰੋਕਣ ਦੀ ਮੂਲ ਜ਼ਿੰਮੇਵਾਰੀ ਸਟੇਟ ਦੀ ਹੈ, ਪੁਲੀਸ, ਸਿਹਤ ਵਿਭਾਗ ਦਾ ਡਰੱਗਜ਼ ਕੰਟਰੋਲ ਡਵਿੀਜ਼ਨ ਅਤੇ ਨਾਰਕੋਟਿਕ ਬਿਊਰੋ ਆਦਿ ਕਈ ਮਹਿਕਮੇ ਅਤੇ ਅਦਾਰੇ ਇਸ ਲਈ ਯਤਨਸ਼ੀਲ ਹਨ। ਇਹ ਮਹਿਕਮੇ ਕਾਨੂੰਨ ਅਨੁਸਾਰ ਨਸ਼ਿਆਂ ਦੀ ਬਰਾਮਦਗੀ ਕਰਕੇ ਨਸ਼ਾ ਤਸਕਰਾਂ ਦੇ ਕੇਸ ਅਦਾਲਤਾਂ ਵਿਚ ਪੇਸ਼ ਕਰਦੇ ਹਨ। ਨਸ਼ਈ ਦਾ ਇਲਾਜ ਕਰਾਉਣਾ ਵੀ ਮੂਲ ਰੂਪ ਵਿਚ ਸਟੇਟ ਦਾ ਕੰਮ ਹੈ, ਪਰ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਅਜਿਹੇ ਯਤਨ ਕਰਦੀਆਂ ਹਨ। ਨਸ਼ਿਆਂ ਵਿਰੁੱਧ ਜਾਗਰੂਕਤਾ ਨਸ਼ਿਆਂ ਦੀ ਰੋਕਥਾਮ ਲਈ ਮੂਲ ਆਧਾਰ ਮੰਨਿਆ ਜਾਂਦਾ ਹੈ। ਸਮਾਜ ਇਸ ਲਈ ਵੱਡਾ ਤੇ ਫੈਸਲਾਕੁਨ ਯੋਗਦਾਨ ਪਾ ਸਕਦਾ ਹੈ। ਉਸ ਤੋਂ ਪਹਿਲਾਂ ਅਜਿਹੀਆਂ ਲੋਕ ਲਹਿਰਾਂ ਦੇ ਇਤਿਹਾਸ ’ਤੇ ਸਰਸਰੀ ਝਾਤ ਪਾਈ ਜਾ ਰਹੀ ਹੈ।
ਅਤੀਤ ਵਿਚ ਪਗੜੀ ਸੰਭਾਲ ਜੱਟਾ, ਸਿੰਘ ਸਭਾ ਲਹਿਰ ਤੇ ਗੁਰੂ ਕਾ ਬਾਗ ਮੋਰਚਾ ਰੋਹ ਭਰਪੂਰ ਲਹਿਰਾਂ ਪ੍ਰਭਾਵਸ਼ਾਲੀ ਰਹੀਆਂ ਹਨ। ਇਨ੍ਹਾਂ ਲਹਿਰਾਂ ਤੋਂ ਸੇਧ ਪ੍ਰਾਪਤ ਕਰਕੇ ਨਸ਼ਿਆਂ ਵਿਰੁੱਧ ਉੱਠੀ ਲਹਿਰ ਸਮਾਜ ਵਿਚ ਸਾਰਥਿਕ ਯੋਗਦਾਨ ਪਾ ਸਕਦੀ ਹੈ। ਨਸ਼ਿਆਂ ਵਿਰੁੱਧ ਹੋਂਦ ਵਿਚ ਆਈਆਂ ਕਮੇਟੀਆਂ ਦਾ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਮੁੱਖ ਕੰਮ ਪੁਲੀਸ ਦੀ ਮਦਦ ਕਰਨਾ ਹੋਵੇ। ਨਸ਼ਾ ਵੇਚਣ ਵਾਲਿਆਂ ਬਾਰੇ ਪੁਲੀਸ ਨੂੰ ਪੁਖਤਾ ਜਾਣਕਾਰੀ ਦਿੱਤੀ ਜਾਵੇ। ਪੰਚਾਇਤ ਪਿੰਡ ਵਿਚ ਇਕੱਠ ਕਰੇ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ, ਕਲੱਬਾਂ, ਸਾਹਿਤ ਤੇ ਖੇਡ ਖੇਤਰ ਦੇ ਸਬੰਧਤ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਇਸ ਇਕੱਠ ਵਿਚ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ ਜਾਵੇ। ਵਿਦੇਸ਼ੀ ਭਰਾਵਾਂ ਅਤੇ ਹੋਰ ਸਾਰਥਿਕ ਸ਼ਖ਼ਸੀਅਤਾਂ ਨੂੰ ਨਸ਼ਾ ਛੱਡਣ ਵਾਲੇ ਚਾਹਵਾਨ ਵਿਅਕਤੀਆਂ ਦਾ ਖਰਚਾ ਚੁੱਕਣ ਲਈ ਪ੍ਰੇਰਿਆ ਜਾਵੇ। ਪੰਚਾਇਤ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਜਾਵੇ। ਨਾਕਾ ਜੇਕਰ ਪਿੰਡ ਵਾਲੇ ਤੇ ਅਜਿਹੀਆਂ ਕਮੇਟੀਆਂ ਵਾਲੇ ਲਾਉਣਾ ਚਾਹੁੰਦੇ ਹਨ ਤਾਂ ਇਸ ਦੀ ਹੋਂਦ ਖੇਤ ਵਿਚ ਗੱਡੇ ਡਰਨੇ ਵਾਂਗ ਹੋਵੇ। ਨਾਕਾ ਖੁੱਲ੍ਹੀ ਥਾਂ ’ਤੇ ਲੱਗਿਆ ਹੋਵੇ, ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ। ਬੈਰੀਕੇਡਜ਼ ਰੱਖੇ ਹੋਣ। ਨਾਕੇ ’ਤੇ ‘ਨਸ਼ਿਆਂ ਵਿਰੁੱਧ ਮੁਹਿੰਮ’ ਬਾਰੇ ਪ੍ਰਭਾਵਸ਼ਾਲੀ ਬੈਨਰ ਲੱਗਿਆ ਹੋਵੇ। ਇਕ ਕਮਰੇ ਵਿਚ ਕੁਝ ਕਿਤਾਬਾਂ ਰੱਖ ਕੇ ਲਾਇਬ੍ਰੇਰੀ ਆਰੰਭ ਕੀਤੀ ਜਾਵੇ। ਖੇਡ ਮੈਦਾਨਾਂ ਦੀ ਸਫ਼ਾਈ ਕਰਵਾ ਕੇ ਨੌਜਵਾਨਾਂ ਲਈ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏ ਜਾਣ। ਪਿੰਡ ਵਿਚ ਪ੍ਰਮੁੱਖ ਥਾਵਾਂ ’ਤੇ ਨਸ਼ਿਆਂ ਵਿਰੁੱਧ ਫਲੈਕਸ ਬੋਰਡ ਲਗਾਏ ਜਾਣ।
ਬੱਚੇ ਰੁੱਝੇ ਰਹਿਣ ਅਤੇ ਨੌਜਵਾਨ ਕੰਮ ਵਿਚ ਜੁਟੇ ਰਹਿਣ, ਜ਼ਿੰਦਗੀ ਦਾ ਇਹੋ ਮੂਲ ਮੰਤਰ ਹੈ। ਵਿਕਸਤ ਦੇਸ਼ ਆਪਣੇ ਨੌਜਵਾਨਾਂ ਅਤੇ ਨਾਗਰਿਕਾਂ ਦੀ ਚੰਗੀ ਸਿਹਤ ਲਈ ਉਨ੍ਹਾਂ ਨੂੰ ਕਸਰਤ ਕਰਨ ਤੇ ਖੇਡਣ ਦੇ ਅਥਾਹ ਮੌਕੇ ਦਿੰਦੇ ਹਨ। ਸਿੰਗਾਪੁਰ ਨੇ ਸਿਹਤ ਸੇਵਾਵਾਂ ’ਤੇ ਹੁੰਦੇ ਖਰਚ ਨੂੰ ਘਟਾਉਣ ਲਈ ਪਾਰਕਾਂ ਤੇ ਸੜਕਾਂ ’ਤੇ ਖੁੱਲ੍ਹੇ ਜਿੰਮ ਖੋਲ੍ਹ ਦਿੱਤੇ। ਆਸਟਰੇਲੀਆ ਦੇ ਪਾਰਕ ਤੇ ਖੇਡ ਮੈਦਾਨ ਨੌਜਵਾਨਾਂ ਤੇ ਨਾਗਰਿਕਾਂ ਨੂੰ ਕਸਰਤ ਲਈ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦੇ ਹਨ। ਉੱਥੇ ਹਰ ਖੇਡ ਦੇ ਹਰ ਉਮਰ ਵਰਗ ਦੇ ਦਿਲ ਖਿੱਚਵੇਂ ਮੁਕਾਬਲੇ ਹੁੰਦੇ ਰਹਿੰਦੇ ਹਨ। ਪੰਚਾਇਤਾਂ ਨੂੰ ਚੰਗੇ ਪੱਧਰ ਦੇ ਖੇਡ ਮੈਦਾਨ ਤਿਆਰ ਕਰਵਾਉਣੇ ਅਤੇ ਲਗਾਤਾਰ ਚੰਗੀ ਹਾਲਤ ਵਿਚ ਰੱਖਣੇ ਚਾਹੀਦੇ ਹਨ। ਪਿੰਡਾਂ ਵਿਚ ਚੋਣਵੀਆਂ ਕਿਤਾਬਾਂ ਤੇ ਦੋ-ਚਾਰ ਮੇਜ਼ ਰੱਖ ਕੇ ਲਾਇਬ੍ਰੇਰੀ ਦੇ ਪੂਰਨੇ ਪਾਉਣੇ ਚਾਹੀਦੇ ਹਨ।
ਪੰਦਰਾਂ ਵਰ੍ਹੇ ਪੁਰਾਣੀ ਗੱਲ ਹੈ, ਨਸ਼ਿਆਂ ਦੀ ਬਰਾਮਦਗੀ ਸਬੰਧੀ ਗ੍ਰਿਫ਼ਤਾਰ ਔਰਤ ਨੇ ਪੁੱਛਣ ’ਤੇ ਦੱਸਿਆ ਕਿ ਇਸ ਸਮੇਂ ਉਸ ਦੇ ਪਰਿਵਾਰ ਵਿਚੋਂ ਉਸ ਦਾ ਸਹੁਰਾ, ਸੱਸ ਤੇ ਪਤੀ ਤਿੰਨ ਜਣੇ ਜੇਲ੍ਹ ਵਿਚ ਬੰਦ ਹਨ। ਕਈ ਪਰਿਵਾਰਾਂ ਦੇ ਪਰਿਵਾਰ ਪੀੜ੍ਹੀਆਂ ਤੋਂ ਨਸ਼ੇ ਵੇਚਣ ਨੂੰ ਧੰਦਾ ਸਮਝ ਹੀ ਕਰਦੇ ਆ ਰਹੇ ਹਨ। ਕਈ ਵਿਅਕਤੀਆਂ ’ਤੇ ਨਸ਼ੇ ਵੇਚਣ ਸਬੰਧੀ ਅੱਠ-ਅੱਠ, ਦਸ-ਦਸ ਮੁਕੱਦਮੇ ਦਰਜ ਹਨ। ਅਜਿਹੇ ਹਾਲਤਾਂ ਵਿਚ ਸਮਾਜ ਦਾ ਕੀ ਰੋਲ ਹੋਵੇ, ਇਹ ਮੰਡਿਆਣੀ (ਲੁਧਿਆਣਾ) ਪਿੰਡ ਦੀ ਔਰਤ ਸਰਪੰਚ ਨੇ ਦਲੇਰੀ ਭਰਿਆ ਕਦਮ ਚੁੱਕ ਕੇ (2023) ਦਰਸਾਇਆ ਹੈ। ਪੰਚਾਇਤਾਂ ਅਤੇ ਨਸ਼ਾ ਛੁਡਾਓ ਕਮੇਟੀਆਂ ਅਜਿਹੇ ਹਾਲਤਾਂ ਵਿਚ ਪੁਲੀਸ ਦੀ ਭਰਪੂਰ ਮਦਦ ਕਰ ਸਕਦੀਆਂ ਹਨ। ਆਪ ਨਾਕੇ ਲਾਉਣ ਦੀ ਬਜਾਏ ਬਹੁਤੀ ਊਰਜਾ ਪਿੰਡ/ਮੁਹੱਲੇ ਦੀ ਨਸ਼ਿਆਂ ਸਬੰਧੀ ਜਾਣਕਾਰੀ ਬਾਰੇ ਪੁਲੀਸ ਨੂੰ ਸੂਚਨਾ ਦੇਣ ਲਈ ਖਰਚਣੀ ਚਾਹੀਦੀ ਹੈ। ਇਮਤਿਹਾਨ ਵਿਚ ਬੈਠਾ ਵਿਦਿਆਰਥੀ ਜਵਿੇਂ ਕਿਸੇ ਪ੍ਰਸ਼ਨ ਦੇ ਉੱਤਰ ਲਿਖਣ ਤੋਂ ਪਹਿਲਾਂ ਮਨ ਵਿਚ ਸਹੀ ਉੱਤਰ ਦਾ ਖਾਕਾ ਉਤਾਰਦਾ ਹੈ। ਇਵੇਂ ਹੀ ਨਸ਼ਾ ਛਡਾਓ ਕਮੇਟੀਆਂ ਨੂੰ ਇਹ ਪੱਖ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸੂਬੇ ਵਿਚ ਕਈ ਪਿੰਡ ਨਸ਼ਿਆਂ ਦੀ ਵਿੱਕਰੀ ਲਈ ਇਉਂ ਮਸ਼ਹੂਰ ਹਨ ਜਵਿੇਂ ਕਦੇ ਕਈ ਪਿੰਡ ਕਬੱਡੀ ਖੇਡ ਦੀਆਂ ਤਕੜੀਆਂ ਟੀਮਾਂ ਲਈ ਗਿਣੇ ਜਾਂਦੇ ਰਹੇ ਹਨ।
ਸ਼ਰਾਬ ਦਾ ਬਹੁਤ ਵੱਧ ਸੇਵਨ ਅਤੇ ਵਿਆਹਾਂ ਦੇ ਵੱਡੇ ਖਰਚੇ ਪਰਦੇ ਪਿੱਛੇ ਨਸ਼ਿਆਂ ਦਾ ਧਰਾਤਲ ਸਿਰਜਦੇ ਹਨ। ਵਿਆਹ ਸਬੰਧੀ ਰਸਮਾਂ ਦੇ ਬਹੁਤ ਵੱਧ ਸਮਾਗਮ ਤੇ ਹਰ ਸਮਾਗਮ ’ਤੇ ਸ਼ਰਾਬ ਦੀ ਖੁੱਲ੍ਹੀ ਵਰਤੋਂ ਨੇ ਪੰਜਾਬੀਆਂ ਨੂੰ ਸ਼ਰਾਬ ਦੇ ਆਦੀ ਬਣਾ ਦਿੱਤਾ ਹੈ। ਸ਼ਰਾਬ ਪੀਣ ਵਾਲਿਆਂ ਦੀ ਢਾਣੀ ਵਿਚ ਵਿਅਕਤੀ ਹੌਲੀ-ਹੌਲੀ ਹੋਰ ਨਸ਼ਿਆਂ ’ਤੇ ਪੱਕਾ ਹੋ ਜਾਂਦਾ ਹੈ। ਵਿਆਹਾਂ ’ਤੇ ਅਥਾਹ ਖਰਚਿਆਂ ਕਾਰਨ ਜਾਇਦਾਦਾਂ ਵਿਕਣ ਲੱਗੀਆਂ ਹਨ। ਆਰਥਿਕ ਤੌਰ ’ਤੇ ਟੁੱਟਿਆ ਮਨੁੱਖ ਸ਼ਰਾਬ ਤੇ ਹੋਰ ਨਸ਼ਿਆਂ ਦਾ ਸਹਾਰਾ ਲੈਣ ਲੱਗਦਾ ਹੈ। ਨਸ਼ਿਆਂ ਵਿਰੁੱਧ ਉੱਠੀ ਲਹਿਰ ਪ੍ਰਭਾਵਸ਼ਾਲੀ ਤੇ ਇਤਿਹਾਸਿਕ ਬਦਲਾਅ ਲਿਆਉਣ ਦੇ ਸਮਰੱਥ ਹੈ।
ਸੰਪਰਕ: 98158-00405