For the best experience, open
https://m.punjabitribuneonline.com
on your mobile browser.
Advertisement

ਡੇਰਿਆਂ ਅਤੇ ਸਿਆਸਤ ਦਾ ਗੱਠਜੋੜ ਖ਼ਤਮ ਕਰਨ ਦੀ ਲੋੜ

08:48 AM Jul 13, 2024 IST
ਡੇਰਿਆਂ ਅਤੇ ਸਿਆਸਤ ਦਾ ਗੱਠਜੋੜ ਖ਼ਤਮ ਕਰਨ ਦੀ ਲੋੜ
Advertisement

ਸੁਮੀਤ ਸਿੰਘ

Advertisement

ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਹਾਥਰਸ ਦੇ ਪਿੰਡ ਫੁਲਰਾਈ ਵਿੱਚ ਧਾਰਮਿਕ ਸਤਿਸੰਗ ਵਿੱਚ ਭਗਦੜ ਮਚਣ ਨਾਲ 122 ਸ਼ਰਧਾਲੂ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਇਸ ਸਤਿਸੰਗ ਵਿੱਚ ਡੇਰਾ ਮੁਖੀ ਸੂਰਜ ਪਾਲ ਸਿੰਘ ਉਰਫ ਨਾਰਾਇਣ ਸਾਕਾਰ ਹਰੀ ਉਰਫ ਭੋਲੇ ਬਾਬਾ ਦੇ ਪ੍ਰਵਚਨ ਸੁਣਨ ਲਈ ਢਾਈ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ ਜਦਕਿ ਪ੍ਰਬੰਧਕਾਂ ਨੇ ਜਿ਼ਲਾ ਪ੍ਰਸ਼ਾਸਨ ਤੋਂ ਸਿਰਫ ਅੱਸੀ ਹਜ਼ਾਰ ਦਾ ਇਕੱਠ ਕਰਨ ਦੀ ਪ੍ਰਵਾਨਗੀ ਲਈ ਗਈ ਸੀ। ਬਾਬੇ ਦੇ ਜਾਣ ਤੋਂ ਤੁਰੰਤ ਬਾਅਦ ਸ਼ਰਧਾਲੂ ਬਾਬੇ ਦੇ ਪੈਰਾਂ ਦੀ ਧੂੜ ਲੈਣ ਲਈ ਭੱਜੇ ਪਰ ਬਾਬੇ ਅਤੇ ਸੇਵਾਦਾਰਾਂ ਵੱਲੋਂ ਸੁਰੱਖਿਆ ਦੇ ਸਹੀ ਇੰਤਜ਼ਾਮ ਨਾ ਕਰਨ ਕਰ ਕੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੀ ਕੋਈ ਕੋਸਿ਼ਸ਼ ਨਹੀਂ ਕੀਤੀ ਗਈ ਜਿਸ ਕਰ ਕੇ ਇਹ ਹਾਦਸਾ ਵਾਪਰਿਆ।
ਇਹ ਬਾਬਾ ਵੀ ਹੋਰ ਸਾਧਾਂ ਵਾਂਗ ਆਪਣੇ ਅੰਦਰ ਅਖੌਤੀ ਚਮਤਕਾਰੀ ਸ਼ਕਤੀਆਂ ਹੋਣ ਅਤੇ ਸ਼ਰਧਾਲੂਆਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਦਾ ਸੀ; ਇਹੀ ਨਹੀਂ, ਡੇਰੇ ’ਤੇ ਲੱਗੇ ਹੈਂਡ ਪੰਪਾਂ ਦੇ ਪਾਣੀ ਨਾਲ ਕੈਂਸਰ ਠੀਕ ਕਰਨ ਅਤੇ ਦੈਵੀ ਸ਼ਕਤੀ ਨਾਲ ਮਰਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਵੀ ਕਰਦਾ ਸੀ ਜਦਕਿ ਉਹ ਆਪਣੀ ਮਰੀ ਹੋਈ ਭਤੀਜੀ ਨੂੰ ਕਈ ਦਿਨ ਬਾਅਦ ਵੀ ਜਿਊਂਦਾ ਨਹੀਂ ਸੀ ਕਰ ਸਕਿਆ।
ਕਈ ਸਾਲ ਪਹਿਲਾਂ ਸੂਰਜ ਪਾਲ ਸਿੰਘ ਨੇ ਅਪਰਾਧਿਕ ਕੇਸ ਵਿੱਚ ਫਸਣ ਉਪਰੰਤ ਪੁਲੀਸ ਦੀ ਨੌਕਰੀ ਛੱਡਣ ਤੋਂ ਬਾਅਦ ਬਾਬਾ ਨਰਾਇਣ ਹਰੀ ਬਣ ਕੇ ਯੂਪੀ ਦੇ ਕਾਸਗੰਜ ਜਿ਼ਲ੍ਹੇ ਦੇ ਬਹਾਦਰ ਨਗਰ ਵਿਖੇ ਪ੍ਰਵਚਨ ਕਰਨਾ ਸ਼ੁਰੂ ਕੀਤਾ। ਖੁਦ ਨੂੰ ਵਿਸ਼ਨੂੰ ਦਾ ਅਵਤਾਰ ਦੱਸਣ ਵਾਲਾ ਇਹ ਬਾਬਾ ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸਾਂ ਅਤੇ ਅਖੌਤੀ ਚਮਤਕਾਰਾਂ ਵਿੱਚ ਫਸਾ ਕੇ ਲਗਾਤਾਰ ਆਪਣੇ ਝਾਂਸਿਆਂ ਵਿੱਚ ਫਸਾਉਂਦਾ ਰਿਹਾ ਅਤੇ ਏਜੰਟਾਂ ਤੇ ਮੀਡੀਏ ਦੇ ਝੂਠੇ ਪ੍ਰਚਾਰ ਰਾਹੀਂ ਹੌਲੀ-ਹੌਲੀ ਯੂਪੀ ਤੋਂ ਇਲਾਵਾ ਦਿੱਲੀ, ਹਰਿਆਣਾ, ਰਾਜਸਥਾਨ, ਉਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਹਜ਼ਾਰਾਂ ਅਗਿਆਨੀ ਲੋਕ ਉਸ ਦੇ ਪੈਰੋਕਾਰ ਬਣ ਗਏ। ਉਸ ਨੇ ਟਰੱਸਟ ਬਣਾਉਣ ਦੀ ਆੜ ਹੇਠ ਸਰਮਾਏਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਤੋਂ ਵੱਡੀ ਪੱਧਰ ’ਤੇ ਰੁਪਏ ਇਕੱਠੇ ਕੀਤੇ। ਇਸੇ ਸਰਮਾਏ ਦੀ ਬਦੌਲਤ ਉਸ ਨੇ ਬਹਾਦਰ ਨਗਰ ਵਿੱਚ 32 ਵਿੱਘੇ ਜ਼ਮੀਨ ਵਿੱਚ ਆਸ਼ਰਮ ਬਣਾਇਆ। ਕਿਹਾ ਜਾ ਰਿਹਾ ਹੈ ਕਿ ਇਸ ਵਕਤ ਵੱਖ-ਵੱਖ ਸੂਬਿਆਂ ਵਿੱਚ ਇਸ ਬਾਬੇ ਦੇ ਆਸ਼ਰਮਾਂ ਦੀ ਜਾਇਦਾਦ 100 ਕਰੋੜ ਰੁਪਏ ਤੋਂ ਵੀ ਵੱਧ ਹੈ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਇਹ ਬਾਬਾ ਆਪਣੇ ਲੱਖਾਂ ਪੈਰੋਕਾਰਾਂ ਨੂੰ ਰੋਂਦਿਆਂ ਛੱਡ ਕੇ ਫ਼ਰਾਰ ਹੋ ਗਿਆ ਅਤੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਉੱਚ ਅਦਾਲਤ ਵਿੱਚ ਅਗਾਊਂ ਜ਼ਮਾਨਤ ਲੈਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਇਹ ਸਾਧ ਕਈ ਸਾਲਾਂ ਤੋਂ ਜਦੋਂ ਆਪਣੇ ਹੀ ਡੇਰੇ ਦੇ ਹੈਂਡ ਪੰਪ ਦੇ ਸਾਧਾਰਨ ਪਾਣੀ ਨਾਲ ਕੈਂਸਰ ਦੇ ਰੋਗੀ ਠੀਕ ਕਰਨ ਅਤੇ ਮਰਿਆਂ ਲੋਕਾਂ ਨੂੰ ਜਿਊਂਦਾ ਕਰਨ ਦੇ ਝੂਠੇ ਦਾਅਵੇ ਕਰ ਕੇ ਲੱਖਾਂ ਸ਼ਰਧਾਲੂਆਂ ਨੂੰ ਅੰਧਵਿਸ਼ਵਾਸਾਂ ਵਿੱਚ ਫਸਾ ਕੇ ਵੱਡੇ ਪੱਧਰ ’ਤੇ ਲੁੱਟ ਰਿਹਾ ਸੀ, ਉਸ ਵਕਤ ਪੁਲੀਸ ਪ੍ਰਸ਼ਾਸਨ, ਸਿਆਸੀ ਪਾਰਟੀਆਂ ਅਤੇ ਕਾਰਪੋਰੇਟ ਮੀਡੀਏ ਦਾ ਵੱਡਾ ਹਿੱਸਾ ਆਪਣੇ ਸਵਾਰਥੀ ਹਿਤਾਂ ਲਈ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਹੁਣ ਅਚਾਨਕ ਵੱਡੀ ਤਰਾਸਦੀ ਵਾਪਰਨ ਤੋਂ ਬਾਅਦ ਸਾਰਾ ਗੋਦੀ ਮੀਡੀਆ, ਸਿਆਸਤਦਾਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਇਸ ਸਾਧ ਦੇ ਅਪਰਾਧਿਕ ਚਰਿੱਤਰ ਅਤੇ ਉਸ ਵਿਰੁੱਧ ਦਰਜ ਪੁਲੀਸ ਕੇਸਾਂ ਦੇ ਕੱਚੇ ਚਿੱਠੇ ਖੋਲ੍ਹ ਕੇ ਆਪੋ-ਆਪਣਾ ਬਚਾਅ ਕਰ ਰਹੇ ਹਨ। ਇਸ ਘਟਨਾ ਤੋਂ ਪਹਿਲਾਂ ਵੀ ਧਾਰਮਿਕ ਸਥਾਨਾਂ ਵਿੱਚ ਭਗਦੜ ਮਚਣ ਨਾਲ ਮੌਤਾਂ ਹੋਣ ਦੇ ਅਜਿਹੇ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ ਪਰ ਹਕੂਮਤਾਂ ਵੱਲੋਂ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਦੀਆਂ ਸਿਫਾਰਸ਼ਾਂ ਉਤੇ ਅਗਲਾ ਹਾਦਸਾ ਹੋਣ ਤਕ ਕਦੇ ਅਮਲ ਨਹੀਂ ਕੀਤਾ ਜਾਂਦਾ।
ਪਿਛਲੇ ਕੁਝ ਦਹਾਕਿਆਂ ਤੋ ਸਾਡੇ ਦੇਸ਼ ਵਿਚ ਧਰਮ ਦੀ ਆੜ ਹੇਠ ਬਾਬਾਵਾਦ ਅਤੇ ਡੇਰਾਵਾਦ ਬੜੇ ਵੱਡੇ ਪੱਧਰ ’ਤੇ ਨਾ ਸਿਰਫ ਵਧ-ਫੁੱਲ ਰਿਹਾ ਹੈ ਬਲਕਿ ਸਿਆਸੀ ਤੌਰ ’ਤੇ ਸ਼ਕਤੀਸਾਲੀ ਵੀ ਹੋ ਰਿਹਾ ਹੈ। ਧਰਮ ਦੀ ਆੜ ਹੇਠ ਗੁਮਰਾਹ ਕਰ ਕੇ ਵੱਧ ਤੋਂ ਵੱਧ ਲੋਕਾਂ ਦਾ ਆਰਥਿਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨਾ ਅਤੇ ਉਨ੍ਹਾਂ ਦਾ ਆਪਣੇ ਸਿਆਸੀ ਤੇ ਆਰਥਿਕ ਹਿੱਤਾਂ ਲਈ ਇਸਤੇਮਾਲ ਕਰਨਾ ਜਿ਼ਆਦਾਤਰ ਡੇਰਿਆਂ ਦਾ ਮੁੱਖ ਮਕਸਦ ਬਣ ਚੁਕਾ ਹੈ। ਇਸ ਉਦੇਸ਼ ਨੂੰ ਹਾਸਿਲ ਕਰਨ ਲਈ ਡੇਰਿਆਂ ਦੇ ਸੇਵਕ ਨੁਮਾ ਏਜੰਟਾਂ ਵੱਲੋਂ ਬੜੇ ਹੀ ਯੋਜਨਾਬੱਧ ਢੰਗ ਨਾਲ ਡੇਰਾ ਮੁਖੀ ਦੀਆਂ ਕਥਿਤ ਚਮਤਕਾਰੀ ਸ਼ਕਤੀਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਕਾਰਨ ਅੰਧਵਿਸ਼ਵਾਸੀ ਲੋਕਾਂ ਦੀਆਂ ਭੀੜਾਂ ਅਜਿਹੇ ਬਾਬਿਆਂ, ਸੰਤਾਂ ਦਾ ਅਸ਼ੀਰਵਾਦ ਲੈਣ ਲਈ ਡੇਰਿਆਂ ਵੱਲ ਅੰਨ੍ਹੇਵਾਹ ਵਹੀਰਾਂ ਘੱਤਦੀਆਂ ਹਨ। ਅਜਿਹੇ ਪ੍ਰਚਾਰ ਦੇ ਨਾਲ-ਨਾਲ ਡੇਰਿਆਂ ਵੱਲੋਂ ਪਹਿਲਾਂ ਲੋਕ ਕਲਿਆਣ ਅਤੇ ਧਰਮ ਪ੍ਰਚਾਰ ਦੇ ਨਾਂ ਹੇਠ ਵੱਡੇ ਇੱਕਠ/ਭੰਡਾਰੇ ਕੀਤੇ ਜਾਂਦੇ ਹਨ ਅਤੇ ਇਸ ਦੀ ਆੜ ਹੇਠ ਸੱਤਾਧਾਰੀ ਸਿਆਸਤਦਾਨਾਂ, ਉੱਚ ਪੁਲੀਸ ਅਫਸਰਾਂ ਪ੍ਰਭਾਵਸ਼ਾਲੀ ਵਿਅਕਤੀਆਂ, ਸਰਮਾਏਦਾਰ ਦਾਨੀ ਪਰਿਵਾਰਾਂ, ਖਾਸ ਕਰ ਕੇ ਮੀਡੀਆ ਨਾਲ ਲਗਾਤਾਰ ਨੇੜਤਾ ਬਣਾ ਕੇ ਉਨ੍ਹਾਂ ਨੂੰ ਡੇਰੇ ਨਾਲ ਜੋੜਿਆ ਜਾਂਦਾ ਹੈ।
ਦਰਅਸਲ ਅਜਿਹੇ ਅਖੌਤੀ ਸਾਧਾਂ, ਸੰਤਾਂ, ਬਾਬਿਆਂ, ਸਵਾਮੀਆਂ, ਬਾਪੂਆਂ, ਯੋਗੀਆਂ ਅਤੇ ਡੇਰਾਵਾਦੀਆਂ ਦੇ ਝਾਂਸੇ ਵਿੱਚ ਆਮ ਲੋਕਾਂ ਦੇ ਫਸਣ ਪਿੱਛੇ ਕਈ ਤਰ੍ਹਾਂ ਦੇ ਆਰਥਿਕ, ਸਮਾਜਿਕ, ਮਾਨਸਿਕ, ਸਰੀਰਕ ਅਤੇ ਸਿਆਸੀ ਕਾਰਨ ਜਿ਼ੰਮੇਵਾਰ ਹਨ। ਪਿਛਲੇ ਦੋ ਦਹਾਕਿਆਂ ਤੋਂ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਸਾਮਰਾਜੀ ਦੇਸ਼ਾਂ ਅਤੇ ਕੌਮਾਂਤਰੀ ਵਿੱਤੀ ਸੰਸਥਾਵਾਂ ਦੇ ਦਬਾਅ ਹੇਠ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਅਜਿਹੀਆਂ ਲੋਕ ਮਾਰੂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਮਾਰੂ ਸਿੱਟਿਆਂ ਵਜੋਂ ਦੇਸ਼ ਦੀ ਆਬਾਦੀ ਦੇ ਵੱਡੇ ਗਰੀਬ ਤਬਕੇ ਨੂੰ ਗਰੀਬੀ, ਮਹਿੰਗਾਈ, ਭੁੱਖਮਰੀ, ਬੇਰੁਜ਼ਗਾਰੀ, ਬਿਮਾਰੀ, ਅਨਪੜ੍ਹਤਾ, ਨਾ-ਬਰਾਬਰੀ, ਦੁੱਖ-ਕਲੇਸ਼, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰੀਬ ਅਤੇ ਪਿਛੜੇ ਵਰਗਾਂ ਦੇ ਲੋਕਾਂ ਕੋਲ ਕੋਈ ਸਥਾਈ ਰੁਜ਼ਗਾਰ ਜਾਂ ਨੌਕਰੀ ਦੇ ਸਾਧਨ ਨਹੀਂ ਹਨ। ਉਹ ਨਾ ਤਾਂ ਮਿਆਰੀ ਵਿਦਿਅਕ ਅਦਾਰਿਆਂ ਵਿਚ ਸਿੱਖਿਆ ਹਾਸਲ ਕਰ ਸਕਦੇ ਹਨ ਅਤੇ ਨਾ ਹੀ ਬਿਮਾਰ ਹੋਣ ਦੀ ਹਾਲਤ ਵਿਚ ਮਹਿੰਗੇ ਨਿੱਜੀ ਹਸਪਤਾਲਾਂ ਵਿਚ ਵਧੀਆ ਇਲਾਜ ਕਰਵਾ ਸਕਦੇ ਹਨ। ਆਰਥਿਕ ਤੇ ਮਾਨਸਿਕ ਪਿਛੜੇਪਣ ਕਰ ਕੇ ਹੀ ਉਨ੍ਹਾਂ ਨੂੰ ਸਮਾਜ ਅਤੇ ਧਾਰਮਿਕ ਸਥਾਨਾਂ ਵਿੱਚ ਬਣਦਾ ਮਾਣ ਸਨਮਾਨ ਵੀ ਨਹੀਂ ਦਿੱਤਾ ਜਾਂਦਾ। ਇਸੇ ਕਰ ਕੇ ਉਹ ਅਜਿਹੇ ਡੇਰਿਆਂ ਦੀ ਸ਼ਰਨ ਵਿੱਚ ਆਪਣਾ ਸਕੂਨ ਭਾਲਦੇ ਹਨ।
ਹਕੀਕਤ ਇਹ ਹੈ ਕਿ ਸਾਡੇ ਦੇਸ਼ ਦੀ ਆਬਾਦੀ ਦੇ 90 ਫੀਸਦੀ ਲੋਕ ਅਧਿਆਤਮਕਵਾਦੀ ਸੋਚ ਰੱਖਦੇ ਹੋਣ ਕਰ ਕੇ ਉਨ੍ਹਾਂ ਵਿਚ ਵਿਗਿਆਨਕ ਸੋਚ, ਸਵੈ-ਵਿਸ਼ਵਾਸ ਅਤੇ ਆਪਣੀਆਂ ਸਮੱਸਿਆਵਾਂ ਦੇ ਖਾਤਮੇ ਲਈ ਜਥੇਬੰਦਕ ਸੰਘਰਸ਼ ਕਰਨ ਦੀ ਭਾਵਨਾ ਦੀ ਘਾਟ ਹੈ। ਨਤੀਜੇ ਵਜੋਂ ਜਿ਼ਆਦਾਤਰ ਲੋਕ ਆਪਣੀਆਂ ਮੁਸ਼ਕਿਲਾਂ, ਗਰਜਾਂ, ਖਾਹਿਸ਼ਾਂ ਅਤੇ ਬਿਮਾਰੀਆਂ ਦੇ ਹੱਲ ਲਈ ਅਤੇ ਆਪਣੇ ਸੁਨਹਿਰੀ ਭਵਿੱਖ ਤੇ ਕਥਿਤ ਅਗਲੇ ਜਨਮ ਨੂੰ ਸੰਵਾਰਨ ਦੇ ਲਾਲਚ ਵਿਚ ਅਜਿਹੇ ਪਾਖੰਡੀਆਂ ਵਲੋਂ ਦਿਖਾਏ ਜਾਂਦੇ ਕਾਲਪਨਿਕ ਸਬਜ਼ਬਾਗ ਵਿਚ ਫਸ ਜਾਂਦੇ ਹਨ।
ਇਸ ਤੋਂ ਇਲਾਵਾ ਸਾਡੀਆਂ ਸਾਮਰਾਜ ਪੱਖੀ ਹਕੂਮਤਾਂ ਵੱਲੋਂ ਸਾਜਿ਼ਸ਼ ਹੇਠ ਸਿੱਖਿਆ ਪ੍ਰਣਾਲੀ ਵਿੱਚ ਰੂੜੀਵਾਦੀ, ਅਧਿਆਤਮਕਵਾਦੀ ਅਤੇ ਮਿਥਿਹਾਸਕ ਪਾਠਕ੍ਰਮ ਪੜ੍ਹਾਏ ਜਾ ਰਹੇ ਹਨ ਜਿਹੜੇ ਵਿਦਿਆਰਥੀਆਂ ਤੇ ਆਮ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ, ਸਵੈ-ਵਿਸ਼ਵਾਸ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਭਾਵਨਾ ਪੈਦਾ ਹੋਣ ਤੋਂ ਰੋਕਦੇ ਹਨ। ਸਵੇਰੇ ਸ਼ਾਮ ਟੀਵੀ ਚੈਨਲਾਂ ਉਤੇ ਅਖੌਤੀ ਸਾਧਾਂ-ਸੰਤਾਂ, ਬਾਬਿਆਂ, ਸਵਾਮੀਆਂ ਅਤੇ ਜੋਤਸ਼ੀਆਂ ਵਲੋਂ ਕੀਤੇ ਜਾਂਦੇ ਅੰਧਵਿਸ਼ਵਾਸੀ ਪ੍ਰਚਾਰ, ਮੰਗਲਵਾਰ, ਵੀਰਵਾਰ ਤੇ ਸ਼ਨਿੱਚਰਵਾਰ ਨੂੰ ਪੀਰਾਂ ਦੀਆਂ ਸਮਾਧਾਂ ਅਤੇ ਧਾਰਮਿਕ ਸਥਾਨਾਂ ਉਤੇ ਮੰਨਤਾਂ ਮੰਗਦੀਆਂ ਭੀੜਾਂ ਤੇ ਕਸਬਿਆਂ, ਸ਼ਹਿਰਾਂ ਵਿਚ ਪਾਖੰਡੀ ਬਾਬਿਆਂ ਤੇ ਜੋਤਸ਼ੀਆਂ ਵਲੋਂ ਖੋਲ੍ਹੀਆਂ ਝੂਠ ਤੇ ਲੁੱਟ ਦੀਆਂ ਦੁਕਾਨਾਂ ਆਦਿ ਸਭ ਕਿਸੇ ਵਿਅਕਤੀ ਦੀ ਮਾਨਸਿਕਤਾ ਨੂੰ ਬਿਮਾਰ ਕਰਨ ਵਿਚ ਨਾਂਹ ਪੱਖੀ ਭੂਮਿਕਾ ਨਿਭਾਉਂਦੇ ਹਨ। ਕੇਂਦਰ ਸਰਕਾਰ ਵਲੋਂ ਬੇਸ਼ਕ ਅਜਿਹੇ ਲੋਕਾਂ ਵਲੋਂ ਫੈਲਾਏ ਜਾਂਦੇ ਅੰਧਵਿਸ਼ਵਾਸਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਉਤੇ ਰੋਕ ਲਾਉਣ ਲਈ ਮੈਡੀਕਲ ਰਜਿਸਟ੍ਰੇਸ਼ਨ ਐਕਟ ਅਤੇ ਡਰਗਜ਼ ਅਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਕਾਨੂੰਨ-1954 ਲਾਗੂ ਕੀਤਾ ਗਿਆ ਸੀ ਪਰ ਹਾਕਮ ਜਮਾਤਾਂ ਵਲੋਂ ਆਪਣੇ ਸਿਆਸੀ ਹਿੱਤਾਂ ਦੇ ਲਾਲਚ ਵਿਚ ਇਸ ਕਾਨੂੰਨ ਨੂੰ ਕਦੇ ਵੀ ਨੇਕ ਨੀਅਤੀ ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਕਰ ਕੇ ਇਨ੍ਹਾਂ ਲੋਕਾਂ ਦਾ ਗੈਰ-ਕਾਨੂੰਨੀ ਧੰਦਾ ਬੇਰੋਕ-ਟੋਕ ਚੱਲ ਰਿਹਾ ਹੈ।
ਡੇਰਿਆਂ ਦੇ ਸਾਧਾਂ-ਸੰਤਾਂ, ਬਾਬਿਆਂ ਦੀ ਆਪਣੇ ਸ਼ਰਧਾਲੂਆਂ ਨਾਲ ਸਭ ਤੋਂ ਵੱਡੀ ਦਗਾਬਾਜ਼ੀ ਇਹ ਹੈ ਕਿ ਉਹ ਆਮ ਲੋਕਾਂ ਨੂੰ ਤਾਂ ਮੋਹ ਮਾਇਆ, ਝੂਠ-ਚੋਰੀ, ਬੇਈਮਾਨੀ, ਨਸਿ਼ਆਂ, ਅਹਿੰਸਾ, ਭ੍ਰਿਸ਼ਟਾਚਾਰ, ਪਰਾਈ ਔਰਤ ਅਤੇ ਹੋਰ ਗਲਤ ਕੰਮਾਂ ਤੋਂ ਦੂਰ ਰਹਿਣ ਅਤੇ ਸਾਫ ਸੁਥਰੀ ਤੇ ਡਰ ਰਹਿਤ ਸਾਦੀ ਜਿ਼ੰਦਗੀ ਜਿਊਣ ਦੀ ਨਸੀਹਤ ਕਰਦੇ ਹਨ ਪਰ ਇਨ੍ਹਾਂ ਦੇ ਆਲੀਸ਼ਾਨ ਡੇਰਿਆਂ ਤੇ ਉਚੇ ਮਹਿਲਾਂ ਵਿਚਲੀ ਅਯਾਸ਼ੀ ਤੇ ਐਸ਼ੋ-ਅਰਾਮ ਦੀ ਜਿ਼ੰਦਗੀ ਇਨਾਂ ਦੇ ਧਾਰਮਿਕ ਪ੍ਰਵਚਨਾਂ ਤੋਂ ਬਿਲਕੁਲ ਉਲਟ ਹੁੰਦੀ ਹੈ। ਕਈ-ਕਈ ਗੰਨਮੈਨਾਂ ਨਾਲ ਮਹਿੰਗੀਆਂ ਗੱਡੀਆਂ ਵਿਚ ਸਵਾਰ ਹੋ ਕੇ ਇਹ ਆਪਣੇ ਸ਼ਰਧਾਲੂਆਂ, ਉਚ ਅਧਿਕਾਰੀਆਂ ਅਤੇ ਸਮਾਜ ਵਿਚ ਹਿੰਸਾ ਤੇ ਖੌਫ ਪੈਦਾ ਕਰਨ ਦੀ ਕੋਸਿ਼ਸ਼ ਕਰਦੇ ਹਨ। ਸਵਾਲ ਹੈ ਕਿ ਜੇ ਇਹ ਬਾਬੇ ਅਖੌਤੀ ਦੈਵੀ ਸ਼ਕਤੀਆਂ ਦੇ ਮਾਲਕ ਹੋਣ, ਪਰਮਾਤਮਾ ਵੱਲੋਂ ਸਵਾਸ ਲਿਖੇ ਹੋਣ ਅਤੇ ਮੌਤ ਦੇ ਡਰ ਤੋਂ ਬਗੈਰ ਸਰਬ ਸ਼ਕਤੀਮਾਨ ਹੋਣ ਦਾ ਦਾਅਵਾ ਕਰਦੇ ਹਨ ਤਾਂ ਫਿਰ ਇਹ ਆਪਣੀ ਸੁਰੱਖਿਆ ਲਈ ਗੰਨਮੈਨ ਕਿਉਂ ਰੱਖਦੇ ਹਨ? ਕੁਝ ਸਾਲਾਂ ਵਿਚ ਡੇਰਿਆਂ, ਮੱਠਾਂ ਤੇ ਧਾਰਮਿਕ ਸਥਾਨਾਂ ਵਿਚ ਬਲਾਤਕਾਰ, ਕਤਲ, ਅਗਵਾ, ਫਿਰੌਤੀ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧ ਹੋਣ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਪਰ ਧਾਰਮਿਕ ਆਸਥਾ ਹੇਠ ਸੰਮੋਹਿਤ ਹੋਏ ਸ਼ਰਧਾਲੂ ਇਸ ਨੂੰ ਆਪਣੇ ਸੰਤਾਂ, ਬਾਬਿਆਂ ਖਿਲਾਫ ਸਾਜਿ਼ਸ਼ ਸਮਝ ਕੇ ਅਣਗੌਲਿਆਂ ਕਰ ਛੱਡਦੇ ਹਨ। ਉਨ੍ਹਾਂ ਦੀਆਂ ਅੱਖਾਂ ਉਦੋਂ ਵੀ ਨਹੀਂ ਖੁੱਲ੍ਹਦੀਆਂ ਜਦੋਂ ਉਪਰੋਕਤ ਅਪਰਾਧਾਂ ਦੇ ਦੋਸ਼ ਵਿਚ ਪੁਲੀਸ ਕਿਸੇ ਬਾਬੇ, ਸੰਤ, ਸਵਾਮੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿਚ ਸੁੱਟਦੀ ਹੈ ਅਤੇ ਉਸ ਨੂੰ ਸਜ਼ਾ ਵੀ ਹੋ ਜਾਂਦੀ ਹੈ। ਮਿਸਾਲ ਦੇ ਤੌਰ ’ਤੇ ਪਿਛਲੇ ਸਮੇਂ ਵਿੱਚ ਡੇਰਿਆਂ ਦੇ ਸੰਸਥਾਪਕ ਗੁਰਮੀਤ ਰਾਮ ਰਹੀਮ, ਬਾਪੂ ਆਸਾ ਰਾਮ, ਬਾਬਾ ਰਾਮ ਪਾਲ, ਸਵਾਮੀ ਨਿਤਿਆਨੰਦ, ਇੱਛਾਧਾਰੀ ਬਾਬਾ ਆਦਿ ਅਤੇ ਕਈ ਹੋਰਨਾਂ ਬਾਬਿਆਂ ਤੇ ਸਵਾਮੀਆਂ ਨੂੰ ਬਲਾਤਕਾਰ ਕਤਲ, ਅਗਵਾ ਅਤੇ ਨਾਜਾਇਜ਼ ਧੰਦਿਆਂ ਸਬੰਧੀ ਸਜ਼ਾ ਹੋਈ ਹੈ ਅਤੇ ਇਸ ਵਕਤ ਜੇਲ੍ਹਾਂ ਵਿਚ ਨਜ਼ਰਬੰਦ ਹਨ। ਜੇ ਉਨ੍ਹਾਂ ਵਿੱਚ ਕੋਈ ਦੈਵੀ ਸ਼ਕਤੀ ਹੁੰਦੀ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਜਾਣ ਤੋਂ ਜ਼ਰੂਰ ਬਚਾਉਂਦੀ।
ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਸਾਡੇ ਸਮਾਜ ਦਾ ਪੜ੍ਹਿਆ ਲਿਖਿਆ ਵਰਗ ਜਿਨ੍ਹਾਂ ਵਿਚ ਡਾਕਟਰ, ਇੰਜਨੀਅਰ, ਅਧਿਆਪਕ, ਪ੍ਰੋਫੈਸਰ, ਵਕੀਲ, ਜੱਜ, ਪੁਲੀਸ ਤੇ ਸਿਵਲ ਅਧਿਕਾਰੀ, ਪੱਤਰਕਾਰ, ਸਿਆਸੀ ਨੇਤਾ ਤੇ ਮੰਤਰੀ, ਮੁੱਖ ਮੰਤਰੀ ਤਕ ਸ਼ਾਮਲ ਹਨ, ਇਨ੍ਹਾਂ ਡੇਰਿਆਂ, ਸੰਤਾਂ, ਬਾਬਿਆਂ ਦੇ ਸ਼ਰਧਾਲੂ ਬਣ ਕੇ ਇਨ੍ਹਾਂ ਦੇ ਹਰ ਨਾਜਾਇਜ਼ ਕੰਮ ਨੂੰ ਮਾਨਤਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦੇਸ਼ ਨੂੰ ਇਕੀਵੀਂ ਸਦੀ ਵਿਚ ਲਿਜਾਣ ਦਾ ਦਾਅਵਾ ਕਰਨ ਵਾਲੇ ਹੁਕਮਰਾਨ ਤੇ ਬੁੱਧੀਜੀਵੀ ਵਰਗ ਹੀ ਜੇ ਅੰਧਵਿਸ਼ਵਾਸ, ਹਿੰਸਾ ਅਤੇ ਅਪਰਾਧ ਫੈਲਾਉਣ ਵਾਲੇ ਪਾਖੰਡੀ ਤੇ ਅਨਪੜ੍ਹ ਬਾਬਿਆਂ ਤੇ ਸੰਤਾਂ ਦੇ ਪਿਛਲਗੂ ਬਣ ਜਾਣਗੇ ਤਾਂ ਫਿਰ ਆਮ ਸੂਝ ਬੂਝ ਰੱਖਣ ਵਾਲੇ ਆਮ ਲੋਕਾਂ ਤੋਂ ਵਿਗਿਆਨਕ ਸੋਚ ਅਪਨਾਉਣ ਦੀ ਕਿੰਨੀ ਕੁ ਆਸ ਕੀਤੀ ਜਾ ਸਕਦੀ ਹੈ?
ਧਰਮ ਤੇ ਜਾਤ ਪਾਤ ਦੇ ਨਾਂ ਹੇਠ ਰਾਜਨੀਤੀ ਕਰਨ ਤੇ ਵੋਟਾਂ ਮੰਗਣ ਉਤੇ ਬੇਸ਼ਕ ਕਾਨੂੰਨੀ ਪਾਬੰਦੀ ਹੈ ਪਰ ਧਰਮ ਦੇ ਨਾਂ ਹੇਠ ਚਲਦੇ ਅਜਿਹੇ ਡੇਰਿਆਂ ਕੋਲ ਸ਼ਰਧਾਲੂਆਂ ਦਾ ਵੱਡਾ ਵੋਟ ਬੈਂਕ ਹੋਣ ਕਰ ਕੇ ਹਾਕਮ ਜਮਾਤਾਂ ਦੇ ਮੰਤਰੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਚੋਣਾਂ ਵੇਲੇ ਸਿਆਸੀ ਹਮਾਇਤ ਲੈਣ ਲਈ ਆਪਣੇ ਪੂਰੇ ਲਾਮ ਲਸ਼ਕਰ ਨਾਲ ਡੇਰਾ ਮੁਖੀਆਂ ਅੱਗੇ ਨੱਕ ਮੱਥੇ ਰਗੜਦੇ ਹਨ। ਆਧੁਨਿਕ ਯੁੱਗ ਵਿਗਿਆਨਕ ਚੇਤਨਾ ਦਾ ਯੁੱਗ ਹੈ। ਸੰਸਾਰ ਦੇ ਵਿਕਸਤ ਦੇਸ਼ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਕਰਦੇ ਹੋਏ ਲਗਾਤਾਰ ਚੰਗੇਰੇ ਭਵਿੱਖ ਵੱਲ ਵਧ ਰਹੇ ਹਨ ਪਰ ਅਸੀਂ ਕਿਸਮਤਵਾਦੀ, ਅਧਿਆਤਮਵਾਦੀ ਅਤੇ ਅੰਧਵਿਸ਼ਵਾਸੀ ਰਵੱਈਆ ਅਪਣਾ ਕੇ ਪਾਖੰਡੀ ਸਾਧਾਂ ਸੰਤਾਂ, ਸਵਾਮੀਆਂ, ਬਾਬਿਆਂ, ਜੋਤਸ਼ੀਆਂ ਮਗਰ ਲਗ ਕੇ ਆਪਣੀ ਕੀਮਤੀ ਸਮਾਂ ਅਤੇ ਹੱਕ ਹਲਾਲ ਦੀ ਕਮਾਈ ਲੁਟਾ ਰਹੇ ਹਾਂ। ਇਸ ਲਈ ਬਿਨਾਂ ਕੋਈ ਮਿਹਨਤ ਕੀਤੇ ਲੋਕਾਂ ਦੀ ਕਮਾਈ ਉਤੇ ਐਸ਼ ਕਰਨ ਵਾਲ਼ੇ ਅਤੇ ਸਮਾਜ ਵਿਚ ਅੰਧਵਿਸ਼ਵਾਸ ਅਤੇ ਹਿੰਸਾਤਮਕ ਮਾਹੌਲ ਪੈਦਾ ਕਰਨ ਵਾਲੇ ਪਾਖੰਡੀ ਬਾਬਿਆਂ, ਸਾਧਾਂ, ਸੰਤਾਂ ਦੇ ਡੇਰਿਆਂ ਮਗਰ ਲਗਣਾ ਕੋਈ ਸਿਆਣਪ ਦੀ ਨਿਸ਼ਾਨੀ ਨਹੀਂ। ਦਰਅਸਲ ਜਿ਼ੰਦਗੀ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਨਾ ਕੇ ਹੀ ਮੁਸ਼ਕਿਲਾਂ ਅਤੇ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਾ ਕਾਨੂੰਨੀ ਫਰਜ਼ ਹੈ ਕਿ ਧਰਮ ਦੀ ਆੜ ਹੇਠ ਸਮਾਜ ਵਿਚ ਅੰਧਵਿਸ਼ਵਾਸ ਫੈਲਾਉਣ, ਆਪਣੀਆਂ ਕਥਿਤ ਦੈਵੀ ਸ਼ਕਤੀਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਕੇ ਠੱਗਣ, ਲੁੱਟਣ ਵਾਲਿਆਂ ਖਿ਼ਲਾਫ਼ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾ ਕੇ ਸਮੁੱਚੇ ਦੇਸ਼ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਧਾਰਮਿਕ ਆਸਥਾ ਹੇਠ ਨਾਜਾਇਜ਼ ਵਪਾਰ ਕਰਨ, ਨਾਜਾਇਜ਼ ਜਾਇਦਾਦ ਬਣਾਉਣ, ਕਿਲ੍ਹੇ ਰੂਪੀ ਡੇਰੇ ਉਸਾਰਨ, ਹਿੰਸਾ ਫੈਲਾਉਣ ਅਤੇ ਨਾਜਾਇਜ਼ ਹਥਿਆਰ ਰੱਖਣ ਵਾਲੇ ਡੇਰਿਆਂ ਦੀ ਸਮੁੱਚੇ ਦੇਸ਼ ਵਿਚ ਜਾਂਚ ਪੜਤਾਲ ਕਰਵਾ ਕੇ ਉਨ੍ਹਾਂ ਦੇ ਮੁਖੀਆਂ ਦੀ ਨਾਜਾਇਜ਼ ਜਾਇਦਾਦ ਜ਼ਬਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਸਿਆਸੀ ਪਾਰਟੀਆਂ ਵੱਲੋਂ ਡੇਰਿਆਂ ਦੀ ਸਿਆਸੀ ਹਮਾਇਤ ਲੈਣ ਜਾਂ ਡੇਰਿਆਂ ਵੱਲੋਂ ਕਿਸੇ ਨੂੰ ਸਿਆਸੀ ਹਮਾਇਤ ਦੇਣ ਦੇ ਦੋਸ਼ ਤਹਿਤ ਸਬੰਧਿਤ ਸਿਆਸੀ ਪਾਰਟੀ ਤੇ ਡੇਰੇ, ਦੋਵਾਂ ਖਿ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ। ਦੇਸ਼ ਦੇ ਸਮੂਹ ਧਾਰਮਿਕ ਸਥਾਨਾਂ, ਡੇਰਿਆਂ, ਮੱਠਾਂ ਅਤੇ ਆਸ਼ਰਮਾਂ ਨੂੰ ਆਮਦਨ ਕਰ ਕਾਨੂੰਨ ਦੇ ਦਾਇਰੇ ਹੇਠ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਨਾਜਾਇਜ਼ ਜਾਇਦਾਦ ਤੇ ਆਮਦਨ ਨੂੰ ਜ਼ਬਤ ਕਰ ਕੇ ਲੋਕ ਪੱਖੀ ਵਿਕਾਸ ਕਾਰਜਾਂ ਉਤੇ ਖਰਚ ਕੀਤਾ ਜਾਵੇ। ਇਸ ਲੋਕ ਵਿਰੋਧੀ ਢਾਂਚੇ ਨੂੰ ਮੁੱਢੋਂ ਬਦਲ ਕੇ ਹੀ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਪਾਖੰਡੀ ਸਾਧਾਂ-ਸੰਤਾਂ, ਬਾਬਿਆਂ, ਡੇਰਿਆਂ ਦੇ ਚੁੰਗਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ।
ਸੰਪਰਕ: 76960-30173

Advertisement

Advertisement
Author Image

joginder kumar

View all posts

Advertisement