For the best experience, open
https://m.punjabitribuneonline.com
on your mobile browser.
Advertisement

ਨਫ਼ਰਤ ਦੀ ਖੇਤੀ ਤੋਂ ਬਚਣ ਦੀ ਲੋੜ

07:50 AM Jun 21, 2024 IST
ਨਫ਼ਰਤ ਦੀ ਖੇਤੀ ਤੋਂ ਬਚਣ ਦੀ ਲੋੜ
Advertisement

ਇਕਬਾਲ ਸਿੰਘ ਲਾਲਪੁਰਾ

ਨਫ਼ਰਤ ਇੱਕ ਮਾਨਸਿਕ ਕਮਜ਼ੋਰੀ ਹੈ ਜੋ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਬਣਦੀ ਹੈ। ਕੁਦਰਤ ਦੀ ਬਣਾਈ ਹਰ ਵਿਅਕਤੀ ਤੇ ਵਸਤੂ ਇੱਕ ਦੂਜੇ ਲਈ ਲਾਭਕਾਰੀ ਹਨ। ਚੰਗੇ ਵਿਅਕਤੀ ਮਿੱਠੀ ਜ਼ੁਬਾਨ, ਸੱਚ ਸੰਤੋਖ ਦੇ ਧਾਰਨੀ ਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਨ ਵਾਲੇ ਹੁੰਦੇ ਹਨ। ਖ਼ਿਮਾ ਤੇ ਆਪਣੀਆਂਂ ਭਾਵਨਾਵਾਂ ਉਪਰ ਕਾਬੂ ਰੱਖਣਾ ਉਨ੍ਹਾਂ ਦੇ ਦੂਜਿਆਂ ’ਤੇ ਜਿੱਤ ਪ੍ਰਾਪਤ ਕਰਨ ਲਈ ਹਥਿਆਰ ਹੁੰਦੇ ਹਨ।
ਕ੍ਰੋਧ ਜਾਂ ਗੁੱਸਾ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਬਣ ਕੇ ਉਸ ਨੂੰ ਬਦਲਾਖੋਰ ਤੇ ਅਪਰਾਧੀ ਬਣਾ ਦਿੰਦਾ ਹੈ। ਕਈ ਵਾਰ ਗੁੱਸੇ ਦਾ ਕਾਰਨ ਦੂਜਿਆਂ ਦਾ ਵਿਅਕਤੀ ਵਿਸ਼ੇਸ਼ ਵਿਰੁੱਧ ਕੋਈ ਕੰਮ ਜਾਂ ਅਪਸ਼ਬਦ ਬੋਲਣ ਜਾਂ ਉਸ ਦੀ ਆਸ ਉਪਰ ਪੂਰਾ ਨਾ ਉਤਰਨਾ ਹੋ ਸਕਦਾ ਹੈ। ਪਰ ਜੇਕਰ ਵਿਚਾਰ ਕੀਤਾ ਜਾਵੇ ਤਾਂ ਕਾਰਨ ਵੀ ਸਪੱਸ਼ਟ ਹੋ ਜਾਂਦਾ ਹੈ ਤੇ ਆਪਣੀ ਅਣਜਾਣ ਵਿਅਕਤੀ ’ਤੇ ਆਸ ਰੱਖਣ ਦੀ ਗ਼ਲਤੀ ਬਾਰੇ ਵੀ ਪਤਾ ਲੱਗ ਜਾਂਦਾ ਹੈ।
ਦੁਨੀਆ ਦੇ ਸਾਰੇ ਧਰਮ ਇੱਕ ਰੱਬ, ਅਕਾਲ ਪੁਰਖ, ਭਗਵਾਨ, ਅੱਲ੍ਹਾ ਜਾਂ ਗੌਡ, ਜੋ ਇਸ ਕਾਇਨਾਤ ਨੂੰ ਪੈਦਾ ਕਰਨ, ਚਲਾਉਣ ਵਾਲਾ ਹੈ, ਦੇ ਨੇੜੇ ਹੋਣ ਤੇ ਪ੍ਰਾਪਤੀ ਦਾ ਰਾਹ ਕੇਵਲ ਉਸ ਨੂੰ ਯਾਦ ਰੱਖਣ ਅਤੇ ਉਸ ਦੀ ਬਣਾਈ ਹੋਈ ਕਾਇਨਾਤ ਨੂੰ ਪਿਆਰ ਕਰਨਾ ਦੱਸਦੇ ਹਨ। ਦੇਵੀ, ਦੇਵਤੇ, ਗੁਰੂ, ਪੀਰ ਉਸ ਦੇ ਨੇੜੇ ਹੋਣ ਲਈ ਰਾਹ ਦੱਸਦੇ ਹਨ ਕਿਉਂਕਿ ਇਹ ਰਚਨਾ ਉਸਦੀ ਹੈ ਤੇ ਆਪ ਉਹ ਇਸ ਵਿੱਚ ਵਸਦਾ ਹੈ। ਅਸੀਂ ਸਾਰੇ ਹੀ ਉਸਦੀ ਸੰਤਾਨ ਹਾਂ, ਕੁਝ ਉਸ ਦੇ ਵਰਸੋਏ ਤਾਂ ਖ਼ੁਦ ਰੱਬ ਦਾ ਰੂਪ ਹੀ ਹੁੰਦੇ ਹਨ ਤੇ ਮਨੁੱਖਤਾ ਨੂੰ ਚੰਗਾ ਬਣਨ ਦਾ ਰਾਹ ਦੱਸਦੇ ਹਨ। ਉਨ੍ਹਾਂ ਲਈ ਸਭ ਬਰਾਬਰ ਹੁੰਦੇ ਹਨ। ਸਮਾਂ, ਸਥਾਨ ਤੇ ਭਾਸ਼ਾ ਦੀ ਵਿਵਿਧਤਾ ਕਾਰਨ ਉਹ ਵੱਖਰੇ ਨਜ਼ਰ ਆਉਂਦੇ ਹਨ ਪਰ ਸਭ ਦੀ ਮੰਜ਼ਿਲ ਇੱਕ ਹੀ ਹੈ। ਸਭ ਧਰਮ ਗ੍ਰੰਥ ਤੇ ਧਾਰਮਿਕ ਰਹਿਬਰ ਸਤਿਕਾਰ ਯੋਗ ਹਨ।
ਝਗੜਾ ਧਰਮ ਦਾ ਹੋ ਹੀ ਨਹੀਂ ਸਕਦਾ। ਗੱਲ ਮੇਰਾ ਪੰਥ ਜਾਂ ਮੇਰਾ ਰਾਹ ਦੂਜੇ ਨਾਲੋਂ ਚੰਗਾ ਹੈ ਜਾਂ ਦੂਜਾ ਪੰਥ ਛੱਡ ਗੁਮਰਾਹ ਕਰ ਆਪਣੇ ਨਾਲ ਲਾਉਣ ਦੇ ਯਤਨਾਂ ਕਾਰਨ ਵਿਵਾਦ, ਵਿਰੋਧ ਤੇ ਝਗੜੇ ਪੈਦਾ ਹੁੰਦੇ ਹਨ। ਜਦੋਂ ਵੰਡੋ ਤੇ ਰਾਜ ਕਰੋ ਦੀ ਨੀਅਤ ਹੋਵੇ ਤਾਂ ਮਨੁੱਖਤਾ ਦਾ ਪੂਰਨ ਵਿਕਾਸ ਰੁਕ ਜਾਂਦਾ ਹੈ। ਸਾਰਿਆਂ ਨੂੰ ਆਪਣਾ ਧਰਮ ਮੰਨਣ ਤੇ ਪ੍ਰਚਾਰਨ ਦਾ ਅਧਿਕਾਰ ਹੈ। ਜੇ ਪਾਬੰਦੀ ਹੈ ਤਾਂ ਦੂਜੇ ਨੂੰ ਬੁਰਾ ਕਹਿਣ ’ਤੇ ਹੈ।
ਆਪਣੇ ਧਰਮ ਤੇ ਧਰਮ ਗ੍ਰੰਥਾਂ ਵਿੱਚ ਦਰਜ ਫਲਸਫ਼ੇ ਬਾਰੇ ਅਗਿਆਨਤਾ ਤੇ ਦੂਜੇ ਦੇ ਧਰਮ ਦੇ ਫਲਸਫ਼ੇ, ਮਾਰਗ ਤੇ ਨਿਯਮਾਂ ਬਾਰੇ ਅਗਿਆਨਤਾ ਵਿਵਾਦ ਖੜ੍ਹੇ ਕਰਦੀ ਹੈ, ਜਿਸਨੂੰ ਅਸਹਿਣਸ਼ੀਲਤਾ ਆਖਿਆ ਜਾਂਦਾ ਹੈ।
ਇਹ ਦੇਸ਼ ਸਭ ਦਾ ਸਾਂਝਾ ਹੈ ਤੇ ਹਰ ਵਿਅਕਤੀ ਨੂੰ ਬਰਾਬਰੀ ਦੇ ਅਧਿਕਾਰ ਦਿੰਦਾ ਹੈ। ਫੇਰ ਵਿਵਾਦ ਕਿਉਂ ਹੁੰਦੇ ਹਨ? ਕੀ ਇਸ ’ਤੇ ਚਰਚਾ ਕਰਨੀ ਸਮੇਂ ਦੀ ਲੋੜ ਨਹੀਂ ਹੈ?
ਮਾਨਸਿਕ ਤਣਾਅ, ਨਸ਼ੇ, ਇੱਕ ਦੂਜੇ ਨੂੰ ਬਰਾਬਰ ਨਾ ਸਮਝਣਾ ਤੇ ਬਿਨਾ ਵਿਚਾਰ ਕੀਤੇ ਆਪਣੇ ਅੰਦਰ ਪਾਲੀ ਨਫ਼ਰਤ ਕਈ ਥਾਈਂ ਝਗੜੇ ਪੈਦਾ ਕਰ ਰਹੀ ਹੈ। ਸੜਕ ’ਤੇ ਇੱਕ ਦੂਜੇ ਨੂੰ ਥਾਂ ਜਾਂ ਸਨਮਾਨ ਨਾ ਦੇਣ ਕਾਰਨ ਸੜਕਾਂ ’ਤੇ ਹੁੰਦੀਆਂ ਲੜਾਈਆਂ ਤੇ ਧਾਰਮਿਕ ਟਿੱਪਣੀਆਂ ’ਤੇ ਕੀਤੀ ਜਾ ਰਹੀ ਹਿੰਸਾ ਅਪਰਾਧਿਕ ਹੈ। ਇੱਕ ਸੂਬੇ ਦੇ ਵਾਸੀਆਂ ਬਾਰੇ ਪਾਲੀ ਮਨੋਕਲਪਿਤ ਘ੍ਰਿਣਾ ਨਿੰਦਾਯੋਗ ਹੈ ਤੇ ਅਪਰਾਧੀ ਸਜ਼ਾ ਦੇ ਪਾਤਰ ਹਨ, ਜਿਸ ਲਈ ਸਰਕਾਰੀ ਤੰਤਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਕੀ ਸਰਕਾਰੀ ਤੰਤਰ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਪਾ ਕੇ ਸਮਾਜ ਤੇ ਧਾਰਮਿਕ ਆਗੂ ਮੁਕਤ ਹੋ ਸਕਦੇ ਹਨ। ਅੱਜ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਸਾਂਝੀ ਕਰਦਾ ਹੈ, ਉੱਥੇ ਹੀ ਦੂਜੇ ਵਿਰੁੱਧ ਸਮਾਜਿਕ ਰੂਪ ਵਿੱਚ ਕੀਤੀਆਂ ਗੱਲਾਂ, ਟਿੱਪਣੀਆਂ ਤੇ ਭਾਸ਼ਨ ਵੀ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਬਿਨਾਂਂ ਦੇਰੀ ਪਹੁੰਚ ਜਾਂਦਾ ਹੈ। ਇਹ ਸਮੱਸਿਆ ਉਦੋਂ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਸਮਾਜ ਦਾ ਉਹ ਵਰਗ ਜਿਸ ’ਤੇ ਇਸ ਦਾ ਬੁਰਾ ਪ੍ਰਭਾਵ ਪੈਣਾ ਹੈ, ਡਰਦਾ ਜਾਂ ਹੋਰ ਕਾਰਨਾਂ ਕਰ ਕੇ ਖ਼ਾਮੋਸ਼ ਬੈਠ ਕੇ ਨਫ਼ਰਤ ਪੈਦਾ ਕਰਨ ਵਾਲਿਆਂ ਦੇ ਹੌਸਲੇ ਵਧਾਉਂਦਾ ਹੈ। ਅਸੀਂ ਕਿਸੇ ਨਾਲ ਸਹਿਮਤ ਨਹੀਂ ਤਾਂ ਉਸਦਾ ਵਿਰੋਧ ਕਰ ਅਸੀਂ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਾਂ।
ਜਿਸ ਥਾਂ, ਸ਼ਹਿਰ, ਸੂਬੇ ਵਿਚ ਅਜਿਹੀ ਘਟਨਾ ਹੁੰਦੀ ਹੈ, ਉੱਥੋਂ ਦੇ ਸਭ ਅਮਨ ਪਸੰਦ ਸ਼ਹਿਰੀਆਂ ਨੂੰ ਇਕੱਠੇ ਹੋ ਸਮੂਹਿਕ ਰੂਪ ਵਿੱਚ ਇਸ ਦੀ ਨਿਖੇਧੀ ਕਰ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੀੜਤਾਂ ਦਾ ਮਨੋਬਲ ਵਧਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ। ਸਰਕਾਰੀ ਤੰਤਰ ਇਸ ਵਿੱਚ ਸਹਾਇਕ ਹੋ ਸਕਦਾ ਹੈ। ਕਿਸੇ ਵੀ ਸੂਬੇ ਵਿੱਚ ਹੁੰਦੀਆਂ ਲਗਾਤਾਰ ਘਟਨਾਵਾਂ ਸਰਕਾਰੀ ਤੰਤਰ ਦੀ ਅਣਗਹਿਲੀ ਤੇ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦੀਆਂ ਹਨ।
ਇਹ ਘਟਨਾਵਾਂ ਦੁਨੀਆ ਭਰ ਵਿੱਚ ਹੁੰਦੀਆਂ ਹਨ ਪਰ ਇਸਨੂੰ ਅੱਗੇ ਤੋਂ ਰੋਕਣ ਤੇ ਇਕ ਦੂਜੇ ਨੂੰ ਸਮਝਣ ਤੇ ਉਨ੍ਹਾਂ ਦਾ ਸਤਿਕਾਰ ਕਰਨ ਬਾਰੇ ਵੀ ਯਤਨ ਹੁੰਦੇ ਰਹਿੰਦੇ ਹਨ। ਕੀ ਸਾਨੂੰ ਵੀ ਅਜਿਹੇ ਗੰਭੀਰ ਯਤਨ ਨਹੀਂ ਕਰਨੇ ਚਾਹੀਦੇ?

Advertisement

* ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।
ਸੰਪਰਕ: 97800-03333

Advertisement
Author Image

sukhwinder singh

View all posts

Advertisement
Advertisement
×