For the best experience, open
https://m.punjabitribuneonline.com
on your mobile browser.
Advertisement

ਵਿਗਿਆਨਕ ਸੋਚ ਦੀ ਲੋੜ

06:22 AM Aug 27, 2024 IST
ਵਿਗਿਆਨਕ ਸੋਚ ਦੀ ਲੋੜ
Advertisement

ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪਾਸਟਰ ਅਤੇ ਉਸ ਦੇ ਚੇਲਿਆਂ ਨੇ ਪ੍ਰੇਤ ਆਤਮਾ ਕੱਢਣ ਦੀ ਵਿਧੀ ਦੇ ਨਾਂ ’ਤੇ 35 ਸਾਲ ਦੇ ਇੱਕ ਵਿਅਕਤੀ ਦੀ ਜਾਨ ਲੈ ਲਈ। ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਦੇਸ਼ ਵਿੱਚ ਧਰਮ ਦੀ ਆੜ ਹੇਠ ਇਸ ਤਰ੍ਹਾਂ ਦੇ ਜਾਦੂ ਟੂਣਿਆਂ ਦੀ ਪ੍ਰਥਾ ਕਿੰਨੀ ਵਿਆਪਕ ਹੈ। ਪੀੜਤ ਨੂੰ ਪ੍ਰੇਤ ਆਤਮਾ ਦੇ ਪਰਛਾਵੇਂ ਤੋਂ ਮੁਕਤ ਕਰਨ ਦੇ ਨਾਂ ’ਤੇ ਬੁਰੀ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਕਰ ਕੇ ਉਸ ਦੀ ਜਾਨ ਚਲੀ ਗਈ। ਇਹ ਧਰਮ ਦੀ ਆੜ ਹੇਠ ਚੱਲਦੇ ਧੰਦੇ ਦੀ ਕੋਈ ਇਕੱਲੀ ਇਕਹਿਰੀ ਮਿਸਾਲ ਨਹੀਂ ਸਗੋਂ ਇਹ ਅਖੌਤੀ ਤਾਂਤਰਿਕ ਅਤੇ ਧਰਮ ਦੇ ਲਬਾਦੇ ਹੇਠ ਇਲਾਜ ਕਰਨ ਵਾਲਿਆਂ ਦੀ ਘਾਤਕ ਸ਼ਕਤੀ ਦਾ ਚੇਤਾ ਕਰਾਉਂਦੀ ਹੈ। ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਸ਼ੋਸ਼ਣਕਾਰੀ ਸ਼ਕਤੀਆਂ ਨੇ ਆਪਣਾ ਜਾਲ ਫੈਲਾ ਰੱਖਿਆ ਹੈ ਅਤੇ ਇਸ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਰਹੁ-ਰੀਤਾਂ ਨੂੰ ਵੀ ਵਰਤਿਆ ਜਾਂਦਾ ਹੈ ਜਿਸ ਕਰ ਕੇ ਅੰਧ-ਵਿਸ਼ਵਾਸ ਦਾ ਕਾਰੋਬਾਰ ਚੱਲਦਾ ਹੈ।
ਇਹ ਅਖੌਤੀ ਝਾੜ-ਫੂਕ ਕਰਨ ਵਾਲੇ ਜੋ ਆਪਣੇ-ਆਪ ਨੂੰ ਅਧਿਆਤਮਕ ਮੁਕਤੀਦਾਤਿਆਂ ਵਜੋਂ ਪੇਸ਼ ਕਰਦੇ ਹਨ, ਆਪਣੇ ਪੈਰੋਕਾਰਾਂ ’ਚ ਭੈਅ ਤੇ ਅਸੁਰੱਖਿਆ ਦੀ ਭਾਵਨਾ ਦਾ ਫ਼ਾਇਦਾ ਉਠਾਉਂਦੇ ਹਨ, ਹਰੇਕ ਚੀਜ਼ ਲਈ ਚਮਤਕਾਰੀ ਇਲਾਜ ਦਾ ਦਾਅਵਾ ਕਰਦੇ ਹਨ- ਫੇਰ ਭਾਵੇਂ ਉਹ ਕੋਈ ਸਰੀਰਕ ਬਿਮਾਰੀ ਹੋਵੇ ਜਾਂ ਮਾਨਸਿਕ ਰੋਗ। ਇਸ ਤਰ੍ਹਾਂ ਦੇ ਕੰਮਾਂ ਲਈ ਸਜ਼ਾ ਜਾਂ ਇਨ੍ਹਾਂ ਨੂੰ ਨਿਯਮਾਂ ਦੇ ਘੇਰੇ ’ਚ ਲਿਆਉਣ ਵਾਸਤੇ ਕੋਈ ਸਖ਼ਤ ਕਾਨੂੰਨੀ ਢਾਂਚਾ ਮੌਜੂਦ ਨਹੀਂ ਹੈ, ਜਿਸ ਨਾਲ ਸਮੱਸਿਆ ਹੋਰ ਵਧਦੀ ਹੈ। ਅਕਸਰ ‘ਚਮਤਕਾਰ’ ਕਰ ਕੇ ਦਿਖਾਉਣ ਦਾ ਦਾਅਵਾ ਕਰਨ ਵਾਲੇ ਇਸ ਤਰ੍ਹਾਂ ਦੇ ਲੋਕ ਇਨਸਾਫ਼ ਦੇ ਸ਼ਿਕੰਜੇ ’ਚ ਨਹੀਂ ਆਉਂਦੇ, ਜਿਨ੍ਹਾਂ ਲੋਕਾਂ ਦਾ ਉਹ ਸ਼ਿਕਾਰ ਕਰਦੇ ਹਨ, ਉਹ ਹੀ ਇਨ੍ਹਾਂ ਨੂੰ ਬਚਾ ਲੈਂਦੇ ਹਨ। ਜਦ ਤੰਤਰ ਇਨ੍ਹਾਂ ਦੀ ਜਵਾਬਦੇਹੀ ਤੈਅ ਕਰਨ ’ਚ ਨਾਕਾਮ ਹੁੰਦਾ ਹੈ ਤਾਂ ਇਨ੍ਹਾਂ ਨੂੰ ਹੋਰ ਸ਼ਹਿ ਮਿਲਦੀ ਹੈ, ਅਤੇ ਸ਼ੋਸ਼ਣ ਤੇ ਦੁਰਵਿਹਾਰ ਦਾ ਇਹ ਚੱਕਰ ਚੱਲਦਾ ਰਹਿੰਦਾ ਹੈ।
ਪੰਜਾਬ ਨੂੰ ਇਸ ਅਲਾਮਤ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਅਪਣਾਉਣੀ ਪਵੇਗੀ। ਵਿਗਿਆਨਕ ਸੋਚ-ਸਮਝ ਨੂੰ ਉਤਸ਼ਾਹਿਤ ਕਰਨ ਲਈ ਵਿਦਿਅਕ ਉੱਦਮ ਕਰਨੇ ਪੈਣਗੇ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਉਹ ਅਪੁਸ਼ਟ ਸਰੋਤਾਂ ਤੋਂ ਮਦਦ ਨਾ ਮੰਗਣ। ਸਮਾਜ ਨੂੰ ਐਨਾ ਯੋਗ ਬਣਾਉਣਾ ਪਵੇਗਾ ਕਿ ਉਹ ਅਸਲ ਅਧਿਆਤਮਕ ਸੇਧ ਤੇ ਨੁਕਸਾਨਦੇਹ ਅੰਧ-ਵਿਸ਼ਵਾਸ ਵਿਚਾਲੇ ਫ਼ਰਕ ਪਛਾਣੇ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਕਰੜੇ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ। ਇਹ ਜ਼ਰੂਰੀ ਹੈ ਕਿ ਅਸੀਂ ਸਮਾਜ ਵਜੋਂ ਆਪਣਾ ਭਰੋਸਾ ਤਰਕ, ਪ੍ਰਮਾਣਿਤ ਮੈਡੀਕਲ ਤੇ ਮਨੋਵਿਗਿਆਨਕ ਮਦਦ ’ਤੇ ਰੱਖੀਏ ਤਾਂ ਹੀ ਅਸੀਂ ਇਨ੍ਹਾਂ ਅਖੌਤੀ ਭੂਤ-ਪ੍ਰੇਤ ਕੱਢਣ ਵਾਲੇ ਖ਼ਤਰਨਾਕ ਲੋਕਾਂ ਵੱਲੋਂ ਫੈਲਾਏ ਜਾਂਦੇ ਕੂੜ-ਪ੍ਰਚਾਰ ਤੋਂ ਬਚ ਸਕਾਂਗੇ ਤੇ ਇਸ ਦਾ ਟਾਕਰਾ ਕਰ ਸਕਾਂਗੇ। ਅਜਿਹੇ ਘਾਤਕ ਢਕੋਸਲਿਆਂ ਵਿੱਚ ਹੋਰ ਜਾਨਾਂ ਨਹੀਂ ਜਾਣੀਆਂ ਚਾਹੀਦੀਆਂ।

Advertisement

Advertisement
Advertisement
Author Image

joginder kumar

View all posts

Advertisement