ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁਲੰਦ ਨੈਤਿਕ ਆਵਾਜ਼ਾਂ ਦੀ ਲੋੜ

08:13 AM Oct 22, 2023 IST

ਸਵਰਾਜਬੀਰ

Advertisement

‘‘ਉਹ (ਯਹੂਦੀ) ਧਰਤੀ ਦੇ ਦੂਸਰੇ ਲੋਕਾਂ ਵਾਂਗ ਉਨ੍ਹਾਂ ਦੇਸ਼ਾਂ ਨੂੰ ਆਪਣਾ ਘਰ ਕਿਉਂ ਨਹੀਂ ਬਣਾਉਂਦੇ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਅਤੇ ਜਿੱਥੇ ਉਹ ਰੋਜ਼ੀ ਰੋਟੀ ਕਮਾਉਂਦੇ ਹਨ।
ਫਲਸਤੀਨ ਉਵੇਂ ਹੀ ਅਰਬਾਂ ਦਾ ਹੈ ਜਿਵੇਂ ਇੰਗਲੈਂਡ ਅੰਗਰੇਜ਼ਾਂ ਦਾ ਤੇ ਫਰਾਂਸ ਫਰਾਂਸੀਸੀਆਂ ਦਾ। ਅਰਬਾਂ ਦੀ ਥਾਂ ’ਤੇ ਯਹੂਦੀਆਂ ਨੂੰ ਵਸਾਉਣਾ ਗ਼ਲਤ ਅਤੇ ਅਣਮਨੁੱਖੀ ਹੈ। ਜੋ ਫਲਸਤੀਨ ਵਿਚ ਹੋ ਰਿਹਾ ਹੈ (ਉਸ ਸਮੇਂ ਭਾਵ 1938 ਵਿਚ ਜਦੋਂ ਫਲਸਤੀਨ ਵਿਚ ਅੰਗਰੇਜ਼ਾਂ ਦੀ ਹਕੂਮਤ ਯਹੂਦੀਆਂ ਨੂੰ ਉੱਥੇ ਵਸਾ ਰਹੀ ਸੀ), ਉਸ ਨੂੰ ਕਿਸੇ ਵੀ ਨੈਤਿਕ ਨੇਮ ਰਾਹੀਂ ਠੀਕ ਨਹੀਂ ਠਹਿਰਾਇਆ ਜਾ ਸਕਦਾ। ਮਾਣਮੱਤੇ ਅਰਬਾਂ ਨੂੰ ਨੁੱਕਰੇ ਲਾ ਕੇ ਫਲਸਤੀਨ ਜਾਂ ਉਸ ਦਾ ਕੋਈ ਹਿੱਸਾ ਯਹੂਦੀਆਂ ਨੂੰ ਆਪਣਾ ਕੌਮੀ ਵਸੇਬ ਬਣਾਉਣ ਲਈ ਦੇਣਾ ਮਨੁੱਖਤਾ ਦੇ ਵਿਰੁੱਧ ਅਪਰਾਧ ਹੋਵੇਗਾ।’’ 85 ਸਾਲ ਪਹਿਲਾਂ ਲਿਖੇ ਗਏ ਇਹ ਸ਼ਬਦ ਕਿਸੇ ਫਲਸਤੀਨੀ ਜਾਂ ਅਰਬ ਚਿੰਤਕ ਦੇ ਨਹੀਂ ਸਗੋਂ ਮਹਾਤਮਾ ਗਾਂਧੀ ਦੇ ਹਨ। ਇਹ ਲੇਖ 26 ਨਵੰਬਰ 1938 ਦੇ ‘ਹਰੀਜਨ’ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਇਆ।
ਇਸ ਲੇਖ ਵਿਚ ਮਹਾਤਮਾ ਗਾਂਧੀ ਨੇ ਇਹ ਵੀ ਲਿਖਿਆ, ‘‘ਮੇਰੀ (ਯਹੂਦੀਆਂ ਨਾਲ) ਹਮਦਰਦੀ ਮੈਨੂੰ ਨਿਆਂ ਦੇ ਪੱਖੋਂ ਅੰਨ੍ਹਿਆਂ ਨਹੀਂ ਕਰ ਸਕਦੀ। ਯਹੂਦੀਆਂ ਵਾਸਤੇ ਕੌਮੀ ਵਸੇਬ ਦੀ ਗੱਲ ਨੂੰ ਮੈਂ ਸਹੀ ਨਹੀਂ ਮੰਨਦਾ।’’ ਨਾਜ਼ੀਆਂ ਨੇ 1930-40ਵਿਆਂ ਯਹੂਦੀਆਂ ’ਤੇ ਅਕਹਿ ਜ਼ੁਲਮ ਢਾਹੇ; 60 ਲੱਖ ਯਹੂਦੀ ਮਾਰੇ ਗਏ, ਲੱਖਾਂ ਬੇਘਰ ਹੋਏ ਤੇ ਲੱਖਾਂ ਯਤੀਮ। ਇਹ ਸਭ ਕੁਝ ਯੂਰੋਪ ਵਿਚ ਵਾਪਰਿਆ। ਯਹੂਦੀ ਸਦੀਆਂ ਤੋਂ ਵਿਤਕਰਿਆਂ ਦਾ ਸ਼ਿਕਾਰ ਰਹੇ ਹਨ। ਮਹਾਤਮਾ ਗਾਂਧੀ ਯਹੂਦੀਆਂ ਨਾਲ ਹੋਏ ਅਨਿਆਂ ਦਾ ਵਿਰੋਧ ਕਰਦੇ ਸਨ ਪਰ ਉਹ ਅੰਗਰੇਜ਼ ਸਰਕਾਰ ਦੇ ਇਸ ਮਨਸੂਬੇ ਨਾਲ ਸਹਿਮਤ ਨਹੀਂ ਸਨ ਕਿ ਯਹੂਦੀਆਂ ਨੂੰ ਹੋਰ ਦੇਸ਼ਾਂ ਤੋਂ ਲਿਆ ਕੇ ਫਲਸਤੀਨ ਵਿਚ ਇਸ ਲਈ ਵਸਾ ਦਿੱਤਾ ਜਾਵੇ ਕਿਉਂਕਿ ਪੁਰਾਣੀ ਬਾਈਬਲ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਯਹੂਦੀ ਫਲਸਤੀਨ ਵਿਚ ਵੱਸਦੇ ਸਨ। ਯਹੂਦੀ ਹਰ ਦੇਸ਼ ਵਿਚ ਵੱਸਦੇ ਸਨ, ਰੂਸ, ਪੋਲੈਂਡ, ਜਰਮਨੀ, ਯੂਕਰੇਨ ਵਿਚ ਸਭ ਤੋਂ ਜ਼ਿਆਦਾ, ਅਮਰੀਕਾ ਵਿਚ ਉਨ੍ਹਾਂ ਦੀ ਵੱਸੋਂ ਵਧ ਰਹੀ ਸੀ ਤੇ ਮਹਾਤਮਾ ਗਾਂਧੀ ਦਾ ਖ਼ਿਆਲ ਸੀ ਕਿ ਉਹ ਇਨ੍ਹਾਂ ਦੇਸ਼ਾਂ ਵਿਚ ਵੱਸਦੇ ਰਹਿਣ, ਫਲਸਤੀਨੀ ਅਰਬਾਂ ਨੂੰ ਉਜਾੜ ਕੇ ਇਜ਼ਰਾਈਲ ਨਾ ਬਣਾਇਆ ਜਾਵੇ।
1946 ਵਿਚ ਜਦੋਂ ਅਮਰੀਕਾ ਤੇ ਇੰਗਲੈਂਡ ਇਜ਼ਰਾਈਲ ਬਣਾਉਣ ’ਤੇ ਤੁਲੇ ਹੋਏ ਸਨ, ਉਸ ਸਮੇਂ ਮਹਾਤਮਾ ਗਾਂਧੀ ਨੇ ਲਿਖਿਆ, ‘‘ਮੇਰੇ ਖ਼ਿਆਲ ਵਿਚ ਪਹਿਲਾਂ ਅਮਰੀਕਾ ਤੇ ਇੰਗਲੈਂਡ ਦੀ ਮਦਦ ਨਾਲ ਤੇ ਹੁਣ (ਭਾਵ ਲੇਖ ਲਿਖੇ ਜਾਣ ਦੇ ਸਮੇਂ ਜੁਲਾਈ 1946 ਵਿਚ) ਨੰਗੇ ਚਿੱਟੇ ਆਤੰਕਵਾਦ ਨਾਲ ਆਪਣੇ ਆਪ ਨੂੰ ਫਲਸਤੀਨ ’ਤੇ ਠੋਸ ਕੇ ਉਨ੍ਹਾਂ (ਯਹੂਦੀਆਂ) ਨੇ ਭਿਆਨਕ ਗ਼ਲਤੀ ਕੀਤੀ ਹੈ।... ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਉਨ੍ਹਾਂ ਦੇ ਦੁਖਾਂਤਕ ਹਾਲਾਤ ਕਾਰਨ ਮੇਰੀ ਹਮਦਰਦੀ ਉਨ੍ਹਾਂ ਨਾਲ ਹੈ। ਬੰਦਾ ਸੋਚਦੈ ਕਿ ਬੁਰੇ ਦਿਨਾਂ ਨੇ ਉਨ੍ਹਾਂ ਨੂੰ ਅਮਨ ਦਾ ਪਾਠ ਪੜ੍ਹਾਇਆ ਹੋਣੈ। ਪਰ ਉਹ ਅਮਰੀਕੀ ਸਰਮਾਏ ਅਤੇ ਅੰਗਰੇਜ਼ਾਂ ਦੇ ਦਿੱਤੇ ਹਥਿਆਰਾਂ ਨਾਲ ਇਕ ਅਜਿਹੀ ਥਾਂ ’ਤੇ ਕਬਜ਼ਾ ਕਿਉਂ ਕਰ ਰਹੇ ਨੇ ਜਿਹੜੀ ਉਨ੍ਹਾਂ ਨੂੰ ਜੀ ਆਇਆਂ ਨੂੰ ਨਹੀਂ ਕਹਿੰਦੀ।’’
ਇਹ ਸੀ ਫਲਸਤੀਨੀਆਂ ਦੇ ਹੱਕ ਵਿਚ ਮਹਾਤਮਾ ਗਾਂਧੀ ਦੀ ਉੱਚੀ ਨੈਤਿਕ ਆਵਾਜ਼, ਫਲਸਤੀਨ ਵਿਚ ਇਜ਼ਰਾਈਲ ਬਣਾਉਣ ਦੇ ਵਿਰੁੱਧ, ਉਸ ਸਮੇਂ ਜਦੋਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ, ਅਮਰੀਕਾ ਦਾ ਰਾਸ਼ਟਰਪਤੀ ਹੈਰੀ ਟਰੂਮੈਨ ਤੇ ਸੋਵੀਅਤ ਯੂਨੀਅਨ ਦਾ ਮੁੱਖੀ ਜੋਸਫ ਸਟਾਲਨਿ ਸਾਰੇ ਇਸ ਗੱਲ ਉੱਤੇ ਸਹਿਮਤ ਸਨ ਕਿ ਫਲਸਤੀਨ ਵਿਚ ਇਜ਼ਰਾਈਲ ਨਾਂ ਦਾ ਨਵਾਂ ਦੇਸ਼ ਬਣਾਇਆ ਜਾਵੇ ਤੇ ਇਨ੍ਹਾਂ ਤਾਕਤਾਂ ਦੀ ਹਮਾਇਤ ਨਾਲ ਸੰਯੁਕਤ ਰਾਸ਼ਟਰ ਦੇ 29 ਨਵੰਬਰ 1947 ਦੇ ਫ਼ੈਸਲੇ ਤਹਿਤ ਇਜ਼ਰਾਈਲ ਬਣਾਉਣ ਦੀ ਤਜਵੀਜ਼ ਮਨਜ਼ੂਰ ਕੀਤੀ ਗਈ। ਅਰਬ ਦੇਸ਼ਾਂ ਨੇ ਮੁਖਾਲਫ਼ਤ ਕੀਤੀ। ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਭਾਰਤ ਨੇ ਵੀ ਵਿਰੋਧ ਕੀਤਾ।
1948 ਵਿਚ ਅਰਬ ਦੇਸ਼ਾਂ ਤੇ ਇਜ਼ਰਾਈਲ ਵਿਚਕਾਰ ਜੰਗ ਹੋਈ ਜਿਸ ਵਿਚ ਇਜ਼ਰਾਈਲ ਦੀ ਜਿੱਤ ਹੋਈ, ਫਲਸਤੀਨ ਦੇ ਵੱਡੇ ਹਿੱਸੇ ’ਤੇ ਉਸ ਦਾ ਕਬਜ਼ਾ ਹੋ ਗਿਆ, ਗਾਜ਼ਾ ’ਤੇ ਮਿਸਰ ਤੇ ਪੱਛਮੀ ਬੈਂਕ (ਜਾਰਡਨ ਦਰਿਆ ਦੇ ਪੱਛਮੀ ਕੰਢੇ ਵਾਲਾ ਫਲਸਤੀਨ ਦਾ ਹਿੱਸਾ) ’ਤੇ ਜਾਰਡਨ ਨੇ ਕਬਜ਼ਾ ਕਰ ਲਿਆ। ਇਜ਼ਰਾਈਲ ਨੇ ਲਗਭਗ 7 ਲੱਖ ਫਲਸਤੀਨੀਆਂ ਨੂੰ ਬੇਘਰ ਕਰ ਕੇ ਗਾਜ਼ਾ ਤੇ ਪੱਛਮੀ ਬੈਂਕ ਦੇ ਇਲਾਕਿਆਂ ਵਿਚ ਧੱਕ ਦਿੱਤਾ ਤੇ 1948 ਵਿਚ ਸ਼ੁਰੂ ਹੋਇਆ ਇਹ ਉਜਾੜਾ ਕਦੇ ਵੀ ਖ਼ਤਮ ਨਹੀਂ ਹੋਇਆ। 1967 ਦੀ ਜੰਗ ਵਿਚ ਇਜ਼ਰਾਈਲ ਨੇ ਗਾਜ਼ਾ ਤੇ ਵੈਸਟ ਬੈਂਕ ’ਤੇ ਫਿਰ ਕਬਜ਼ਾ ਕਰ ਲਿਆ, ਲੱਖਾਂ ਫਲਸਤੀਨੀ ਫਿਰ ਲਬਿਨਾਨ, ਜਾਰਡਨ, ਮਿਸਰ, ਹੋਰ ਅਰਬ ਤੇ ਯੂਰੋਪ ਦੇ ਦੇਸ਼ਾਂ ਵਿਚ ਸ਼ਰਨਾਰਥੀ ਬਣ ਗਏ; ਉਨ੍ਹਾਂ ਨੂੰ ਆਪਣੇ ਦੇਸ਼ (ਗਾਜ਼ਾ ਤੇ ਪੱਛਮੀ ਬੈਂਕ) ਵਿਚ ਬੇਵਤਨੇ ਬਣ ਕੇ ਅਣਮਨੁੱਖੀ ਹਾਲਾਤ ਵਿਚ ਰਹਿਣਾ ਪਿਆ। ਇਨ੍ਹਾਂ ਹਾਲਾਤ ਵਿਚ ਹੀ ਦਹਿਸ਼ਤਗਰਦ ਜਥੇਬੰਦੀ ਹਮਾਸ ਜਨਮੀ; ਸਿਆਸੀ ਮਾਹਿਰਾਂ ਅਨੁਸਾਰ ਸ਼ੁਰੂਆਤੀ ਦਿਨਾਂ ਵਿਚ ਇਜ਼ਰਾਈਲ ਤੇ ਅਮਰੀਕਾ ਨੇ ਇਸ ਜਥੇਬੰਦੀ ਨੂੰ ਫਲਸਤੀਨੀਆਂ ਦੀ ਜਮਹੂਰੀ ਜਥੇਬੰਦੀ ਪੀਪਲਜ਼ ਲਬਿਰੇਸ਼ਨ ਆਰਗੇਨਾਈਜੇਸ਼ਨ (ਪੀਐਲਓ), ਜਿਸ ਦਾ ਆਗੂ ਯਾਸਰ ਅਰਾਫ਼ਾਤ ਸੀ, ਦੇ ਵਿਰੁੱਧ ਵਰਤਿਆ।
-2-
ਮਹਾਤਮਾ ਗਾਂਧੀ ਦੀ ਬੁਲੰਦ ਨੈਤਿਕ ਆਵਾਜ਼ ਦੇ ਨਾਲ ਦੁਨੀਆ ਵਿਚ ਹੋਰ ਵੀ ਅਜਿਹੀਆਂ ਆਵਾਜ਼ਾਂ ਸਨ ਪਰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਸਾਹਮਣੇ ਕਿਸ ਦਾ ਜ਼ੋਰ ਚੱਲ ਸਕਦਾ ਸੀ। ਇਤਿਹਾਸ ਦਾ ਦੁਖਾਂਤਕ ਵਿਰੋਧਾਭਾਸ ਹੈ ਕਿ ਸਟਾਲਨਿ ਨੇ ਆਪਣੀ 1913 ਦੀ ਲਿਖਤ ‘ਕੌਮੀ ਸਵਾਲ ’ਤੇ (On the Nationalist Question)’ ਦੇ ਪਹਿਲੇ ਫੁੱਟਨੋਟ ਵਿਚ ਯਹੂਦੀਵਾਦ (Zionism) ਦਾ ਵਿਰੋਧ ਕੀਤਾ ਸੀ ਪਰ 1947-48 ਵਿਚ ਜ਼ਾਇਨਇਸਟਾਂ ਦੀ ਇਜ਼ਰਾਈਲ ਬਣਾਉਣ ਦੀ ਮੁਹਿੰਮ ਦੀ ਹਮਾਇਤ ਕੀਤੀ। ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ ਰਾਹੀਂ ਉਨ੍ਹਾਂ ਨੂੰ ਹਥਿਆਰ ਵੀ ਪਹੁੰਚਾਏ। ਅਮਰੀਕਾ, ਸੋਵੀਅਤ ਯੂਨੀਅਨ ਤੇ ਇੰਗਲੈਂਡ ਇਜ਼ਰਾਈਲ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ’ਚੋਂ ਮੋਹਰੀ ਸਨ।
ਫਲਸਤੀਨੀਆਂ ਨਾਲ ਵਾਪਰੇ ਦੁਖਾਂਤ ਲਈ ਬਹੁਤ ਸਾਰੇ ਦੇਸ਼ ਜ਼ਿੰਮੇਵਾਰ ਹਨ; ਅਰਬ ਦੇਸ਼ ਵੀ ਕਿਉਂਕਿ ਉਨ੍ਹਾਂ ਨੇ ਕਦੇ ਵੀ ਗੰਭੀਰਤਾ ਨਾਲ ਫਲਸਤੀਨੀਆਂ ਦਾ ਸਾਥ ਨਹੀਂ ਦਿੱਤਾ; ਉਨ੍ਹਾਂ ਨੇ ਫਲਸਤੀਨ ਵਿਚ ਮੂਲਵਾਦ ਤੇ ਧਾਰਮਿਕ ਕੱਟੜਤਾ ਵਧਾਈ ਅਤੇ ਜਮਹੂਰੀ ਸਿਆਸਤ ਨੂੰ ਪਣਪਨ ਨਹੀਂ ਦਿੱਤਾ; ਅਜਿਹੀ ਸਿਆਸਤ ਕਿਤੇ ਕਿਤੇ ਥੋੜ੍ਹੇ ਸਮੇਂ ਲਈ ਤਾਂ ਸਫ਼ਲ ਹੋ ਸਕਦੀ ਪਰ ਲੰਮੇ ਸਮੇਂ ਲਈ ਨਹੀਂ। ਜਬਰ ਵਿਰੁੱਧ ਲੜਨ ਸਮੇਂ ਮਨੁੱਖੀ ਕਦਰਾਂ-ਕੀਮਤਾਂ ਵਾਲੀ ਨੈਤਿਕਤਾ ’ਤੇ ਆਧਾਰਿਤ ਅਜਿਹੀ ਜਮਹੂਰੀ ਸਿਆਸਤ ਦੀ ਲੋੜ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਸ ਵਿਚ ਜਬਰ ਵਿਰੁੱਧ ਲੜਾਈ ਦਾ ਮਤਲਬ ਕਿਸੇ ਧਰਮ, ਫ਼ਿਰਕੇ ਜਾਂ ਨਸਲ ਨਾਲ ਨਫ਼ਰਤ ਨਹੀਂ ਹੁੰਦਾ।
ਸੰਘਰਸ਼ ਮਨੁੱਖਤਾ ਅਤੇ ਜਮਹੂਰੀਅਤ ਦੇ ਆਧਾਰ ’ਤੇ ਹੀ ਕੀਤਾ ਜਾ ਸਕਦਾ ਹੈ, ਦਹਿਸ਼ਤਗਰਦੀ ਦੇ ਆਧਾਰ ’ਤੇ ਨਹੀਂ। ਸੰਘਰਸ਼ ਦੀ ਬਿਸਾਤ ਵਿਛਾਉਣ ਲਈ ਅਜਿਹੇ ਨੈਤਿਕ ਆਧਾਰ ਅਤੇ ਨੈਤਿਕ ਵਿਚਾਰਧਾਰਾ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਤੁਹਾਡੇ ਦੁਸ਼ਮਣ ਵੀ ਅਸਵੀਕਾਰ ਨਾ ਕਰ ਸਕਣ; ਅਜਿਹਾ ਕਾਰਜ ਜੋ ਮਹਾਤਮਾ ਗਾਂਧੀ ਨੇ ਕੀਤਾ, ਮਾਰਟਨਿ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਨੇ ਕੀਤਾ; 2020-21 ਵਿਚ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਵਿਚ ਉੱਭਰੇ ਕਿਸਾਨ ਅੰਦੋਲਨ ਨੇ ਕੀਤਾ।
ਦਮਨਕਾਰੀ ਧਿਰ ਲਈ ਦਹਿਸ਼ਤਗਰਦੀ ਵਰਦਾਨ ਹੁੰਦੀ ਹੈ। ਮਨੁੱਖੀ ਹੱਕਾਂ ਦਾ ਦਮਨ ਕਰਨ ਵਾਲੀ ਸੱਤਾਧਾਰੀ ਧਿਰ ਹਮੇਸ਼ਾਂ ਇਹ ਚਾਹੁੰਦੀ ਹੈ ਕਿ ਦਬਾਏ ਜਾ ਰਹੇ ਲੋਕ ਜ਼ਿਆਦਾ ਤੋਂ ਜ਼ਿਆਦਾ ਹਿੰਸਕ ਕਾਰਵਾਈਆਂ ਕਰਨ ਜਨਿ੍ਹਾਂ ਦਾ ਚਿਹਰਾ-ਮੋਹਰਾ ਅਣਮਨੁੱਖੀ ਹੋਵੇ; ਦਹਿਸ਼ਤਗਰਦ ਕਾਰਵਾਈਆਂ ਨਾਲ ਦਮਨਕਾਰੀ ਸੱਤਾਧਾਰੀ ਧਿਰ ਹੋਰ ਮਜ਼ਬੂਤ ਹੁੰਦੀ ਹੈ ਕਿਉਂਕਿ ਇਸ ਨਾਲ ਉਸ (ਸੱਤਾਧਾਰੀ) ਦੁਆਰਾ ਕੀਤੀ ਗਈ ਹਿੰਸਾ ਨੂੰ ਨਿਆਂਸੰਗਤ ਠਹਿਰਾਇਆ ਜਾ ਸਕਦਾ ਹੈ; ਹਿੰਸਾ/ਦਹਿਸ਼ਤਗਰਦੀ ਨੂੰ ਸੱਤਾਧਾਰੀ ਧਿਰ ਦੀ ਹਿੰਸਾ ਨਾਲ ਦਬਾਉਣਾ ਆਸਾਨ ਹੁੰਦਾ ਹੈ। ਦਮਨ ਸਹਿ ਰਹੀ ਧਿਰ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਮਨੁੱਖਤਾ ’ਤੇ ਆਧਾਰਿਤ ਸੰਘਰਸ਼ ਦੀ ਨੈਤਿਕ ਜ਼ਮੀਨ ਤਿਆਰ ਕਰੇ।
ਫਲਸਤੀਨੀ ਲੋਕਾਂ ਦਾ ਦੁਖਾਂਤ ਹੈ ਕਿ ਯਾਸਰ ਅਰਾਫ਼ਾਤ ਦੀ ਮੌਤ ਤੋਂ ਬਾਅਦ ਉਨ੍ਹਾਂ ਵਿਚ ਨਾ ਤਾਂ ਕੋਈ ਅਜਿਹਾ ਆਗੂ ਪੈਦਾ ਹੋਇਆ ਅਤੇ ਨਾ ਹੀ ਜਥੇਬੰਦੀ ਜੋ ਉਨ੍ਹਾਂ ਦੇ ਸੰਘਰਸ਼ ਨੂੰ ਨੈਤਿਕ ਜ਼ਮੀਨ ਮੁਹੱਈਆ ਕਰਵਾ ਸਕਦੀ। ਉਨ੍ਹਾਂ ਦੇ ਹੱਕੀ ਸੰਘਰਸ਼ ਨੂੰ ਹਮਾਸ ਦੇ ਦਹਿਸ਼ਤਗਰਦਾਂ ਨੇ ਉਧਾਲ ਲਿਆ। ਦਲੀਲ ਦਿੱਤੀ ਜਾਂਦੀ ਹੈ ਕਿ ਇਜ਼ਰਾਈਲ ਦੇ ਲਗਾਤਾਰ ਜ਼ੁਲਮ ਕਾਰਨ ਫਲਸਤੀਨੀਆਂ ਤੇ ਹਮਾਸ ਦੇ ਕਾਰਕੁਨਾਂ ਕੋਲ ਦਹਿਸ਼ਤਗਰਦੀ ਅਪਣਾਉਣ ਤੋਂ ਬਿਨਾ ਕੋਈ ਵਸੀਲਾ ਨਹੀਂ ਸੀ; ਇਹ ਦਲੀਲ ਗ਼ਲਤ ਹੈ। ਸੰਘਰਸ਼ ਸ਼ਾਂਤਮਈ ਹੋਵੇ ਜਾਂ ਹਥਿਆਰਬੰਦ, ਉਸ ਲਈ ਨੈਤਿਕ ਜ਼ਮੀਨ ’ਤੇ ਆਧਾਰਿਤ ਸਿਆਸਤ ਤਿਆਰ ਕਰਨੀ ਜ਼ਰੂਰੀ ਹੁੰਦੀ ਹੈ। ਜਦੋਂ ਅਮਰੀਕਾ ਵਿਚ ਅਬਰਾਹਮ ਲਿੰਕਨ ਦੀ ਅਗਵਾਈ ਵਿਚ ਗ਼ੁਲਾਮੀ ਨੂੰ ਸਹੀ ਠਹਿਰਾਉਣ ਵਾਲੀਆਂ ਧਿਰਾਂ/ਸਟੇਟਾਂ (ਸੂਬਿਆਂ) ਵਿਰੁੱਧ ਯੁੱਧ ਹੋਣ ਤੋਂ ਪਹਿਲਾਂ ਗ਼ੁਲਾਮੀ ਪ੍ਰਥਾ ਦੇ ਅਣਮਨੁੱਖੀ ਹੋਣ ਦੀ ਸਿਆਸਤ ਦੀ ਸਿਰਜਣਾ ਹੋ ਚੁੱਕੀ ਸੀ; ਰੂਸੀ ਇਨਕਲਾਬ ਤੋਂ ਪਹਿਲਾਂ ਰੂਸੀ ਅਵਾਮ ਦੇ ਮਨਾਂ ਵਿਚ ਉੱਸਰੇ ਜ਼ਾਰਸ਼ਾਹੀ ਦੇ ਮਹਿਲ ਢਹਿ ਚੁੱਕੇ ਸਨ। ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਮਨੁੱਖਤਾ ’ਤੇ ਆਧਾਰਿਤ ਸਿਆਸਤ ਦੀ ਮੰਗ ਕਰਦੇ ਹਨ।
ਦਹਿਸ਼ਤਗਰਦੀ ਅਤੇ ਇਨਕਲਾਬੀ ਵਿਚਾਰਧਾਰਾ ਇਕ ਦੂਸਰੇ ਦੇ ਉਲਟ ਹਨ। ਭਗਤ ਸਿੰਘ ਨੇ ਆਪਣੇ ਨਿੱਜੀ ਅਨੁਭਵ ਬਾਰੇ ਇਉਂ ਲਿਖਿਆ ਹੈ, ‘‘ਆਤੰਕਵਾਦ (ਦਹਿਸ਼ਤਗਰਦੀ) ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿਚ ਗਹਿਰੇ ਨਾ ਜਾਣ ਬਾਰੇ ਪਛਤਾਵਾ ਹੈ। ਇਸ ਤਰ੍ਹਾਂ ਇਹ ਸਾਡੀ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ। ਸ਼ੁਰੂ ਸ਼ੁਰੂ ਵਿਚ ਇਸ ਦਾ ਕੁਝ ਲਾਭ ਸੀ। ਇਸ ਨੇ ਰਾਜਨੀਤੀ ਵਿਚ ਆਈ ਖੜੋਤ ਬਾਹਰ ਕੱਢ ਦਿੱਤੀ, ਨੌਜਵਾਨ ਬੁੱਧੀਜੀਵੀਆਂ ਦੀ ਸੋਚ ਨੂੰ ਚਮਕਾਇਆ, ਸਵੈ-ਤਿਆਗ ਦੀ ਭਾਵਨਾ ਨੂੰ ਜਵਲੰਤ ਕੀਤਾ ਅਤੇ ਦੁਨੀਆ ਅਤੇ ਆਪਣੇ ਦੁਸ਼ਮਣਾਂ ਸਾਹਮਣੇ ਆਪਣੀ ਲਹਿਰ ਦੀ ਸੱਚਾਈ ਅਤੇ ਤਾਕਤ ਨੂੰ ਪ੍ਰਗਟਾਉਣ ਦਾ ਮੌਕਾ ਮਿਲਿਆ। ਪਰ ਇਹ ਆਪਣੇ ਆਪ ਵਿਚ ਕਾਫ਼ੀ ਨਹੀਂ ਹੈ। ਹਰ ਦੇਸ਼ ਵਿਚ, ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ, ਫਰਾਂਸ, ਰੂਸ, ਜਰਮਨ ਅੰਦਰ ਬਾਲਕਨ ਦੇਸ਼ਾਂ, ਸਪੇਨ ਤੇ ਹਰ ਥਾਂ ਇਹੀ ਕਹਾਣੀ ਹੈ। ਹਾਰ ਦਾ ਬੀਜ ਇਸ ਦੇ ਅੰਦਰ ਹੀ ਉਂਗਰਿਆ ਹੋਇਆ ਹੁੰਦਾ ਹੈ।’’
ਫਲਸਤੀਨੀ ਅਵਾਮ ਦੇ ਸਾਹਮਣੇ ਅਨੰਤ ਚੁਣੌਤੀਆਂ ਹਨ। ਪਲ ਪਲ ਆਪਣਿਆਂ ਦੇ ਮਾਰੇ ਜਾਣ ਦਾ ਦੁੱਖ ਹੈ, ਬੰਬ ਮੌਤ ਵਰ੍ਹਾ ਰਹੇ ਹਨ ਅਤੇ ਉਹ ਆਪਣੀ ਹੀ ਧਰਤੀ ’ਤੇ ਬੇਵਤਨੇ ਹਨ; ਜਦੋਂ ਬੰਬ ਨਹੀਂ ਵਰ੍ਹਦੇ ਉਦੋਂ ਵੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ; ਉਨ੍ਹਾਂ ਨੂੰ ਲਗਾਤਾਰ ਬੇਇੱਜ਼ਤ ਕੀਤਾ ਜਾਂਦਾ, ਜੇਲ੍ਹਾਂ ਵਿਚ ਸੁੱਟਿਆ, ਕੋਹਿਆ ਤੇ ਬਰਬਾਦ ਕੀਤਾ ਜਾਂਦਾ ਹੈ। ਇਸ ਦਾ ਸਾਹਮਣਾ ਕਰਨ ਲਈ ਜਮਹੂਰੀ ਲਹਿਰ ਉਸਾਰਨਾ ਅਤੇ ਜਥੇਬੰਦ ਹੋ ਕੇ ਦਮਨ ਵਿਰੁੱਧ ਸੰਘਰਸ਼ ਕਰਨਾ ਅਜਿਹਾ ਕਾਰਜ ਹੈ ਜਿਸ ਤੋਂ ਨਾ ਫਲਸਤੀਨੀ ਮੂੰਹ ਮੋੜ ਸਕਦੇ ਹਨ ਅਤੇ ਨਾ ਹੀ ਦੁਨੀਆ ਦੇ ਹੋਰ ਦੇਸ਼ਾਂ ਦੀਆਂ ਜਮਹੂਰੀ ਤਾਕਤਾਂ।
ਦੱਖਣੀ ਅਫਰੀਕਾ ਵਿਚ ਨਸਲੀ ਹਕੂਮਤ ਵਿਰੁੱਧ ਲੜੇ ਗਏ ਸੰਘਰਸ਼ ਵਾਂਗ ਫਲਸਤੀਨ ਦਾ ਸੰਘਰਸ਼ ਲੰਮਾ ਤੇ ਕੁਰਬਾਨੀਆਂ ਭਰਿਆ ਹੋਣਾ ਹੈ; ਦੱਖਣੀ ਅਫਰੀਕਾ ਦੇ ਸੰਘਰਸ਼ ਵਾਂਗ ਇਸ ਵਿਚ ਵੀ ਸ਼ਾਂਤਮਈ ਤੇ ਹਥਿਆਰਬੰਦ ਸੰਘਰਸ਼ਾਂ ਦਾ ਮੇਲ ਹੋਣਾ ਹੈ; ਅਜਿਹੇ ਸੰਘਰਸ਼ ਵਿਚ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਲੋਕ ਹਥਿਆਰਬੰਦ ਸੰਘਰਸ਼ ਦਾ ਰਾਹ ਉਦੋਂ ਅਪਣਾਉਂਦੇ ਹਨ ਜਦੋਂ ਦਮਨਕਾਰੀ ਹਕੂਮਤਾਂ ਉਨ੍ਹਾਂ ਸਾਹਮਣੇ ਹੋਰ ਕੋਈ ਰਾਹ-ਰਸਤਾ ਨਹੀਂ ਛੱਡਦੀਆਂ ਪਰ ਹਥਿਆਰਬੰਦ ਸੰਘਰਸ਼ ਦੀ ਜ਼ਮੀਨ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਹੁੰਦੀ ਹੈ। ਇਸ ਦੀਆਂ ਉਦਾਹਰਨਾਂ ਲਈ ਅਸੀਂ ਦੋ ਮਸ਼ਹੂਰ ਭਾਸ਼ਨਾਂ ਨੂੰ ਦੇਖ ਸਕਦੇ ਹਾਂ: 1953 ਵਿਚ ਫੀਦਲ ਕਾਸਤਰੋ ਦਾ ਭਾਸ਼ਨ ‘ਇਤਿਹਾਸ ਮੈਨੂੰ ਦੋਸ਼-ਮੁਕਤ ਕਰੇਗਾ’ ਅਤੇ 1964 ਵਿਚ ਨੈਲਸਨ ਮੰਡੇਲਾ ਦਾ ਭਾਸ਼ਨ ‘ਮੈਂ ਮਰਨ ਲਈ ਤਿਆਰ ਹਾਂ’। ਮੰਡੇਲਾ ਨੇ ਹਥਿਆਰਬੰਦ ਸੰਘਰਸ਼ ਅਤੇ ਸ਼ਾਂਤਮਈ ਤਰੀਕਿਆਂ ਦੇ ਸੁਮੇਲ ਦਿੰਦਿਆਂ ਆਪਣੇ ਸੰਘਰਸ਼ ਦੀ ਨੈਤਿਕ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਸੀ, ‘‘ਮੈਂ ਗੋਰਿਆਂ ਦੇ ਗ਼ਲਬੇ ਵਿਰੁੱਧ ਵੀ ਲੜਿਆਂ ਹਾਂ ਅਤੇ ਕਾਲਿਆਂ ਦੇ ਗ਼ਲਬੇ ਵਿਰੁੱਧ ਵੀ। ਮੇਰੇ ਮਨ ਵਿਚ ਇਕ ਆਜ਼ਾਦ ਤੇ ਜਮਹੂਰੀ ਸਮਾਜ ਦੇ ਆਦਰਸ਼ ਦੀ ਚਾਹਤ ਪਲਦੀ ਰਹੀ ਹੈ। ਮੈਂ ਇਸ ਆਦਰਸ਼ ਲਈ ਜਿਊਣਾ ਅਤੇ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਪਰ ਜੇ ਲੋੜ ਪਈ ਤਾਂ ਮੈਂ ਇਸ ਆਦਰਸ਼ ਲਈ ਆਪਣੀ ਜਾਨ ਦੇਣ ਲਈ ਤਿਆਰ ਹਾਂ।’’
ਅਕਹਿ ਜ਼ੁਲਮ ਦੇ ਦਿਨਾਂ ਵਿਚ ਦਮਨ ਸਹਿ ਰਹੇ ਲੋਕਾਂ ਦੇ ਮਨਾਂ ਵਿਚ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਸੰਘਰਸ਼ ਦਾ ਤਸੱਵਰ ਤੇ ਤਾਂਘ ਪੈਦਾ ਕਰਨੀ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਦਮਨ ਸਹਿ ਰਹੇ ਲੋਕਾਂ ਨੂੰ ਅਜਿਹੇ ਸੰਘਰਸ਼ ਦਾ ਖਾਕਾ ਵੀ ਉਲੀਕਣਾ ਪੈਂਦਾ ਹੈ ਅਤੇ ਉਸ ਨੂੰ ਅਮਲ ਵਿਚ ਵੀ ਲਿਆਉਣਾ ਪੈਂਦਾ ਹੈ। ਫਲਸਤੀਨੀਆਂ ਨੂੰ ਵੀ ਇਹ ਕਰਨਾ ਪੈਣਾ ਹੈ; ਇਹ ਉਨ੍ਹਾਂ ਦੀ ਹੋਣੀ ਹੈ। ਦੁਨੀਆ ਦੀਆਂ ਜਮਹੂਰੀ ਤਾਕਤਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਪੈਣਾ ਹੈ; ਇਸ ਤੋਂ ਸਿਵਾ ਹੋਰ ਕੋਈ ਰਾਹ ਨਹੀਂ।

Advertisement
Advertisement