ਸਫ਼ਾਰਤੀ ਯਤਨਾਂ ਦੀ ਲੋੜ
ਭਾਰਤ ਵਾਸਤੇ ਇਹ ਸਹੀ ਖ਼ਬਰ ਨਹੀਂ ਕਿ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਕਤਰ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਹ ਅਧਿਕਾਰੀ ਕਤਰ ਦੀ ਰਾਜਧਾਨੀ ਦੋਹਾ ਸਥਿਤ ਅਲ ਦਾਹਰਾ ਕੰਪਨੀ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪਿਛਲੇ ਸਾਲ ਅਗਸਤ ਵਿਚ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ, ‘‘ਇਸ ਫ਼ੈਸਲੇ ਨਾਲ ਸਾਨੂੰ ਕਾਫ਼ੀ ਧੱਕਾ ਲੱਗਾ ਹੈ ਅਤੇ ਅਸੀਂ ਫ਼ੈਸਲੇ ਦੇ ਵੇਰਵੇ ਆਉਣ ਦੀ ਉਡੀਕ ਕਰ ਰਹੇ ਹਾਂ।’’ ਵਿਦੇਸ਼ ਮੰਤਰਾਲੇ ਦੀ ਅਜਿਹੀ ਟਿੱਪਣੀ ਕਈ ਸਵਾਲ ਉਠਾਉਂਦੀ ਹੈ ਕਿਉਂਕਿ ਇਹ ਸਾਬਕਾ ਅਧਿਕਾਰੀ ਪਿਛਲੇ 13-14 ਮਹੀਨਿਆਂ ਤੋਂ ਹਿਰਾਸਤ ਵਿਚ ਹਨ ਅਤੇ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਹੁਣ ਤਕ ਕੂਟਨੀਤਕ ਤੇ ਸਫ਼ਾਰਤੀ ਪੱਧਰ ’ਤੇ ਕੋਈ ਅਜਿਹੇ ਯਤਨ ਨਹੀਂ ਕੀਤੇ ਗਏ ਜਨਿ੍ਹਾਂ ਤਹਿਤ ਇਨ੍ਹਾਂ ਅਧਿਕਾਰੀਆਂ ਨੂੰ ਕਤਰ ਤੋਂ ਬਾਹਰ ਲਿਆਂਦਾ ਜਾ ਸਕਦਾ। ਇਸ ਕੇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿਉਂਕਿ ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤ ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਉੱਤੇ ਲਾਏ ਗਏ ਦੋਸ਼ਾਂ ਬਾਰੇ ਜਨਤਕ ਤੌਰ ’ਤੇ ਕੁਝ ਦੱਸਿਆ ਹੈ। ਅਲ ਦਾਹਰਾ ਕੰਪਨੀ ਕਤਰ ਸਰਕਾਰ ਨੂੰ ਪਣਡੁੱਬੀਆਂ ਖ਼ਰੀਦਣ ਬਾਰੇ ਸਲਾਹ ਦਿੰਦੀ ਰਹੀ ਹੈ।
ਇਸ ਸਮੇਂ ਇਜ਼ਰਾਈਲ ਤੇ ਹਮਾਸ ਵਿਚਕਾਰ ਭਿਅੰਕਰ ਯੁੱਧ ਛਿੜਿਆ ਹੋਇਆ ਹੈ। ਇਸ ਕਾਰਨ ਕਤਰ ਦਾ ਸਿਆਸੀ ਮਹੱਤਵ ਕਾਫ਼ੀ ਵਧ ਗਿਆ ਹੈ ਕਿਉਂਕਿ ਕਤਰ ਅਮਰੀਕਾ ਅਤੇ ਹਮਾਸ ਵਿਚਕਾਰ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਫ਼ਗਾਨਿਸਤਾਨ ਦੇ ਤਾਲਬਿਾਨ ਦਾ ਦਫ਼ਤਰ ਕਤਰ ਵਿਚ ਹੋਣ ਕਾਰਨ ਇਸ ਦੇਸ਼ ਨੇ ਅਮਰੀਕਾ ਤੇ ਤਾਲਬਿਾਨ ਵਿਚਕਾਰ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਕਤਰ ਅਮਰੀਕਾ ਦਾ ਵੱਡਾ ਸੈਨਿਕ ਅੱਡਾ ਵੀ ਹੈ ਅਤੇ ਕੂਟਨੀਤਕ ਮਾਹਿਰਾਂ ਅਨੁਸਾਰ ਅਮਰੀਕਾ ਕਤਰ ਨੂੰ ਦਹਿਸ਼ਤਗਰਦ ਜਥੇਬੰਦੀਆਂ ਨਾਲ ਗੁਪਤ ਗੱਲਬਾਤ ਕਰਨ ਲਈ ਇਸਤੇਮਾਲ ਕਰਦਾ ਹੈ। ਭਾਰਤ ਲਈ ਵੀ ਕਤਰ ਦਾ ਮਹੱਤਵ ਕੋਈ ਘੱਟ ਨਹੀਂ ਹੈ; ਕਤਰ ਵਿਚ ਅੱਠ ਲੱਖ ਭਾਰਤੀ ਰਹਿੰਦੇ ਹਨ; ਇਸ ਕਾਰਨ ਭਾਰਤ ਦਾ ਕੰਮ ਹੋਰ ਚੁਣੌਤੀਪੂਰਨ ਹੋ ਜਾਂਦਾ ਹੈ।
ਕੈਨੇਡਾ ਦੇ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਭਾਰਤ ਨੂੰ ਪੱਛਮੀ ਦੇਸ਼ਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਾਦ-ਵਿਵਾਦ ਭਾਰਤ ਦੇ ਕੌਮਾਂਤਰੀ ਅਕਸ ਲਈ ਨੁਕਸਾਨਦੇਹ ਹੋ ਸਕਦੇ ਹਨ। ਕਤਰ ਵਿਚਲਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਨਿਪੁੰਨ ਸਫ਼ਾਰਤੀ ਅਧਿਕਾਰੀਆਂ ਰਾਹੀਂ ਨਜਿੱਠਿਆ ਜਾਣਾ ਚਾਹੀਦਾ ਹੈ। ਇਸ ਕੇਸ ਵਿਚ ਸਭ ਤੋਂ ਪਹਿਲੀ ਤਰਜੀਹ ਇਹ ਹੋਣੀ ਚਾਹੀਦੀ ਹੈ ਕਿ ਸਾਬਕਾ ਸੈਨਿਕ ਅਧਿਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਮੁਕੱਦਮਾ ਦੁਬਾਰਾ ਚਲਾਉਣ ਦੀ ਮੰਗ ਕੀਤੀ ਜਾਵੇ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਜਾਵੇ ਕਿ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਰਬੀ ਖਿੱਤੇ ਦੇ ਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਜ਼ਿਆਦਾ ਚੇਤੰਨ ਰਹਿਣ ਦੀ ਜ਼ਰੂਰਤ ਹੈ। ਭਾਰਤ ਤੋਂ ਲੱਖਾਂ ਲੋਕ ਇਨ੍ਹਾਂ ਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਗਏ ਹਨ: ਬਹਿਰੀਨ ਵਿਚ 3.5 ਲੱਖ ਭਾਰਤੀ ਰਹਿੰਦੇ ਹਨ; ਇਸੇ ਤਰ੍ਹਾਂ ਕੁਵੈਤ ਵਿਚ 10.2 ਲੱਖ, ਓਮਾਨ ਵਿਚ 6.2 ਲੱਖ, ਸਾਊਦੀ ਅਰਬ ਵਿਚ 41 ਲੱਖ, ਸੰਯੁਕਤ ਅਰਬ ਅਮੀਰਾਤ ਵਿਚ 38 ਲੱਖ ਤੇ ਯਮਨ ਵਿਚ ਇਕ ਲੱਖ ਭਾਰਤੀ ਰਹਿੰਦੇ ਹਨ। ਫਲਸਤੀਨ ਸਮੱਸਿਆ ਕਾਰਨ ਇਨ੍ਹਾਂ ਦੇਸ਼ਾਂ ਵਿਚ ਇਜ਼ਰਾਈਲ ਪ੍ਰਤੀ ਰੋਹ ਤੇ ਗੁੱਸਾ ਸਿਖਰ ’ਤੇ ਹਨ। ਭਾਰਤ ਵਿਚ ਕੁਝ ਦੇਰ ਤੋਂ ਇਜ਼ਰਾਈਲ ਦੀ ਹਮਾਇਤ ਕਰਨ ਦਾ ਰੁਝਾਨ ਭਾਰੂ ਰਿਹਾ ਹੈ। ਅਜਿਹਾ ਰੁਝਾਨ ਫਲਸਤੀਨ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰਨ ਦੇ ਨਾਲ ਨਾਲ ਇਜ਼ਰਾਈਲ ਦੀ ਸੀਨਾਜ਼ੋਰੀ ਵਾਲੀਆਂ ਨੀਤੀਆਂ ਦੀ ਹਮਾਇਤ ਵੀ ਬਣ ਜਾਂਦਾ ਹੈ; ਇਹ ਰੁਝਾਨ ਪੱਛਮੀ ਏਸ਼ੀਆ ਦੇ ਦੇਸ਼ਾਂ ਵਿਚ ਵਸਦੇ ਭਾਰਤੀਆਂ ਦੇ ਹਿੱਤਾਂ ਦੇ ਵੀ ਵਿਰੁੱਧ ਹੈ। ਹਕੀਕਤ ਇਹ ਹੈ ਕਿ ਇਨ੍ਹਾਂ ਦੇਸ਼ਾਂ ਨੇ ਭਾਰਤ ਦੇ ਲੋਕਾਂ ਨੂੰ ਹਮੇਸ਼ਾ ਜੀ ਆਇਆਂ ਕਿਹਾ ਹੈ ਅਤੇ ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ। ਕਤਰ ਦੇ ਮਾਮਲੇ ਨੂੰ ਨਜਿੱਠਣ ਲਈ ਭਾਰਤ ਨੂੰ ਮਾਹਿਰ ਸਫ਼ੀਰਾਂ ਅਤੇ ਕਤਰ ਨਾਲ ਸਦਭਾਵਨਾ ਰੱਖਣ ਵਾਲੇ ਵਿਚੋਲਿਆਂ ਦੀ ਜ਼ਰੂਰਤ ਪਵੇਗੀ।