ਸਕਾਰਾਤਮਕ ਪਹੁੰਚ ਦੀ ਲੋੜ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿਚ ਇਹ ਆਖ ਕੇ ਸਫ਼ਾਰਤੀ ਹੰਗਾਮਾ ਪੈਦਾ ਕਰ ਦਿੱਤਾ ਸੀ ਕਿ ਕੈਨੇਡਾ ਸਰਕਾਰ ਖਾਲਿਸਤਾਨੀ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ‘ਦੋਸ਼ਾਂ ਦੀ ਸਰਗਰਮੀ ਨਾਲ ਜਾਂਚ’ ਕਰ ਰਹੀ ਹੈ। ਉਸ ਟਿੱਪਣੀ ਤੋਂ ਤੋਂ ਡੇਢ ਮਹੀਨਾ ਬਾਅਦ ਵੀ ਭਾਰਤ ਨੂੰ ਕੈਨੇਡਾ ਤੋਂ ਇਨ੍ਹਾਂ ਦੋਸ਼ਾਂ ਦੇ ਸਬੂਤ ਅਤੇ ਇਸ ਸਬੰਧੀ ਜਾਂਚ ਵਿਚ ਹੋਈ ਪੇਸ਼ਕਦਮੀ ਬਾਰੇ ਵੇਰਵੇ ਮਿਲਣ ਦੀ ਉਡੀਕ ਹੈ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਇਸ ਸਬੰਧੀ ਕਿਹਾ ਹੈ, ‘‘ਸਬੂਤ ਕਿੱਥੇ ਹਨ? ਤਫ਼ਤੀਸ਼ ਦੇ ਸਿੱਟੇ ਕਿੱਥੇ ਹਨ? ਮੈਂ ਇਕ ਕਦਮ ਹੋਰ ਅਗਾਂਹ ਜਾਂਦਿਆਂ ਇਹ ਵੀ ਕਹਾਂਗਾ ਕਿ ਜਾਂਚ ਪਹਿਲਾਂ ਹੀ ਦਾਗ਼ੀ ਹੋ ਚੁੱਕੀ ਹੈ।’’ ਵਰਮਾ ਅਨੁਸਾਰ ਹੱਤਿਆ ਪਿੱਛੇ ਭਾਰਤ ਜਾਂ ਭਾਰਤੀ ਏਜੰਟਾਂ ਦਾ ਹੱਥ ਹੋਣ ਦੀ ਗੱਲ ਕਹਿਣ ਦੀਆਂ ਹਦਾਇਤਾਂ ‘ਕਤਿੇ ਉਪਰੋਂ ਆਈਆਂ’ ਸਨ। ਜੁਲਾਈ ਮਹੀਨੇ ਦੌਰਾਨ ਕੈਨੇਡਾ ਵਿਚ ਵਰਮਾ ਦੇ ਨਾਂ ਅਤੇ ਤਸਵੀਰਾਂ ਵਾਲੇ ਭੜਕਾਊ ਪੋਸਟਰ ਸਾਹਮਣੇ ਆਏ ਸਨ ਜਿਨ੍ਹਾਂ ਵਿਚ ਨਿੱਝਰ ਕੇਸ ’ਚ ਉਸ ਦੀ ਕਥਤਿ ਭੂਮਿਕਾ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਸੀ।
ਕੈਨੇਡਾ ਵਿਚ ਭਾਰਤੀ ਸਫ਼ੀਰਾਂ ਦੀ ਸੁਰੱਖਿਆ ਸਬੰਧੀ ਫ਼ਿਕਰਮੰਦੀ ਦਾ ਇਜ਼ਹਾਰ ਕਰਦਿਆਂ ਵਰਮਾ ਨੇ ਕੈਨੇਡਾ ਨੂੰ ਅਪੀਲ ਕੀਤੀ ਕਿ ਉਹ ਖ਼ਾਲਿਸਤਾਨੀ ਹਮਾਇਤੀਆਂ ਨੂੰ ਨੱਥ ਪਾਉਣ ਦੇ ‘ਮੁੱਖ ਮੁੱਦੇ’ ਦੇ ਹੱਲ ਵੱਲ ਧਿਆਨ ਦੇਵੇ। ਇਸ ਰੇੜਕੇ ਦੌਰਾਨ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਉੱਤੇ ਲਾਈਆਂ ਵੀਜ਼ਾ ਰੋਕਾਂ ਵਿਚ ਢਿੱਲ ਦੇ ਕੇ ਤਣਾਅ ਨੂੰ ਘਟਾਉਣ ਦੇ ਇਰਾਦੇ ਦਾ ਇਜ਼ਹਾਰ ਕੀਤਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿੱਚਰਵਾਰ ਟਿੱਪਣੀ ਕੀਤੀ ਕਿ ਇਹ ਵਿਵਾਦ ਹੱਲ ਕਰਨ ਵਿਚ ਸਫ਼ਾਰਤਕਾਰੀ ਲਈ ਗੁੰਜਾਇਸ਼ ਮੌਜੂਦ ਹੈ। ਇਹ ਟਿੱਪਣੀ ਇਸ ਗੱਲ ਦੀ ਸੰਕੇਤ ਹੈ ਕਿ ਸਫ਼ਾਰਤੀ ਸਰਗਰਮੀ ਨਾਲ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ।
ਕੈਨੇਡਾ ਦੇ ਇਤਹਾਦੀਆਂ ਜਿਵੇਂ ਅਮਰੀਕਾ ਅਤੇ ਬਰਤਾਨੀਆ ਨੇ ਵਾਰ ਵਾਰ ਭਾਰਤ ਨੂੰ ਨਿੱਝਰ ਸਬੰਧੀ ਜਾਂਚ ਵਿਚ ਸਹਿਯੋਗ ਦੇਣ ਲਈ ਤਾਂ ਕਿਹਾ ਹੈ ਪਰ ਉਨ੍ਹਾਂ ਕੈਨੇਡਾ ਉੱਤੇ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਲਈ ਦਬਾਅ ਪਾਉਣ ਤੋਂ ਟਾਲਾ ਹੀ ਵੱਟਿਆ ਹੈ। ਇਹ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਕੈਨੇਡਾ ਦੀ ਹੈ ਕਿ ਉਹ ਭਾਰਤ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਵਿਚ ਸ਼ਾਮਲ ਕਰੇ ਤਾਂ ਕਿ ਇਸ ਸਬੰਧੀ ਬੇਸੁਆਦੇ ਕਿਆਸਾਂ ਤੋਂ ਬਚਿਆ ਜਾ ਸਕੇ। ਕੈਨੇਡਾ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤੀ ਸਫ਼ੀਰਾਂ ਦੀ ਸੁਰੱਖਿਆ ਸਬੰਧੀ ਕੋਈ ਸਮਝੌਤਾ ਨਾ ਹੋਵੇ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਅਤੇ ਹਜ਼ਾਰਾਂ ਵਿਦਿਆਰਥੀ ਹਰ ਸਾਲ ਕੈਨੇਡਾ ਵਿਚ ਪੜ੍ਹਨ ਜਾ ਰਹੇ ਹਨ। ਉਹ ਕੈਨੇਡਾ ਦੇ ਅਰਥਚਾਰੇ ਵਿਚ ਅਹਿਮ ਹਿੱਸਾ ਪਾਉਂਦੇ ਹਨ। ਦੋਵਾਂ ਸਰਕਾਰਾਂ ਨੂੰ ਇਸ ਮਸਲੇ ਨੂੰ ਸਕਾਰਾਤਮਕ ਢੰਗ ਨਾਲ ਨਜਿੱਠਣਾ ਚਾਹੀਦਾ ਹੈ।