ਪੀਏਯੂ ’ਚ ਧੂਮ-ਧੜੱਕੇ ਨਾਲ ਕੌਮੀ ਯੁਵਕ ਮੇਲੇ ਦਾ ਆਗਾਜ਼
ਸਤਵਿੰਦਰ ਬਸਰਾ
ਲੁਧਿਆਣਾ, 28 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਅੰਤਰ-ਯੂਨੀਵਰਸਿਟੀ ਕੌਮੀ ਯੁਵਕ ਮੇਲਾ ਸ਼ੁਰੂ ਹੋ ਗਿਆ ਹੈ। ਮੇਲੇ ਦੇ ਪਹਿਲੇ ਦਿਨ ਦੇਸ਼ ਭਰ ’ਚੋਂ 120 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਜਲੂਸ ਵਿੱਚ ਸ਼ਿਰਕਤ ਕਰਦਿਆਂ ਭਾਰਤ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।
ਥਾਪਰ ਹਾਲ ਤੋਂ ਓਪਨ ਏਅਰ ਥੀਏਟਰ ਤੱਕ ਕੱਢੇ ਗਏ ਜਲੂਸ ਵਿੱਚ ਸੱਭਿਆਚਾਰਕ ਵੰਨਗੀਆਂ ਪੇਸ਼ ਕਰਦੇ ਹੋਏ ਵਿਦਿਆਰਥੀ ਮੁੱਖ ਪੰਡਾਲ ਵਿੱਚ ਪਹੁੰਚੇ। ਯੁਵਕ ਮੇਲੇ ਦੇ ਆਰੰਭਕ ਸੈਸ਼ਨ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਭਾਰਤੀ ਯੂਨੀਵਰਸਿਟੀ ਸੰਘ ਦੇ ਜਨਰਲ ਸਕੱਤਰ ਪੰਕਜ ਮਿੱਤਲ, ਸੰਘ ਦੇ ਸੱਭਿਆਚਾਰਕ ਮਾਮਲਿਆਂ ਦੇ ਜੁਆਇੰਟ ਸਕੱਤਰ ਬਲਜੀਤ ਸਿੰਘ ਸੇਖੋਂ ਅਤੇ ਪੰਜਾਬੀ ਗਾਇਕ ਜਸਬੀਰ ਜੱਸੀ ਮੌਜੂਦ ਸਨ। ਸ੍ਰੀਮਤੀ ਮਿੱਤਲ ਨੇ ਕਿਹਾ ਕਿ ਨੌਜਵਾਨ ਕਲਾਕਾਰਾਂ ਨੂੰ ਆਪਣੇ ਪ੍ਰਗਟਾਵੇ ਲਈ ਪੀਏਯੂ ਵਰਗੀ ਇਤਿਹਾਸਕ ਸੰਸਥਾ ਦਾ ਮੰਚ ਮਿਲਣਾ ਬੜੀ ਫ਼ਖ਼ਰ ਵਾਲੀ ਗੱਲ ਹੈ। ਡਾ. ਗੋਸਲ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਯੁਵਾ ਕਲਾ ਕਰਮੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੇ ਯੁਵਕ ਮੇਲੇ ਦਾ ਸਿਰਲੇਖ ‘ਹੁਨਰ 2024’ ਰੱਖਿਆ ਗਿਆ ਹੈ ਤੇ ਇਸਦਾ ਮੰਤਵ ਕੌਮੀ ਪੱਧਰ ’ਤੇ ਕਲਾਤਮਕ ਰੁਚੀਆਂ ਵਾਲੇ ਕਲਾਕਾਰਾਂ ਨੂੰ ਸਾਂਝਾ ਮੰਚ ਮੁਹੱਈਆ ਕਰਵਾਉਣਾ ਹੈ। ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਇਹ ਯੁਵਕ ਮੇਲਾ ਇਕ ਸੁਪਨੇ ਦੇ ਸਾਕਾਰ ਹੋਣ ਦਾ ਪ੍ਰਮਾਣ ਹੈ। ਸਮਾਗਮ ’ਚ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਔਲਖ ਅਤੇ ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ ਇੰਦਰਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।