ਭਾਜਪਾ ਦੇ ਕੌਮੀ ਨੇਤਾ ਵੋਟਰਾਂ ਨੂੰ ਮਨਾਉਣ ਲੱਗੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੇ ਆਖਰੀ ਗੇੜ ਵਿੱਚ ਭਾਜਪਾ ਦੇ ਕੌਮੀ ਆਗੂਆਂ ਨੇ ਚੰਡੀਗੜ੍ਹ ਵਿੱਚ ਹੀ ਡੇਰੇ ਲਗਾ ਲਏ ਹਨ। ਜਿਨ੍ਹਾਂ ਵੱਲੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਚੰਡੀਗੜ੍ਹ ਦੇ ਵੋਟਰਾਂ ਨੂੰ 1 ਜੂਨ ਵਾਲੇ ਦਿਨ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਨੁਰਾਗ ਠਾਕੁਰ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਜ ਤਿਵਾੜੀ ਨੇ ਚੰਡੀਗੜ੍ਹ ਪਹੁੰਚ ਕੇ ਸੰਜੇ ਟੰਡਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਦੀਆਂ 10 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀ ਬਹਿਸ ਦੀ ਚੁਣੌਤੀ ਦਾ ਜੁਆਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮਨੀਸ਼ ਤਿਵਾੜੀ ਨੂੰ ਲੋਕ ਸਭਾ ’ਚ ਬਹਿਸ ਦੌਰਾਨ ਦੇਖਿਆ ਹੈ, ਉਹ ਸਿਰਫ ਬੇਬੁਨਿਆਦ ਬਹਿਸ ਕਰਦੇ ਹਨ। ਇਸ ਲਈ ਸੰਜੇ ਟੰਡਨ ਤਾਂ ਦੂਰ ਭਾਜਪਾ ਕਿਸੇ ਕੌਂਸਲਰ ਉਨ੍ਹਾਂ ਨਾਲ ਬਹਿਸ ਕਰਨ ਲਈ ਨਹੀਂ ਭੇਜੇਗੀ। ਗੋਇਲ ਨੇ ਮਨੀਸ਼ ਤਿਵਾੜੀ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਜਿਹੜਾ ਵਿਅਕਤੀ ਆਪਣੀ ਵੋਟ ਨਹੀਂ ਪਾਉਂਦਾ, ਉਹ ਲੋਕਤੰਤਰ ਦੀ ਮਜ਼ਬੂਤੀ ਲਈ ਕਿਵੇਂ ਕੰਮ ਕਰ ਸਕਦਾ ਹੈ। ਤਿਵਾੜੀ ਹਰ ਸਮੇਂ ਸੰਵਿਧਾਨ ਨੂੰ ਬਚਾਉਣ ਦਾ ਸੱਦਾ ਦਿੰਦੇ ਹਨ ਪਰ ਜਦੋਂ ਸੰਵਿਧਾਨ ਨੂੰ ਮਜ਼ਬੂਤ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਹ ਖੁਦ ਪਿੱਛੇ ਹਟ ਜਾਂਦੇ ਹਨ। ਪਿਛਲੀ ਵਾਰ ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਚੋਣ ਪ੍ਰਚਾਰ ਕਰਦੇ ਰਹੇ ਅਤੇ ਲੁਧਿਆਣਾ ਵਿੱਚ ਵੋਟ ਪਾਉਣ ਨਹੀਂ ਗਏ। ਇਸ ਵਾਰ ਇਹ ਦਿਲਚਸਪ ਹੋਵੇਗਾ ਕਿ ਤਿਵਾੜੀ ਲੁਧਿਆਣਾ ’ਚ ਵੋਟ ਪਾਉਣ ਜਾਂਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਤਿਵਾੜੀ ਦੀ ਵੋਟ ਲੁਧਿਆਣਾ ਵਿੱਚ ਹੈ, ਉੱਥੇ ਉਹ ‘ਆਪ’ ਅਤੇ ਕਾਂਗਰਸ ਵਿਚਾਲੇ ਕਿਸ ਨੂੰ ਵੋਟ ਪਾਉਣਗੇ। ਗੋਇਲ ਨੇ ‘ਆਪ’ ’ਤੇ ਹਮਲਾ ਕਰਦਿਆਂ ਕਿਹਾ ਕਿ ਦਿੱਲੀ ਦੀ ਅੱਧੀ ਸਰਕਾਰ ਜੇਲ ’ਚ ਹੈ, ਜਦ ਕਿ ਕਾਂਗਰਸ ਭ੍ਰਿਸ਼ਟਾਚਾਰ ’ਚ ਲਿਪਤ ਹੈ। ਸ਼ਰਾਬ ਘੁਟਾਲਾ ਅਤੇ ਸ਼ੀਸ਼ ਮਹਿਲ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਹਨ। ਉਸ ਦੇ ਬਾਵਜੂਦ ਦੋਵੇਂ ਪਾਰਟੀਆਂ ਲੋਕਾਂ ਨੂੰ ਝੂਠ ਦੇ ਸਹਾਰੇ ਗੁਮਰਾਹ ਕਰਨ ਲੱਗੀਆਂ ਹੋਈਆਂ ਹਨ।
ਦੇਸ਼ ਦੇ ਵਿਕਾਸ ਲਈ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ: ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਤੇ ਵਿਕਸਿਤ ਕਰਦਿਆਂ ਦੁਨੀਆਂ ਦੀ ਤੀਜੀ ਸਭਹ ਤੋਂ ਮਜ਼ਬੂਤ ਅਰਥ ਵਿਵਸਥਾ ਬਨਾਉਣ ਲਈ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਜਰੂਰਤ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੰਡੀਗੜ੍ਹ ਦੇ ਸੈਕਟਰ-40 ਵਿੱਚ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਹਿਮਾਇਤ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਦੇਸ਼ ਦੇ ਹਰ ਵਰਗ ਦੇ ਲੋਕਾਂ ਲਈ ਜੋ ਕੀਤਾ ਹੈ, ਉਹ ਕਾਂਗਰਸ 60 ਸਾਲਾਂ ਵਿੱਚ ਨਹੀਂ ਕਰ ਸਕੀ ਹੈ। ਭਾਜਪਾ ਨੇ ਯੂਕਰੇਨ ਤੇ ਅਫਗਾਨੀਸਤਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। 500 ਸਾਲਾਂ ਬਾਅਦ ਰਾਮ ਮੰਦਰ ਬਣਾਇਆ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰ ਦਿੱਤੀ ਹੈ। ਧਾਰਾ 370 ਕਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਦਾ ਮਾਹੋਲ ਬਣ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਰਹਿੰਦੇ ਹਿਮਾਚਲੀ ਲੋਕਾਂ ਨੂੰ 1 ਜੂਨ ਨੂੰ ਭਾਜਪਾ ਨੂੰ ਵੋਟ ਪਾ ਕੇ ਸੰਜੇ ਟੰਡਨ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਮਨੋਜ ਤਿਵਾੜੀ ਨੇ ਧਨਾਸ ਵਿਖੇ ਜਨ ਸਭਾ ਨੂੰ ਸੰਬੋਧਨ ਕੀਤਾ।
ਦੋ ਆਜ਼ਾਦ ਉਮੀਦਵਾਰਾਂ ਵੱਲੋਂ ਟੰਡਨ ਨੂੰ ਸਮਰਥਨ ਦੇਣ ਦਾ ਐਲਾਨ
ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਦੋ ਆਜ਼ਾਦ ਉਮੀਦਵਾਰਾਂ ਵਿਵੇਕ ਸ਼ਰਮਾ ਤੇ ਮਹੰਤ ਰਵੀਕਾਂਤ ਮੁਨੀ ਉਦਾਸੀ ਨੇ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਵਿਵੇਕ ਸ਼ਰਮਾ ਨੇ ਇਹ ਐਲਾਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਮਹੰਤ ਰਵੀਕਾਂਤ ਮੁਨੀ ਉਦਾਸੀ ਨੇ ਸੰਜੇ ਟੰਡਨ ਨਾਲ ਮੁਲਾਕਾਤ ਕਰਕੇ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸਾਬਕਾ ਮੇਅਰ ਰਵੀਕਾਂਤ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਕਿਹਾ ਕਿ ਵਿਵੇਕ ਸ਼ਰਮਾ ਅਤੇ ਮਹੰਤ ਰਵੀਕਾਂਤ ਮੁਨੀ ਉਦਾਸੀ ਦਾ ਚੰਡੀਗੜ੍ਹ ਵਾਸੀਆਂ ’ਤੇ ਡੂੰਘਾ ਪ੍ਰਭਾਵ ਹੈ। ਇਸ ਮੌਕੇ ਸੰਜੇ ਟੰਡਨ ਦੀ ਹਮਾਇਤ ਕਰਨ ਵਾਲੇ ਵਿਵੇਕ ਸ਼ਰਮਾ ਅਤੇ ਮਹੰਤ ਰਵੀਕਾਂਤ ਮੁਨੀ ਉਦਾਸੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉਸੇ ਤਰ੍ਹਾਂ ਚੰਡੀਗੜ੍ਹ ਵਿੱਚ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਪਿਛਲੇ 20 ਸਾਲਾਂ ਤੋਂ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਕਰੋਨਾ ਦੇ ਸਮੇਂ ਦੌਰਾਨ ਅਤੇ ਬਾਅਦ ਵਿਚ ਲੋਕ ਸਭਾ ਤੋਂ ਗੈਰ-ਹਾਜ਼ਰ ਰਹੇ ਅਤੇ ਲੋਕਾਂ ਨੂੰ ਰਾਮ ’ਤੇ ਭਰੋਸਾ ਕਰਨ ਲਈ ਛੱਡ ਦਿੱਤਾ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦੇ ਉਮੀਦਵਾਰ ਸੰਜੇ ਟੰਡਨ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।