For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ’ਚ ਨਾ ਪੁੱਜਿਆ ਭਾਜਪਾ ਦਾ ਕੌਮੀ ਆਗੂ

07:44 AM Apr 11, 2024 IST
ਕਿਸਾਨਾਂ ਦੇ ਵਿਰੋਧ ਕਾਰਨ ਸਮਾਗਮ ’ਚ ਨਾ ਪੁੱਜਿਆ ਭਾਜਪਾ ਦਾ ਕੌਮੀ ਆਗੂ
ਸੰਗਤ ਮੰਡੀ ’ਚ ਰੋਕਾਂ ਲਗਾ ਕੇ ਕਿਸਾਨਾਂ ਨੂੰ ਰੋਕਦੇ ਹੋਏ ਪੁਲੀਸ ਮੁਲਾਜ਼ਮ।
Advertisement

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 10 ਅਪਰੈਲ
ਭਾਜਪਾ ਵੱਲੋਂ ਸੰਗਤ ਮੰਡੀ ਵਿੱਚ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਬੂਥ ਸੰਮੇਲਨ ਕੀਤਾ ਗਿਆ। ਉੱਥੇ ਹੀ ਇਹ ਕਿਆਸੇ ਵੀ ਲਗਾਏ ਜਾ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਇਸ ਸੰਮੇਲਨ ’ਚ ਪਹੁੰਚਣ ਵਾਲੇ ਭਾਜਪਾ ਦੇ ਕੇਂਦਰੀ ਸੰਗਠਨ ਮੰਤਰੀ (ਸੰਗਠਨ ਸਕੱਤਰ) ਮੰਥਲੀ ਸ੍ਰੀਨਿਵਾਸਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਭਾਜਪਾ ਦੇ ਪ੍ਰੋਗਰਾਮ ਦੀ ਭਿਣਕ ਲੱਗਣ ’ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਸ਼ਰਮਾ, ਬੀਕੇਯੂ ਏਕਤਾ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਅਤੇ ਬੀਕੇਯੂ ਸਿੱਧੂਪੁਰ ਦੇ ਆਗੂ ਅਤੇ ਵਰਕਰ ਰੇਲਵੇ ਸਟੇਸ਼ਨ ਸੰਗਤ ਨੇੜੇ ਇਕੱਠੇ ਹੋਏ। ਐੱਸਪੀ ਸਿਟੀ ਨਰਿੰਦਰਪਾਲ ਸਿੰਘ ਦੀ ਅਗਵਾਈ ਪੁਲੀਸ ਬਲਾਂ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਸਖ਼ਤ ਰੋਕਾਂ ਲਗਾਈਆਂ ਗਈਆਂ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਜਦੋਂ ਭਾਜਪਾ ਦੇ ਬੂਥ ਸੰਮੇਲਨ ਵੱਲ ਮਾਰਚ ਕਰਨ ਲੱਗੇ ਤਾਂ ਡੀਐੱਸਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਿਸਾਨ ਪਹਿਲੀ ਰੋਕ ਤੋੜਣ ਉਪਰੰਤ ਮੁੱਖ ਬਾਜ਼ਾਰ ’ਚ ਪੁੱਜ ਗਏ, ਜਿਥੇ ਪੁਲੀਸ ਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਜਦੋਂ ਕਿਸਾਨ ਭਾਜਪਾ ਦੇ ਸਮਾਗਮ ਵੱਲ ਜਾਣ ਵਿੱਚ ਨਾਕਾਮ ਹੋਏ ਤਾਂ ਉਹ ਨੇੜੇ ਪੈਂਦੇ ਬਠਿੰਡਾ-ਬੀਕਾਨੇਰ ਰੇਲ ਮਾਰਗ ’ਤੇ ਧਰਨਾ ਲਗਾ ਕੇ ਬੈਠ ਗਏ।
ਉਧਰ, ਭਾਜਪਾ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਮਾਗਮ ਨੇਪਰੇ ਚਾੜ੍ਹਿਆ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਹੈ, ਜੋ ਕਿਸਾਨਾਂ ਦੇ ਖਾਤਿਆਂ ’ਚ ਹਰ ਵਰ੍ਹੇ ਨਗਦੀ ਰਕਮਾਂ ਪਾ ਕੇ ਪੰਜਾਬ ’ਚ ਪੈਦਾ ਹੋਣ ਵਾਲੀਆਂ ਫ਼ਸਲਾਂ ’ਤੇ ਐੱਮਐੱਸਪੀ ਵੀ ਦੇ ਰਹੀ ਹੈ।

Advertisement

ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਡੀਸੀ ਦਫ਼ਤਰਾਂ ਅੱਗੇ ਧਰਨੇ ਅੱਜ

ਮਾਨਸਾ (ਪੱਤਰ ਪ੍ਰੇਰਕ): ਪੰਜਾਬ ਵਿੱਚ ਬਣਾਏ ਸਾਇਲੋਜ਼ ਦੀ ਰੋਕਥਾਮ ਅਤੇ ਹੁਣ ਤੱਕ ਬਣੇ ਸਾਇਲੋਜ਼ ਨੂੰ ਸਰਕਾਰ ਵੱਲੋਂ ਆਪਣੇ ਹੱਥ ਵਿੱਚ ਲੈਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭਲਕੇ 11 ਅਪਰੈਲ ਨੂੰ ਪੰਜਾਬ ’ਚ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਾਇਲੋਜ਼ ਅੱਗੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ 26 ਮੰਡੀਆਂ ਬੰਦ ਕਰ ਕੇ ਪ੍ਰਾਈਵੇਟ ਸਾਇਲੋ ਨੂੰ ਯਾਰਡ ਐਲਾਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਉਹ ਫ਼ੈਸਲਾ ਵਾਪਸ ਲੈ ਲਿਆ ਸੀ ਪਰ ਮੰਡੀਆਂ ਬੰਦ ਕਰਨ ਦੀ ਨੀਤੀ ਕਿਸਾਨਾਂ ਨੂੰ ਫ਼ਿਕਰਾਂ ਵਿੱਚ ਪਾ ਰਹੀ ਹੈ, ਜਿਸ ਕਰ ਕੇ ਜਥੇਬੰਦੀ ਇਸ ਸੰਘਰਸ਼ ਨੂੰ ਕੰਮ ਦੀ ਰੁੱਤ ਦੇ ਬਾਵਜੂਦ ਅੱਗੇ ਵਧਾ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×